ਟਰੰਪ ਦੇ ਟੈਕਸਾਂ ਖ਼ਿਲਾਫ਼ ਚੀਨ ਵੱਲੋਂ ‘ਕੌਮਾਂਤਰੀ ਸਾਂਝਾ ਮੋਰਚਾ’ ਬਣਾਉਣ ਦੀ ਕੋਸ਼ਿਸ਼
ਤਾਈਪੈ (ਤਾਇਵਾਨ), 10 ਅਪਰੈਲ
ਅਮਰੀਕਾ ਵੱਲੋਂ ਟੈਕਸ ਵਧਾਏ ਜਾਣ ਤੋਂ ਔਖੇ ਹੋਏ ਚੀਨ ਨੇ ਹੋਰ ਮੁਲਕਾਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਪੇਈਚਿੰਗ, ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਜੰਗ ਦੇ ਨਿਸ਼ਾਨੇ ’ਤੇ ਆਏ ਚੀਨ ਨਾਲ ਗੱਠਜੋੜ ਕਰਨ ਦੇ ਇੱਛੁਕ ਨਹੀਂ ਹਨ। ਆਲਮੀ ਬਾਜ਼ਾਰ ’ਚ ਮੰਦੀ ਦੇ ਖ਼ਦਸ਼ੇ ਕਾਰਨ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ਿਆਦਾਤਰ ਮੁਲਕਾਂ ’ਤੇ ਲਾਏ ਗਏ ਟੈਕਸਾਂ ਨੂੰ 90 ਦਿਨਾਂ ਲਈ ਰੋਕ ਦਿੱਤਾ ਹੈ। ਉਂਝ ਚੀਨ ’ਤੇ ਟੈਕਸ ਵਧਾ ਕੇ 125 ਫ਼ੀਸਦ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਢੁੱਕਵਾਂ ਕਾਰਨ ਹੋਵੇ ਤਾਂ ਲੋਕ ਉਸ ਨੂੰ ਹਮਾਇਤ ਦਿੰਦੇ ਹਨ। ਅਮਰੀਕਾ ਲੋਕਾਂ ਦੀ ਹਮਾਇਤ ਨਹੀਂ ਲੈ ਸਕਿਆ ਹੈ ਅਤੇ ਅਖੀਰ ’ਚ ਨਾਕਾਮ ਹੋ ਜਾਵੇਗਾ।’’ ਇਸ ਘਟਨਾਕ੍ਰਮ ਦਰਮਿਆਨ ਚੀਨ ਨੇ ਯੂਰਪ ’ਤੇ ਵੀ ਧਿਆਨ ਕੇਂਦਰਤ ਕੀਤਾ ਹੈ। ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਯੂਰੋਪੀ ਕਮਿਸ਼ਨ ਦੀ ਮੁਖੀ ਉਰਸਲਾ ਵੋਨ ਡੇਰ ਲੇਯੇਨ ਵਿਚਾਲੇ ਫੋਨ ’ਤੇ ਗੱਲਬਾਤ ਹੋਈ ਜਿਸ ਰਾਹੀਂ ਦੁਨੀਆ ਨੂੰ ਇਕ ਹਾਂ-ਪੱਖੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਚੀਨ, ਯੂਰੋਪੀ ਕਮਿਸ਼ਨ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਚੀਨ ਦੇ ਵਣਜ ਮੰਤਰੀ ਵਾਂਗ ਵੇਨਤਾਓ ਅਤੇ ਯੂਰੋਪੀ ਕਮਿਸ਼ਨ ਦੇ ਵਪਾਰ ਤੇ ਆਰਥਿਕ ਸੁਰੱਖਿਆ ਮਾਮਲਿਆਂ ਦੇ ਕਮਿਸ਼ਨਰ ਸੇਫਕੋਵਿਕ ਵਿਚਕਾਰ ਅਮਰੀਕੀ ਟੈਕਸਾਂ ਦੇ ਮੁੱਦੇ ’ਤੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਚਰਚਾ ਹੋਈ। -ਏਪੀ
ਭਾਰਤ ਨੇ ਸਹਿਯੋਗ ਦੇਣ ਤੋਂ ਕੀਤਾ ਇਨਕਾਰ
ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਸਹਿਯੋਗ ਸਬੰਧੀ ਚੀਨ ਦੇ ਸੱਦੇ ਨੂੰ ਨਕਾਰ ਦਿੱਤਾ ਹੈ। ਚੀਨ ਦਾ ਕਰੀਬੀ ਮੁਲਕ ਮੰਨਿਆ ਜਾਂਦਾ ਰੂਸ ਪੂਰੇ ਘਟਨਾਕ੍ਰਮ ’ਚ ਕਿਤੇ ਵੀ ਨਹੀਂ ਹੈ। ਤਾਇਵਾਨ ਦੇ ਵਿਦੇਸ਼ ਮੰਤਰੀ ਲਿਨ ਚਿਆ-ਲੁੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੈਕਸਾਂ ਦੇ ਮੁੱਦੇ ’ਤੇ ਅਮਰੀਕਾ ਨਾਲ ਗੱਲਬਾਤ ਦੀ ਤਿਆਰੀ ਕਰ ਰਿਹਾ ਹੈ। ਚੀਨੀ ਤਰਜਮਾਨ ਲਿਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਹੱਥ ’ਤੇ ਹੱਥ ਰੱਖ ਕੇ ਨਹੀਂ ਬੈਠੇਗਾ ਅਤੇ ਚੀਨੀ ਲੋਕਾਂ ਦੇ ਜਾਇਜ਼ ਹੱਕਾਂ ਤੇ ਹਿੱਤਾਂ ਨੂੰ ਢਾਹ ਨਹੀਂ ਲੱਗਣ ਦੇਵੇਗਾ। ਉਸ ਨੇ ਕਿਹਾ ਕਿ ਚੀਨ ਕੌਮਾਂਤਰੀ ਵਪਾਰ ਨੇਮਾਂ ਅਤੇ ਬਹੁ-ਧਿਰੀ ਵਪਾਰ ਪ੍ਰਣਾਲੀ ਨੂੰ ਵੀ ਕਮਜ਼ੋਰ ਨਹੀਂ ਹੋਣ ਦੇਵੇਗਾ। -ਏਪੀ