ਝੋਨੇ ਦੀ ਬਿਜਾਈ ਲਈ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਅੱਜ ਤੋਂ
ਬੀਰਬਲ ਰਿਸ਼ੀ
ਧੂਰੀ, 8 ਜੂਨ
ਝੋਨੇ ਦੀ ਬਿਜਲੀ ਸਪਲਾਈ ਲਈ ਭਾਵੇਂ ਪਾਵਰਕੌਮ ਵੱਲੋਂ 9 ਜੂਨ ਤੋਂ ਕਿਸਾਨਾਂ ਨੂੰ ਖੇਤੀਬਾੜੀ ਖੇਤਰ ਲਈ ਅੱਠ ਘੰਟੇ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ ਪਰ 66 ਕੇਵੀ ਗਰਿੱਡ ਭੁੱਲਰਹੇੜੀ ਤੋ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦਾ ਝੋਨੇ ਦੇ ਇਸ ਦੂਜੇ ਸੀਜ਼ਨ ਦੌਰਾਨ ਵੀ ਨਿਰਧਾਰਤ ਸਮੇਂ ਬਿਜਲੀ ਸਪਲਾਈ ਮਿਲਣ ਦੀ ਆਸ ਪੂਰੀ ਨਹੀਂ ਹੋ ਸਕੀ। ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜੂਨ ਮਹੀਨੇ ਤੋਂ ਉਕਤ ਗਰਿੱਡ ਨੂੰ ਪਾਵਰਕੌਮ ਵੱਲੋਂ ਚਾਲੂ ਕਰਨ ਦੀ ਤਜਵੀਜ਼ ਸੀ ਪਰ ਇੱਕ ਸਨਅਤਕਾਰ ਵੱਲੋਂ ਅਦਾਲਤ ’ਚ ਜਾਣ ਮਗਰੋਂ ਇਹ ਮਾਮਲਾ ਲਟਕ ਗਿਆ । ਹਾਲਾਂਕਿ, ਇਹ ਜਾਂਚ ਦਾ ਵਿਸ਼ਾ ਹੈ ਕਿ ਹੁਣ ਕਈ ਮਹੀਨੇ ਪਹਿਲਾਂ ਮਾਮਲਾ ਹੱਲ ਹੋਣ ਦੇ ਬਾਵਜੂਦ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਵਿਭਾਗ ਵੱਲੋਂ ਕੰਮ ਪੂਰਾ ਕਰਨ ਵਿੱਚ ਦੇਰ ਕਿਉਂ ਕੀਤੀ?
ਕਿਸਾਨ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਗਰਿੱਡ ਚਾਲੂ ਕਰਵਾਉਣ ਲਈ ਕਈ ਮਹੀਨੇ ਕਿਸਾਨ ਜਥੇਬੰਦੀਆਂ ਪੱਕੇ ਧਰਨੇ ’ਤੇ ਡਟੀਆਂ ਰਹੀਆਂ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸੀਜ਼ਨ ਵਿੱਚ ਵੀ ਕਈ ਪਿੰਡਾਂ ਦੇ ਕਿਸਾਨਾਂ ਨੂੰ ਅੰਡਰਲੋਡ ਗਰਿੱਡ ਤੋਂ ਬਿਜਲੀ ਮਿਲਣ ਦੀ ਹਾਲੇ ਵੀ ਸੰਭਾਵਨਾ ਘੱਟ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਕਮਰਾਨ ਧਿਰ ਦੇ ਆਗੂ ਭਾਵੇਂ ਇਸ ਗਰਿੱਡ ਦਾ ਰਸਮੀ ਉਦਘਾਟਨ ਕਰਵਾਏ ਜਾਣ ਲਈ ਪੱਬਾਂ ਭਾਰ ਹਨ ਪਰ ਪਾਵਰਕੌਮ ਵਿਭਾਗ ਦੇ ਅਧਿਕਾਰੀ ਆਪਣਾ ਬਕਾਇਆ ਕੰਮ ਪੂਰਾ ਕਰਕੇ ਹੀ ਗਰਿੱਡ ਚਾਲੂ ਕਰਵਾਉਣ ਦੇ ਮੂਡ ਵਿੱਚ ਹਨ। ਇਸ ਸਬੰਧੀ ਐਸਡੀਓ ਭਲਵਾਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਵਿਭਾਗ ਦੇ ਨਿਯਮਾਂ ਅਨੁਸਾਰ ਆਪਣਾ ਕੰਮ ਕਰ ਰਹੇ ਹਨ ਅਤੇ ਉਕਤ ਗਰਿੱਡ ਨੂੰ ਚਾਲੂ ਕਰਨ ਲਈ ਯਤਨਸ਼ੀਲ ਹਨ।