ਝੰਡੀ ਦੀ ਕੁਸ਼ਤੀ ਹਾਦੀ ਇਰਾਨ ਨੇ ਸੋਨੂੰ ਚੀਮਾ ਨੂੰ ਚਿੱਤ ਕਰਕੇ ਜਿੱਤੀ

ਜੇਤੂ ਪਹਿਲਵਾਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਮਹਿਮਾਨ।-ਫੋਟੋ : ਚੰਨੀ

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 8 ਅਕਤੂਬਰ
ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਨੇੜਲੇ ਪਿੰਡ ਮਲੋਆ ਵਿਖੇ ਛਿੰਜ ਕਮੇਟੀ, ਯੂਥ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਕਰਵਾਇਆ ਗਿਆ, ਜਿਸ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਸੋਨੂੰ ਚੀਮਾ ਤੇ ਹਾਦੀ ਇਰਾਨ ਅਖਾੜਾ ਮੁੱਲਾਂਪੁਰ ਗਰੀਬਦਾਸ ਵਿੱਚਕਾਰ ਹੋਈ। ਨਤੀਜਾ ਨਾ ਨਿਕਲਣ ਮਗਰੋਂ ਪੁਆਇੰਟਾਂ ਦੇ ਆਧਾਰ ਉਤੇ ਹਾਦੀ ਇਰਾਨ ਜੇਤੂ ਰਿਹਾ। ਦੂਜੀ ਝੰਡੀ ਦੀ ਕੁਸ਼ਤੀ ਵਿੱਚ ਪ੍ਰਵੀਨ ਕੁਹਾਲੀ ਨੂੰ ਚਿੱਤ ਕਰਕੇ ਵਿਰੇਸ਼ ਕੁੰਡੂ ਜ਼ੀਰਕਪੁਰ ਜੇਤੂ ਰਿਹਾ। ਪ੍ਰਬੰਧਕਾਂ ਸੁਖਵਿੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ ਮੰਗਾ, ਜਸਵੀਰ ਸਿੰਘ ਰਿੰਕੂ, ਬੀ ਐਸ ਕੌਸ਼ਲ, ਬਾਬਾ ਪਰਮਜੀਤ ਸਿੰਘ ਹੰਸਾਲੀ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਸਪੈਸ਼ਲ ਮੁਕਾਬਲਿਆਂ ਵਿੱਚ ਕਾਕਾ ਤੋਗਾਂ ਨੇ ਬਾਵੂ ਪੜਛ ਨੂੰ, ਸਾਹਿਲ ਮਲੋਆ ਨੇ ਲੱਕੀ ਨੂੰ, 70 ਕਿੱਲੋ ਵਰਗ ਭਾਰ ਮੁਕਾਬਲੇ ਵਿੱਚ ਵਿੱਕੀ ਝੀਲ ਨੇ ਸਰਬਜੀਤ ਤੋਗਾਂ ਨੂੰ, 75 ਕਿੱਲੋ ਵਿੱਚ ਅਦਿੱਤਿਆ ਜ਼ੀਰਕਪੁਰ ਨੇ ਰਜਾ ਇਰਾਨ ਅਖਾੜਾ ਮੁੱਲਾਂਪੁਰ ਨੂੰ, 85 ਕਿੱਲੋ ਵਿੱਚ ਵਿਕਾਸ ਜ਼ੀਰਕਪੁਰ ਨੇ ਵਿਸ਼ੂ ਚੰਡੀਗੜ੍ਹ ਨੂੰ ਚਿੱਤ ਕੀਤਾ। ਜਦ ਕਿ ਪਹਿਲਵਾਨ ਲਾਲੀ ਸੈਣੀਮਾਜਰਾ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਹਰਵਿੰਦਰ, ਅਮਿਤ ਚੰਡੀਗੜ੍ਹ ਤੇ ਮਾਨਾ ਡੂਮਛੇੜੀ ਆਦਿ ਬਰਾਬਰ ਰਹੇ। ਬਜ਼ੁਰਗ ਰਣ ਸਿੰਘ ਰਸਨਹੇੜੀ ਨੇ ਦੌੜ ਲਾਈ। ਗਾਇਕ ਗੁਰਤਾਜ ਤੇ ਮੱਲੀ, ਜੂਡੋ ਖਿਡਾਰਨ ਸ਼ਰਮਾ ਮਲੋਆ ਨੂੰ ਸਨਮਾਨਤ ਕੀਤਾ ਗਿਆ। ਰਾਜੇਸ਼ ਧੀਮਾਨ ਨੇ ਕੁਮੈਂਟਰੀ ਕੀਤੀ। ਮੋਹਨ ਸਿੰਘ ਸਿਆਲਾ ਨੇ ਮਿੱਟੀ ਦੀ ਭਰੀ ਬੋਰੀ ਆਪਣੀ ਪਿੱਠ ਉਤੇ ਚੁੱਕ ਕੇ ਦਿਖਾਈ। ਗੁਰਮੀਤ ਨੇ ਆਪਣੇ ਦੰਦਾਂ ਨਾਲ ਫੜ ਕੇ ਸਾਈਕਲ ਘੁੰਮਾਇਆ। ਵਿਸ਼ੇਸ਼ ਮਹਿਮਾਨਾਂ ਵਿੱਚ ਮੇਅਰ ਰਾਜੇਸ਼ ਕਾਲੀਆ, ਸਹਿਦੇਵ ਸਲਾਰੀਆ, ਪੰਜਾਬ ਨੈਸ਼ਨਲ ਬੈਂਕ ਮੈਨੇਜਰ ਸੰਜੀਵ ਕੁਮਾਰ, ਕੌਂਸਲਰ ਸਿਖਰਾ ਬਾਂਸਲ, ਜਗਦੇਵ ਸਿੰਘ ਤੇ ਕਰਮ ਸਿੰਘ ਧਨਾਸ ਹਾਜ਼ਰ ਸਨ।

Tags :