ਨਿੱਜੀ ਪੱਤਰ ਪ੍ਰੇਰਕਸੰਗਰੂਰ, 3 ਜੁਲਾਈਸੀਪੀਆਈ(ਐੱਮ) ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਕਾਮਰੇਡ ਹੰਗੀ ਖਾਂ ਦੀ ਪ੍ਰਧਾਨਗੀ ਹੇਠ ਸਥਾਨਕ ਚਮਕ ਭਵਨ ਵਿੱਚ ਹੋਈ, ਜਿਸ ’ਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ , ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ, ਕਾਮਰੇਡ ਅਬਦੁਲ ਸਤਾਰ ਅਤੇ ਕਾਮਰੇਡ ਭੂਪ ਚੰਦ ਚੰਨੋ ਸ਼ਾਮਲ ਹੋਏ।ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ 9 ਜੁਲਾਈ ਨੂੰ ਦੇਸ਼ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦਾ ਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਪੂਰਨ ਤੌਰ ’ਤੇ ਸਮਰਥਨ ਕਰਨਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨੇ ਮਜ਼ਦੂਰਾਂ ਦੇ ਹੱਕਾਂ ਨੂੰ ਅੱਖੋਂ ਪਰੋਖੇ ਕਰਕੇ 8 ਘੰਟੇ ਦਿਹਾੜੀ ਦੇ ਕਾਨੂੰਨ ਨੂੰ ਬਦਲ ਕੇ ਮਜ਼ਦੂਰਾਂ ਲਈ 12 ਘੰਟੇ ਕੰਮ ਕਰਨ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਸ ਸਬੰਧੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਾਰੀ ਕਰਕੇ ਸਰਮਾਏਦਾਰਾਂ ਦਾ ਪੱਖ ਪੂਰਿਆ ਹੈ।ਉਨ੍ਹਾਂ ਕਿਹਾ ਕਿ ਐੱਫਡੀਏ ਤਹਿਤ ਦੇਸ਼ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਘਾਣ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਤਹਿਤ ਦੂਜੇ ਦੇਸ਼ਾਂ ਵਿੱਚੋਂ ਕਣਕ, ਦਾਲਾਂ, ਦੁੱਧ ਤੇ ਹੋਰ ਪਦਾਰਥ ਸਿੱਧੇ ਤੌਰ ਤੇ ਟੈਕਸ ਫਰੀ ਵਿਕਣ ਲਈ ਆ ਜਾਣਗੇ ਜਿਸ ਕਾਰਨ ਸਾਡੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਇਸ ਦਾ ਮਾਰੂ ਅਸਰ ਹੋਵੇਗਾ। ਇਸ ਮੌਕੇ ਕਾਮਰੇਡ ਸਤਿੰਦਰ ਪਾਲ ਸਿੰਘ ਚੀਮਾ, ਹਰਬੰਸ ਸਿੰਘ ਨਮੋਲ, ਜੋਗਾ ਸਿੰਘ ਉਪਲੀ, ਇੰਦਰਜੀਤ ਸਿੰਘ ਛੰਨਾ, ਜੋਗਿੰਦਰ ਸਿੰਘ ਬੱਧਣ ਸਾਰੇ ਜ਼ਿਲ੍ਹਾ ਸਕੱਤਰੇਤ ਮੈਂਬਰ ਹਾਜ਼ਰ ਸਨ।