ਝੋਨੇ ਦੀ ‘ਸਿੱਧੀ’ ਬਿਜਾਈ ਦੇ ‘ਪੁੱਠੇ’ ਰਾਹਾਂ ਦੀ ਹੋਵੇਗੀ ਪੜਤਾਲ
ਇਕਬਾਲ ਸਿੰਘ ਸ਼ਾਂਤ
ਲੰਬੀ , 12 ਅਪਰੈਲ
ਖੇਤੀਬਾੜੀ ਵਿਭਾਗ ਨੇ ਪਿੰਡ ਕਿੱਲਿਆਂਵਾਲੀ ਵਿੱਚ ਸਿੱਧੀ ਝੋਨਾ ਬਿਜਾਈ ਦੇ ਉਤਸ਼ਾਹ ਫੰਡ ਘਪਲੇਬਾਜ਼ੀ ’ਚ ਪੜਤਾਲ ਵਿੱਢ ਦਿੱਤੀ ਹੈ। ਜ਼ਿਲ੍ਹਾ ਖੇਤੀਬਾੜੀ ਚੀਫ਼ ਡਾ. ਕਰਨਪਾਲ ਸਿੰਘ ਗਿੱਲ ਨੇ ਉਤਸ਼ਾਹ ਫੰਡਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇੱਥੇ 533 ਏਕੜ ਰਕਬੇ ਨੂੰ ਸਿੱਧੀ ਝੋਨਾ ਬਿਜਾਈ ਲਈ ਉਤਸ਼ਾਹ ਫੰਡ ਦੇ ਅੱਠ ਲੱਖ ਰੁਪਏ ਜਾਰੀ ਕੀਤੇ ਸਨ। ਦੂਜੇ ਪਾਸੇ ਮਨ ਮੁਤਾਬਕ ਵੈਰੀਫਿਕੇਸ਼ਨਾਂ ਕਰਨ ਵਾਲਾ ਖੇਤੀ ਅਮਲਾ ਖ਼ਬਰ ਨਸ਼ਰ ਹੋਣ ਮਗਰੋਂ ਹੁਣ ਮੁੱਦਾ ਚੁੱਕਣ ਵਾਲੇ ਕਿਸਾਨਾਂ ਨਾਲ ਲਿਹਾਜਾਂ ਕੱਢ ਕੇ ਮਿੰਨਤ-ਤਰਲਿਆਂ ਦੀ ਵੈਰੀਫਿਕੇਸ਼ਨਾਂ ਕਰਵਾਉਂਦਾ ਫ਼ਿਰ ਰਿਹਾ ਹੈ। ਖੇਤੀਬਾੜੀ ਚੀਫ਼ ਡਾ. ਕਰਨਪਾਲ ਸਿੰਘ ਗਿੱਲ ਨੇ ਦੱਸਿਆ ਕਿ ਪੜਤਾਲ ਕਮੇਟੀ ਨੂੰ 15 ਅਪਰੈਲ ਤੱਕ ਪੜਤਾਲ ਮੁਕੰਮਲ ਕਰਨ ਲਈ ਆਖਿਆ ਹੈ। ਜੇ ਪਿੰਡ ਵਾਸੀਆਂ ਦੀ ਰਿਪੋਰਟ ਤੋਂ ਸੰਤੁਸ਼ਟੀ ਨਾ ਹੋਈ ਤਾਂ ਮਾਮਲਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਉੱਚ ਜਾਂਚ ਲਈ ਭੇਜਿਆ ਜਾਵੇਗਾ। ਕਮੇਟੀ ਵਿੱਚ ਏਡੀਓ ਪਰਮਿੰਦਰ ਸਿੰਘ (ਸਰਕਲ ਭੁੱਲਰਵਾਲਾ), ਏਡੀਓ ਗੁਰਜੀਤ ਸਿੰਘ (ਪੀਪੀ) ਅਤੇ ਜ਼ਿਲ੍ਹਾ ਦਫ਼ਤਰ ਤੋਂ ਤਨੀਕਨੀ ਸਹਾਇਕ (ਸਟੈਟ) ਸੁਖਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿੱਲਿਆਂਵਾਲੀ ਦੇ ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਖੇਤੀ ਵਿਭਾਗ ਰਿਕਾਰਡ ’ਚ ਸ਼ੁਮਾਰ ਬਹੁਗਿਣਤੀ ਰਕਬੇ ਵਿੱਚ ਸਿੱਧੀ ਝੋਨਾ ਬਿਜਾਈ ਤਾਂ ਦੂਰ ਝੋਨਾ ਲਵਾਈ ਵੀ ਨਹੀਂ ਹੋਈ। ਉਨ੍ਹਾਂ ਬਿਨਾਂ ਸਿੱਧੀ ਬਿਜਾਈ ਦੇ ਉਤਸ਼ਾਹ ਫੰਡ ਦੀ ਖੇਤੀ ਤੰਤਰ ਅਤੇ ਲਾਭਕਾਰਾਂ ਵਿੱਚਕਾਰ ਕਥਿਤ ‘ਪੰਜ ਦਵੰਜੀ’ ਵੰਡ ਦੇ ਦੋਸ਼ ਲਗਾਏ ਸਨ।