For the best experience, open
https://m.punjabitribuneonline.com
on your mobile browser.
Advertisement

ਟਮਾਟਰ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਓ

04:12 AM May 03, 2025 IST
ਟਮਾਟਰ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਓ
Advertisement

ਰਵਿਦਰ ਸਿੰਘ ਚੰਦੀ
ਟਮਾਟਰ ਦੀ ਫ਼ਸਲ ਉੱਪਰ ਕਈ ਪ੍ਰਕਾਰ ਦੇ ਕੀੜੇ ਹਮਲਾ ਕਰਦੇ ਹਨ ਅਤੇ ਕਾਫ਼ੀ ਨੁਕਸਾਨ ਕਰਦੇ ਹਨ। ਚੰਗੇ ਝਾੜ ਲਈ ਇਨ੍ਹਾਂ ਦੀ ਪਹਿਚਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ। ਟਮਾਟਰ ਦੇ ਮੁੱਖ ਕੀੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਇੱਥੇ ਜਾਣਕਾਰੀ ਸਾਂਝੀ ਕਰਾਂਗੇ।
ਫ਼ਲ ਦਾ ਗੜੂੰਆਂ: ਇਹ ਟਮਾਟਰ ਉੱਪਰ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ ਜੋ ਟਮਾਟਰ ਤੋਂ ਇਲਾਵਾ ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫ਼ਲਾਂ ਵਿੱਚ ਮੋਰੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫ਼ਲ ਮੰਡੀਕਰਨ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫ਼ੀ ਨੁਕਸਾਨ ਹੋ ਜਾਂਦਾ ਹੈ।
ਇਸ ਦੀ ਰੋਕਥਾਮ ਲਈ ਕਾਣੇ ਫ਼ਲ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਇਸ ਦੀ ਰੋਕਥਾਮ ਲਈ 2 ਹਫ਼ਤੇ ਦੇ ਵਕਫ਼ੇ ’ਤੇ 3 ਛਿੜਕਾਅ ਫੁੱਲ ਪੈਣ ਸਮੇਂ ਕਰੋ। 60 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 30 ਮਿਲੀਲਿਟਰ ਫੇਮ 480 ਐੱਸ ਐੱਲ (ਫਲੂਬੈਂਡੀਆਮਾਈਡ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐੱਸ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਛਿੜਕਾਅ ਤੋਂ ਪਹਿਲਾਂ ਮੰਡੀਕਰਨ ਯੋਗ ਅਤੇ ਪੱਕੇ ਹੋਏ ਫ਼ਲ ਤੋੜ ਲਵੋ। ਕੋਰਾਜਨ ਦੇ ਛਿੜਕਾਅ ਤੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ 3 ਦਿਨ ਉਡੀਕ ਦਾ ਸਮਾਂ ਰੱਖ ਕੇ ਫ਼ਲ ਤੋੜਨੇ ਚਾਹੀਦੇ ਹਨ।
ਚੇਪਾ: ਇਹ ਕੀੜਾ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਚੇਪੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਚੇਪੇ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।
ਚਿੱਟੀ ਮੱਖੀ: ਇਹ ਬਹੁਫ਼ਸਲੀ ਕੀੜਾ ਹੈ ਜੋ ਕਿ ਫ਼ਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਜਿਸ ਨਾਲ ਝਾੜ ’ਤੇ ਵੀ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ। ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫ਼ਲ ਪੈਣ ਤੋਂ ਪਹਿਲਾਂ ਛਿੜਕੋ।
*ਕੀਟ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Advertisement

Advertisement
Advertisement
Advertisement
Author Image

Balwinder Kaur

View all posts

Advertisement