For the best experience, open
https://m.punjabitribuneonline.com
on your mobile browser.
Advertisement

ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਬੀਜ ਅਤੇ ਪਨੀਰੀ ਨੂੰ ਸੋਧੋ

04:17 AM Jun 28, 2025 IST
ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਬੀਜ ਅਤੇ ਪਨੀਰੀ ਨੂੰ ਸੋਧੋ
Advertisement

ਦਲਜੀਤ ਸਿੰਘ ਬੁੱਟਰ/ ਅਮਰਜੀਤ ਸਿੰਘ
ਪੰਜਾਬ ਵਿੱਚ ਬਾਸਮਤੀ ਸਾਉਣੀ ਰੁੱਤ ਦੀ ਇੱਕ ਪ੍ਰਮੁੱੱਖ ਫ਼ਸਲ ਹੈ। ਇਸ ਦੇ ਨਿਰਯਾਤ ਦੀਆਂ ਨੀਤੀਆਂ ਵਧੀਆ ਹੋਣ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱੱਧਰ ਦੀ ਮੰਡੀ ਵਿੱਚ ਇਸ ਦਾ ਚੰਗਾ ਭਾਅ ਮਿਲਣ ਕਰਕੇ ਪਿਛਲੇ ਕਈ ਸਾਲਾਂ ਤੋਂ ਬਾਸਮਤੀ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਸਾਲ 2024 ਦੌਰਾਨ ਪੰਜਾਬ ਵਿੱਚ ਬਾਸਮਤੀ ਹੇਠਾਂ 6.8 ਲੱਖ ਹੈਕਟੇਅਰ ਰਕਬਾ ਸੀ ਅਤੇ ਇਸ ਤੋਂ ਤਕਰੀਬਨ 33.32 ਲੱੱਖ ਟਨ ਪੈਦਾਵਾਰ ਮਿਲੀ। ਇਸ ਦੇ ਨਾਲ ਹੀ ਬਾਸਮਤੀ ’ਤੇ ਝੰਡਾ ਰੋਗ ਫੈਲਣ ਕਾਰਨ ਇਸ ਦਾ ਬਹੁਤ ਨੁਕਸਾਨ ਹੁੰਦਾ ਹੈ। ਜੇਕਰ ਇਸ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਕਰ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਇੱਕ ਬਾਇਓਕੰਟਰੋਲ ਏਜੰਟ (ਟ੍ਰਾਈਕੋਡਰਮਾ ਐਸਪੈਰੇਲਮ 2 ਪ੍ਰਤੀਸ਼ਤ ਡਬਲਯੂ ਪੀ) ਵਿਕਸਿਤ ਕੀਤਾ ਹੈ ਜਿਸ ਨੂੰ ਸੈਂਟਰਲ ਇਨਸੈਕਟੀਸਾਈਡ ਬੋਰਡ ਅਤੇ ਰਜਿਸਟ੍ਰੇਸ਼ਨ ਕਮੇਟੀ ਫਰੀਦਾਬਾਦ ਨੇ ਆਪਣੀ 31.05.2024 ਨੂੰ 9 (3 ਬੀ) ਐਕਟ ਅਧੀਨ ਦਰਜ ਕਰਵਾ ਲਿਆ ਹੈ ਅਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਟ੍ਰਾਈਕੋਡਰਮਾ ਐਸਪੈਰੇਲਮ 2 ਪ੍ਰਤੀਸ਼ਤ ਡਬਲਯੂ ਪੀ ਨੂੰ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਕਰਨ ਲਈ ਆਈਪੀਐੱਲ, ਗੁਰੂਗ੍ਰਾਮ ਕੰਪਨੀ ਮਾਰਕੀਟ ਵਿੱਚ ਵੇਚੇਗੀ।
ਬਾਸਮਤੀ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਇਸ ਦੀਆਂ ਬਿਮਾਰੀਆਂ ਨੂੰ ਸਮੇਂ ਸਿਰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਸਫਲ ਕਾਸ਼ਤ ਕਰਨ ਵਿੱਚ ਬਾਸਮਤੀ ਦੇ ਪੈਰ ਗਲਣ ਦਾ ਰੋਗ ਜਾਂ ਝੰਡਾ ਰੋਗ ਬਹੁਤ ਵੱਡੀ ਸਮੱਸਿਆ ਹੈ। ਇਸ ਰੋਗ ਦਾ ਜ਼ਿਆਦਾ ਹਮਲਾ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ, ਤਰਨ ਤਾਰਨ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਦੇਖਿਆ ਗਿਆ ਜਿਸ ਦੀ ਤੀਬਰਤਾ 2-10 ਪ੍ਰਤੀਸ਼ਤ ਪਾਈ ਗਈ। ਪਿਛਲੇ ਸਾਲ ਝੰਡਾ ਰੋਗ ਦਾ ਪ੍ਰਕੋਪ ਬਾਸਮਤੀ ਝੋਨੇ ਦੀਆਂ ਕਿਸਮਾਂ ਜਿਵੇਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1847, ਪੂਸਾ ਬਾਸਮਤੀ 1845, ਪੂਸਾ ਬਾਸਮਤੀ 1692 ਅਤੇ ਪੂਸਾ ਬਾਸਮਤੀ 1509 ਵਿੱਚ ਦੇਖਿਆ ਗਿਆ ਸੀ। ਅਗੇਤੀ ਬਿਜਾਈ ਵਾਲੀ ਬਾਸਮਤੀ ਵਿੱਚ ਇਸ ਦਾ ਹਮਲਾ ਜ਼ਿਆਦਾ ਪਾਇਆ ਗਿਆ। ਇਹ ਰੋਗ ਬੀਜ ਰਾਹੀਂ ਆਉਂਦਾ ਹੈ। ਕਈ ਕਿਸਾਨ ਬੀਜ ਦੀ ਸੋਧ ਤਾਂ ਕਰ ਲੈਂਦੇ ਹਨ, ਪਰ ਪਨੀਰੀ ਦੀ ਸੋਧ ਨਹੀਂ ਕਰਦੇ। ਇਸ ਰੋਗ ਦੀ ਸੁਚੱਜੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਸੋਧ ਕਰਨੀ ਬੜੀ ਲਾਜ਼ਮੀ ਹੈ।
ਪੈਰਾਂ ਦਾ ਗਲਣਾ ਜਾਂ ਝੰਡਾ ਰੋਗ ਇੱਕ ਉੱਲੀ ਰੋਗ ਹੈ ਜੋ ਬਾਸਮਤੀ ਝੋਨੇ ਦੀਆਂ ਸਾਰੀਆਂ ਹੀ ਕਿਸਮਾਂ ’ਤੇ ਪਾਇਆ ਜਾਂਦਾ ਹੈ। ਕੋਈ ਵੀ ਕਿਸਮ ਇਸ ਰੋਗ ਦਾ ਟਾਕਰਾ ਨਹੀਂ ਕਰਦੀ। ਬਿਮਾਰੀ ਵਾਲਾ ਬੀਜ ਇਸ ਰੋਗ ਦਾ ਮੁੱਖ ਕਾਰਨ ਹੁੰਦਾ ਹੈ। ਇਸ ਰੋਗ ਦੇ ਜੀਵਾਣੂੰ ਫ਼ਸਲ ਦਾ ਝਾੜ ਘਟਾਉਣ ਤੋਂ ਇਲਾਵਾ ਇੱਕ ਮਾਈਕੋਟੋਕਸਿਨ (ਜ਼ਹਿਰੀਲੀ ਵਸਤੂ) ਵੀ ਪੈਦਾ ਕਰਦੇ ਹਨ ਜੋ ਕਿ ਮਨੁੱਖ ਅਤੇ ਜਾਨਵਰਾਂ ਦੀ ਸਿਹਤ ਲਈ ਇੱਕ ਵੱਡਾ ਖ਼ਤਰਾ ਹੈ। ਇਸ ਰੋਗ ਦੀ ਉੱਲੀ ਦੇ ਕਣ ਮੁੱੱਖ ਤੌਰ ’ਤੇ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਹਨ ਜਿਹੜੇ ਕਿ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਨ ਸਮੇਂ ਜੜਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਪੌਦੇ ’ਤੇ ਹਮਲਾ ਕਰ ਦਿੰਦੇ ਹਨ। ਇਸ ਕਾਰਨ ਸ਼ੁਰੂ ਵਿੱਚ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਦੂਜੇ ਬੂਟਿਆਂ ਨਾਲੋਂ ਜ਼ਿਆਦਾ ਉੱਚੇ ਲੰਬੇ ਹੋ ਜਾਂਦੇ ਹਨ। ਬਾਅਦ ਵਿੱਚ ਇਹ ਬੂਟੇ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕ ਜਾਂਦੇ ਹਨ। ਬਿਮਾਰੀ ਵਾਲੇ ਬੂਟੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜਾਂ ਬਣਾ ਲੈਂਦੇ ਹਨ। ਰੋਗੀ ਪੌਦੇ ਦੇ ਤਣੇ ’ਤੇ ਗੁਲਾਬੀ ਰੰਗ ਦੀ ਉੱਲੀ ਵੀ ਵੇਖੀ ਜਾ ਸਕਦੀ ਹੈ। ਕਈ ਵਾਰੀ ਬਿਮਾਰੀ ਵਾਲੇ ਬੂਟੇ ਪਨੀਰੀ ਵਿੱਚ ਹੀ ਛੋਟੇ ਰਹਿ ਜਾਂਦੇ ਹਨ ਅਤੇ ਬਾਅਦ ਵਿੱਚ ਸੁੱਕ ਜਾਂਦੇ ਹਨ।
ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਜ਼ਰੂਰੀ ਨੁਕਤੇ :
1.ਇਹ ਬਿਮਾਰੀ ਬੀਜ ਰਾਹੀਂ ਆਉਂਦੀ ਹੈ। ਇਸ ਲਈ ਹਮੇਸ਼ਾਂ ਰੋਗ ਰਹਿਤ ਬੀਜ ਦੀ ਵਰਤੋਂ ਕਰੋ।
2.ਅਗੇਤੀ ਬਿਜਾਈ ਵਾਲੀ ਫ਼ਸਲ ’ਤੇ ਇਸ ਰੋਗ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ, ਇਸ ਲਈ ਅਗੇਤੀ ਬਿਜਾਈ ਤੋਂ ਗੁਰੇਜ਼ ਕਰੋ।
3. ਰੋਗ ਰਹਿਤ ਪਨੀਰੀ ਤਿਆਰ ਕਰਨ ਲਈ ਪਹਿਲਾਂ ਬੀਜ ਨੂੰ 10 ਲਿਟਰ ਪਾਣੀ ਵਿੱਚ 12 ਘੰਟੇ ਲਈ ਡੁਬੋ ਲਓ। ਹਲਕਾ ਬੀਜ ਉੱਪਰ ਤਰ ਆਵੇਗਾ, ਉਸ ਨੂੰ ਨਿਤਾਰ ਕੇ ਬਾਹਰ ਕੱਢ ਦਿਓ ਅਤੇ 8 ਕਿਲੋ ਭਾਰਾ ਬੀਜ ਚੁਣ ਲਓ। ਬੀਜ ਨੂੰ ਬੀਜਣ ਤੋਂ ਪਹਿਲਾਂ 2% ਡਬਲਯੂ ਪੀ ਦੇ ਨਾਲ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਕੇ ਪਨੀਰੀ ਦੀ ਬਿਜਾਈ ਕਰ ਲਓ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜਾਂ ਵੀ 2% ਡਬਲਯੂ ਪੀ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ 6 ਘੰਟੇ ਲਈ ਡੁਬੋ ਕੇ ਸੋਧਣਾ ਬੜਾ ਲਾਜ਼ਮੀ ਹੈ।
4.ਜੇਕਰ ਬਿਮਾਰੀ ਵਾਲੇ ਬੂਟੇ ਪਨੀਰੀ ਅਤੇ ਖੇਤ ਵਿੱਚ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਸਮੇਂ ਸਿਰ ਉਖਾੜ ਕੇ ਨਸ਼ਟ ਕਰ ਦਿਓ।
*ਪੌਦਾ ਰੋਗ ਵਿਭਾਗ, ਪੀਏਯੂ, ਲੁਧਿਆਣਾ।
ਸੰਪਰਕ: 98729-25785

Advertisement

Advertisement
Advertisement
Advertisement
Author Image

Balwinder Kaur

View all posts

Advertisement