ਟਰਾਂਸਪੋਰਟ ਮੰਤਰੀ ਵੱਲੋਂ ਓਵਰਲੋਡ ਵਾਹਨਾਂ ’ਤੇ ਛਾਪਾ
ਸਰਬਜੀਤ ਸਿੰਘ ਭੱਟੀ
ਅੰਬਾਲਾ, 4 ਫਰਵਰੀ
ਹਰਿਆਣਾ ਦੇ ਟਰਾਂਸਪੋਰਟ ਬਿਜਲੀ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ-ਨਾਰਾਇਣਗੜ੍ਹ ਰੋਡ ’ਤੇ ਓਵਰਲੋਡ ਵਾਹਨਾਂ ’ਤੇ ਛਾਪਾ ਮਾਰਿਆ। ਉਨ੍ਹਾਂ ਨੇ ਖੁਦ ਟਰੱਕਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਦਸਤਾਵੇਜ਼ ਚੈੱਕ ਕੀਤੇ। ਜਿਨ੍ਹਾਂ ਟਰੱਕਾਂ ਅਤੇ ਹੋਰ ਵਾਹਨਾਂ ਦੇ ਕਾਗਜ਼ ਅਧੂਰੇ ਪਾਏ ਗਏ, ਉਨ੍ਹਾਂ ਨੂੰ ਪੁਲੀਸ ਵੱਲੋਂ ਜ਼ਬਤ ਕਰਵਾ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਛਾਪੇ ਦੌਰਾਨ ਲਗਭਗ 12 ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ। ਕੁਝ ਵਾਹਨਾਂ ਵਿੱਚ ਮਿੱਟੀ ਭਰੀ ਹੋਈ ਸੀ, ਪਰ ਉਨ੍ਹਾਂ ਕੋਲ ਇਜਾਜ਼ਤ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲੇ। ਇੱਕ ਓਵਰਲੋਡ ਟਰੱਕ ਡਰਾਈਵਰ ’ਤੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੋਣ ਕਰਕੇ ਉਨ੍ਹਾਂ ਨੂੰ ਮੈਡੀਕਲ ਚੈੱਕਅੱਪ ਲਈ ਭੇਜਿਆ ਗਿਆ।
ਟਰਾਂਸਪੋਰਟ ਮੰਤਰੀ ਸ੍ਰੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਰਿਜਨਲ ਟ੍ਰਾਂਸਪੋਰਟ ਅਥਾਰਿਟੀ ਨੂੰ ਓਵਰਲੋਡ ਵਾਹਨਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਅੱਗੇ ਵੀ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ। ਉਨ੍ਹਾਂ ਨੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।