ਟਰੈਫਿਕ ’ਚ ਅੜਿੱਕਾ ਬਣਨ ਲੱਗੇ ਈ-ਰਿਕਸ਼ੇ
ਸਤਵਿੰਦਰ ਬਸਰਾ
ਲੁਧਿਆਣਾ, 8 ਜੂਨ
ਪਹਿਲਾਂ ਹੀ ਟਰੈਫਿਕ ਨਾਲ ਸਬੰਧਤ ਮੁਸ਼ਕਲਾਂ ਨਾਲ ਜੂਝ ਰਹੇ ਲੁਧਿਆਣਾ ਸ਼ਹਿਰ ਵਿੱਚ ਅੱਜਕਲ੍ਹ ਈ-ਰਿਕਸ਼ੇ ਟਰੈਫਿਕ ਵਿੱਚ ਅੜਿੱਕਾ ਬਣਨ ਲੱਗੇ ਹਨ। ਸ਼ਹਿਰ ਦੀਆਂ ਭੀੜੀਆਂ ਸੜ੍ਹਕਾਂ ’ਤੇ ਵੀ ਮੰਖੀਆਂ ਦੀ ਤਰ੍ਹਾਂ ਘੁੰਮ ਰਹੇ ਈ-ਰਿਕਸ਼ੇ ਟਰੈਫਿਕ ਜਾਮ ਦਾ ਵੱਡਾ ਕਾਰਨ ਬਣ ਰਹੇ ਹਨ। ਲੋਕਾਂ ਨੇ ਇੰਨਾਂ ਦੇ ਵਾਧੇ ਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ।
ਸਮਾਜ ਸੇਵੀ ਜਸਜੀਤ ਸਿਘ ਗਿੱਲ ਨੇ ਲੁਧਿਆਣਾ ਵਿੱਚ ਸੜ੍ਹਕਾਂ ’ਤੇ ਪਹਿਲਾਂ ਹੀ ਫੜੀਆਂ/ਰੇਹੜੀਆਂ ਵੱਲੋਂ ਕਬਜ਼ੇ ਕੀਤੇ ਹੋਏ ਹਨ। ਹੁਣ ਬਾਜ਼ਾਰਾਂ ਵਿੱਚ ਘੁੰਮਦੇ ਅਣਗਿਣਤ ਈ-ਰਿਕਸ਼ੇ ਟਰੈਫਿਕ ਲਈ ਵੱਡਾ ਅੜਿੱਕਾ ਬਣ ਗਏ ਹਨ। ਇੰਨਾਂ ਈ-ਰਿਕਸ਼ਿਆਂ ਦੇ ਜਲਦੀ ਪਲਟ ਜਾਣ ਦੇ ਡਰੋਂ ਚਾਲਕਾਂ ਵੱਲੋਂ ਇੰਨਾਂ ਨੂੰ ਬਹੁਤ ਹੌਲੀ ਚਲਾਇਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੇ ਪਿੱਛੇ ਆ ਰਹੇ ਵਹਨਾਂ ਦੀ ਰਫਤਾਰ ਵੀ ਘੱਟ ਜਾਂਦੀ ਹੈ ਅਤੇ ਉਨ੍ਹਾਂ ਨੂੰ ਦੇਰੀ ਹੋ ਜਾਂਦੀ ਹੈ। ਸ਼੍ਰੀ ਗਿੱਲ ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਈ-ਰਿਕਸ਼ੇ ਸਿਰਫ ਇੱਕ ਪਾਸੇ ਆਵਾਜਾਈ ਪ੍ਰਣਾਲੀ ਨਾਲ ਹੀ ਚਲਾਉਣੇ ਚਾਹੀਦੇ ਹਨ। ਦੁਰਘਟਨਾ ਆਦਿ ਦੀ ਸੂਰਤ ਵਿੱਚ ਯਾਤਰੀਆਂ ਦੇ ਹਿੱਤ ਵਿੱਚ ਬੀਮਾ ਆਦਿ ਸੁਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ’ਤੇ ਤੇਜ਼ ਵਾਹਨ ਚੱਲਦੇ ਹੋਣ ਕਰਕੇ ਅਜਿਹੇ ਈ-ਰਿਕਸ਼ਿਆਂ ਨੂੰ ਜਾਣ ਤੋਂ ਰੋਕਣ ਦੀ ਲੋੜ ਹੈ।
ਇੱਕ ਹੋਰ ਸਮਾਜ ਸੇਵਕ ਬ੍ਰਿਜ਼ ਭੂਸ਼ਣ ਗੋਇਲ ਨੇ ਕਿਹਾ ਕਿ ਪਹਿਲਾਂ ਡੀਜ਼ਲ-ਪੈਟਰੋਲ ਆਟੋ ਰਿਕਸ਼ਾ ਪਰੇਸ਼ਾਨੀ ਕਰਦੇ ਸਨ ਅਤੇ ਹੁਣ ਈ-ਰਿਕਸ਼ਾ ਵੀ ਉਹੀ ਕੁੱਝ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਈ-ਰਿਕਸ਼ਿਆਂ ਰਾਹੀਂ ਭਾਵੇਂ ਕਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਹੈ ਪਰ ਗਿਣਤੀ ਤੇਜ਼ੀ ਨਾਲ ਵਧਣੀ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇੰਨਾਂ ਸਮਾਜ ਸੇਵੀਆਂ ਨੇ ਸੜ੍ਹਕਾਂ ’ਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਵੱਖਾ ਰਸਤਾ ਬਣਾਉਣ ਅਤੇ ਈ-ਬਿਕੋਸ਼ ’ਤੇ ਡਰਾਈਵਰ ਦੇ ਮੋਬਾਇਲ ਸੰਪਰਕ ਨੰਬਜ ਜ਼ਰੂਰ ਛਾਪਿਆ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਲੁਧਿਆਣਾ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਜਵਾਹਰ ਨਗਰ ਕੈਂਪ ਆਦਿ ਬਾਜ਼ਾਰਾਂ ਵਿੱਚ ਅਜਿਹੇ ਈ-ਰਿਕਸ਼ਿਆਂ ਕਾਰਨ ਰੋਜ਼ਾਨਾਂ ਕਈ ਕਈ ਵਾਰ ਟਰੈਫਿਕ ਜਾਮ ਹੁੰਦਾ ਹੈ।