ਟਰਾਂਸਫਾਰਮਰਾਂ ਦੀਆਂ ਚੋਰੀਆਂ ਤੋਂ ਅੱਕੇ ਕਿਸਾਨਾਂ ਨੇ ਰੋਸ ਪ੍ਰਗਟਾਇਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਫਰਵਰੀ
ਸ਼ਹਿਰ ’ਚ ਨਿੱਤ ਦਿਨ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਦੂਜੇ ਪਾਸੇ ਪਿੰਡਾਂ ਵਿੱਚ ਟਰਾਂਸਫਾਰਮਰ, ਇਨ੍ਹਾਂ ਦਾ ਤੇਲ, ਬਿਜਲੀ ਦੀਆਂ ਤਾਰਾਂ ਦੀ ਹੁੰਦੀ ਚੋਰੀ ਨੇ ਕਿਸਾਨਾਂ ਦੀ ਹੱਥ ਖੜ੍ਹੇ ਕਰਵਾ ਦਿੱਤੇ ਹਨ। ਰੋਜ਼ਾਨਾ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਅਤੇ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਪੁਲੀਸ, ਪ੍ਰਸ਼ਾਸਨ ਤੇ ਸਰਕਾਰ ਇਸ ਪਾਸੇ ਧਿਆਨ ਦੇਵੇ। ਕਿਸਾਨ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਫੌਰੀ ਇਸ ਪਾਸੇ ਕੋਈ ਕਾਰਵਾਈ ਨਾ ਹੋਈ ਅਤੇ ਇਨ੍ਹਾਂ ਚੋਰੀਆਂ ਨੂੰ ਨੱਥ ਨਾ ਪਈ ਤਾਂ ਕਿਸਾਨ ਜਥੇਬੰਦੀਆਂ ਸਾਂਝਾ ਪ੍ਰੋਗਰਾਮ ਉਲੀਕ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਇਸ ਸਬੰਧੀ ਜਸਵੀਰ ਸਿੰਘ ਜੱਸੂ, ਪੰਚ ਗਗਨ ਪੋਨਾ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਪਿੰਡ ਪੋਨਾ ਵਿੱਚ ਇੱਕੋ ਰਾਤ ਚਾਰ ਟਰਾਂਸਫਾਰਮਰ ਚੋਰੀ ਹੋ ਗਏ। ਉਨ੍ਹਾਂ ਦੱਸਿਆ ਕਿ ਜਿਹੜੇ ਟਰਾਂਸਫਾਰਮਰ ਚੋਰੀ ਹੋਏ, ਇਹ ਜਸਵੀਰ ਜੱਸੂ, ਤੇਜਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਸੀਰਾ, ਲਖਵੀਰ ਸਿੰਘ ਲੱਖੀ ਤੇ ਬੂਟਾ ਸਿੰਘ ਦੇ ਸਨ।