For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦੀ ਵਿਉਂਤਬੰਦੀ

04:47 AM May 17, 2025 IST
ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦੀ ਵਿਉਂਤਬੰਦੀ
Advertisement

ਮਨਿੰਦਰ ਸਿੰਘ/ਜਗਜੋਤ ਸਿੰਘ ਗਿੱਲ*
ਕਿਸੇ ਵੀ ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਉਸ ਦਾ ਮੁੱਢ ਤੋਂ ਹੀ ਨਰੋਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਬੀਜ ਦਾ ਬਿਮਾਰੀ ਰਹਿਤ, ਨਰੋਆ ਅਤੇ ਚੰਗੇ ਜੰਮ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹ ਹੀ ਚੰਗੇ ਝਾੜ ਦਾ ਮੁੱਢ ਬੰਨ੍ਹਦਾ ਹੈ। ਇਸ ਦੇ ਨਾਲ ਹੀ ਕੁੱਝ ਫ਼ਸਲਾਂ ਜਿਵੇਂ ਕਿ ਝੋਨਾ ਆਦਿ ਜਿਨ੍ਹਾਂ ਦੀ ਕਾਸ਼ਤ ਲਈ ਪਨੀਰੀ ਤਿਆਰ ਕੀਤੀ ਜਾਂਦੀ ਹੈ, ਉਨ੍ਹਾਂ ਲਈ ਤੰਦਰੁਸਤ ਅਤੇ ਨਰੋਈ ਪਨੀਰੀ ਵੀ ਫ਼ਸਲ ਦੇ ਚੰਗੇ ਝਾੜ ਨੂੰ ਨਿਰਧਾਰਤ ਕਰਦੀ ਹੈ। ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਕਾਸ਼ਤਕਾਰੀ ਢੰਗਾਂ, ਝੋਨੇ ਦੀ ਕਿਸਮ, ਜ਼ਮੀਨ ਦੀ ਬਣਤਰ, ਉਪਲੱਬਧ ਸਾਧਨ ਆਦਿ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਝੋਨੇ ਦੀ ਲਵਾਈ ਪ੍ਰਮੁੱਖ ਤੌਰ ’ਤੇ ਦੋ ਢੰਗਾਂ ਨਾਲ ਕੀਤੀ ਜਾਂਦੀ ਹੈ; ਇੱਕ, ਹੱਥੀਂ ਪਨੀਰੀ ਲਗਾ ਕੇ ਅਤੇ ਦੂਸਰਾ, ਮਸ਼ੀਨ ਨਾਲ ਪਨੀਰੀ ਲਗਾ ਕੇ। ਇਨ੍ਹਾਂ ਦੋਹਾਂ ਢੰਗਾਂ ਲਈ ਪਨੀਰੀ ਬੀਜਣ ਦਾ ਤਰੀਕਾ ਵੀ ਵੱਖੋ-ਵੱਖ ਹੈ।
ਹੱਥੀਂ ਲਵਾਈ ਲਈ ਪਨੀਰੀ ਤਿਆਰ ਕਰਨਾ: ਝੋਨੇ ਦੀਆਂ ਕਿਸਮਾਂ ਪੀ ਆਰ 132, ਪੀ ਆਰ 121, ਪੀ ਆਰ 122, ਪੀ ਆਰ 128, ਪੀ ਆਰ 131,ਪੀ ਆਰ 114, ਪੀ ਆਰ 113 ਦੀ ਪਨੀਰੀ ਬੀਜਣ ਦਾ ਸਮਾਂ 20-25 ਮਈ ਤੱਕ ਹੈ। ਝੋਨੇ ਦੀਆਂ ਕਿਸਮਾਂ ਪੀ ਆਰ 127, ਪੀ ਆਰ 130, ਐਚ ਕੇ ਆਰ 47 ਦੀ ਪਨੀਰੀ 25-31 ਮਈ ਤੱਕ ਬੀਜੀ ਜਾ ਸਕਦੀ ਹੈ ਅਤੇ ਪੀ ਆਰ 126 ਦੀ ਪਨੀਰੀ 25 ਮਈ ਤੋਂ 20 ਜੂਨ ਤੱਕ ਬੀਜੀ ਜਾ ਸਕਦੀ ਹੈ।
ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਪਹਿਲਾਂ ਬੀਜਣਾ ਚਾਹੀਦਾ ਹੈ ਅਤੇ 25-30 ਦਿਨ ਉਮਰ ਦੀ ਪਨੀਰੀ ਨੂੰ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ। ਖੇਤ ਵਿੱਚ ਲਗਾਉਣ ਲਈ ਪਨੀਰੀ ਨਰਮ ਹੋਣੀ ਚਾਹੀਦੀ ਹੈ ਅਤੇ ਪੱਕੜ ਪਨੀਰੀ ਨਹੀਂ ਲਗਾਉਣੀ ਚਾਹੀਦੀ, ਇਸ ਨਾਲ ਬੂਟੇ ਖੇਤ ਵਿੱਚ ਬੂਝਾ ਘੱਟ ਮਾਰਦੇ ਹਨ ਅਤੇ ਜਲਦੀ ਹੀ ਮੁੰਜਰ ਕੱਢ ਲੈਂਦੇ ਹਨ ਜਿਸ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਛੋਟੀ ਉਮਰ ਅਤੇ ਜਲਦ ਵਾਧੇ ਵਾਲੀਆਂ ਕਿਸਮਾਂ (ਜਿਵੇ ਕਿ ਪੀ ਆਰ 126) ਦੀ ਪਨੀਰੀ 25 ਦਿਨਾਂ ਵਿੱਚ ਹੀ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਅਤੇ ਇਸ ਨੂੰ ਇਸ ਸਮੇਂ ਲਗਾਉਣ ਨਾਲ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਜੇਕਰ ਝੋਨਾ ਜ਼ਿਆਦਾ ਰਕਬੇ ਵਿੱਚ ਲਗਾਉਣਾ ਹੋਵੇ ਤਾਂ ਸਾਰੀ ਪਨੀਰੀ ਨੂੰ ਇੱਕੋ ਸਮੇਂ ਨਹੀਂ ਬੀਜਣਾ ਚਾਹੀਦਾ ਸਗੋਂ ਪਨੀਰੀ ਨੂੰ ਥੋੜ੍ਹੇ-ਥੋੜ੍ਹੇ ਰਕਬੇ ’ਤੇ ਸਮੇਂ ਵਿੱਚ ਅੰਤਰ ਰੱਖ ਕੇ ਬੀਜਣਾ ਚਾਹੀਦਾ ਹੈ ਤਾਂ ਜੋ ਸਾਰੇ ਰਕਬੇ ਵਿੱਚ ਲਗਾਉਣ ਲਈ ਨਰਮ ਪਨੀਰੀ ਉਪਲੱਬਧ ਹੋ ਸਕੇ।
ਬੀਜ ਮਾਤਰਾ ਅਤੇ ਸੋਧ: ਬੀਜ ਦੀ ਸੁਧਾਈ ਲਈ ਬੀਜ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਉਣਾ ਚਾਹੀਦਾ ਹੈ। ਜਿਹੜਾ ਬੀਜ ਪਾਣੀ ’ਤੇ ਤਰ ਜਾਵੇ ਉਸ ਨੂੰ ਵੱਖ ਕਰ ਲੈਣਾ ਚਾਹੀਦਾ ਹੈ ਅਤੇ ਹੇਠਾਂ ਡੁੱਬੇ ਹੋਏ ਭਾਰੇ ਬੀਜ ਨੂੰ ਹੀ ਬਿਜਾਈ ਲਈ ਵਰਤਣਾ ਚਾਹੀਦਾ ਹੈ। ਅਜਿਹੇ ਭਾਰੇ ਅੱਠ ਕਿਲੋ ਬੀਜ ਨਾਲ ਬੀਜੀ ਪਨੀਰੀ, ਇੱਕ ਏਕੜ ਦੀ ਲਵਾਈ ਲਈ ਕਾਫ਼ੀ ਹੋ ਜਾਂਦੀ ਹੈ। ਬੀਜ ਨੂੰ ਪਾਣੀ ਵਿੱਚੋਂ ਕੱਢ ਕੇ ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਊ ਐੱਸ ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਚੰਗੀ ਤਰ੍ਹਾਂ ਲਗਾ ਲੈਣੀ ਚਾਹੀਦੀ ਹੈ । ਸੋਧੇ ਹੋਏ ਭਿੱਜੇ ਬੀਜ ਨੂੰ ਛਾਂ ਵਾਲੀ ਜਗ੍ਹਾ ਵਿੱਚ ਪਟਸਨ ਦੀਆਂ ਗਿੱਲੀਆਂ ਬੋਰੀਆਂ ਉੱਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਕੇ ਉੱਪਰੋਂ ਗਿੱਲੀਆਂ ਪਟਸਨ ਦੀਆਂ ਬੋਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਢੱਕੇ ਹੋਏ ਬੀਜ ਨੂੰ ਸਮੇਂ ਸਮੇਂ ਸਿਰ ਪਾਣੀ ਛਿੜਕ ਕੇ ਗਿੱਲਾ ਰੱਖਣਾ ਚਾਹੀਦਾ ਹੈ। ਬੀਜ ਗਿੱਲਾ ਰੱਖਣ ਲਈ ਪਾਣੀ ਦੀ ਮਾਤਰਾ ਨੂੰ ਢੁੱਕਵਾਂ ਹੀ ਰੱਖਣਾ ਚਾਹੀਦਾ ਹੈ। ਜ਼ਿਆਦਾ ਪਾਣੀ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਤਰ੍ਹਾਂ 24-36 ਘੰਟੇ ਦੇ ਅੰਦਰ ਬੀਜ ਪੁੰਗਰ ਆਉਦਾ ਹੈ ਅਤੇ ਇਸ ਪੁੰਗਰੇ ਬੀਜ ਨੂੰ ਖੇਤ ਵਿੱਚ ਛੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ। ਬੀਜ ਨੂੰ ਜ਼ਿਆਦਾ ਦੇਰ ਤੱਕ ਨਹੀਂ ਦਬਾਉਣਾ ਚਾਹੀਦਾ। ਜੇਕਰ ਪੁੰਗਾਰ ਜ਼ਿਆਦਾ ਵੱਡਾ ਹੋ ਜਾਵੇ ਤਾਂ ਟੁੱਟਣ ਅਤੇ ਸੁੱਕਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਬੀਜ ਨੂੰ ਗਰਮ ਜਗ੍ਹਾ ਜਾਂ ਧੁੱਪ ਵਿੱਚ ਨਹੀਂ ਦਬਾਉਣਾ ਚਾਹੀਦਾ। ਇਸ ਨਾਲ ਬੀਜ ਭੜਾਸ ਮਾਰ ਜਾਂਦਾ ਹੈ ਅਤੇ ਪੁੰਗਾਰ ਮਰ ਜਾਂਦਾ ਹੈ।
ਜ਼ਮੀਨ ਦੀ ਤਿਆਰੀ ਅਤੇ ਖਾਦਾਂ: ਖੇਤ ਵਿੱਚ ਬੀਜ ਬੀਜਣ ਤੋ ਪਹਿਲਾਂ 12-15 ਟਨ ਪ੍ਰਤੀ ਏਕੜ ਤਿਆਰ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦੇਣਾ ਚਾਹੀਦਾ ਹੈ ਤਾਂ ਜੋ ਜ਼ਮੀਨ ਅਤੇ ਰੂੜੀ ਵਿੱਚ ਪਏ ਨਦੀਨ ਉੱਗ ਪੈਣ। ਨਦੀਨਾਂ ਦੀ ਰੋਕਥਾਮ ਲਈ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਪਨੀਰੀ ਵਿੱਚ ਨਦੀਨ ਤੰਗ ਨਾ ਕਰਨ। ਪਨੀਰੀ ਬੀਜਣ ਸਮੇਂ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡੇਟ ਜਾਂ 25.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿੱਚ ਪਾ ਲੈਣਾ ਚਾਹੀਦਾ ਹੈ। ਖੇਤ ਨੂੰ ਕੱਦੂ ਕਰਕੇ ਜਾਂ ਬਿਨਾਂ ਕੱਦੂ ਕੀਤੇ ਵੀ ਪਨੀਰੀ ਬੀਜੀ ਜਾ ਸਕਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਖੇਤ ਨੂੰ ਕੱਦੂ ਕਰਕੇ ਹੀ ਪਨੀਰੀ ਬੀਜਣੀ ਚਾਹੀਦੀ ਹੈ, ਇਸ ਨਾਲ ਪਨੀਰੀ ਵਿੱਚ ਲੋਹੇ ਦੀ ਘਾਟ ਆਉਣ ਦੀ ਸੰਭਾਵਨਾ ਘੱਟ ਜਾਂਦੀ ਹੈ। ਪੁੰਗਰੇ ਹੋਏ ਬੀਜ ਨੂੰ ਖੇਤ ਵਿੱਚ ਇਕਸਾਰ ਛੱਟਾ ਮਾਰ ਕੇ ਬੀਜ ਦੇਣਾ ਚਾਹੀਦਾ ਹੈ। ਜ਼ਮੀਨ ਨੂੰ ਵਾਰ ਵਾਰ ਪਾਣੀ ਲਾ ਕੇ ਗਿੱਲਾ ਰੱਖਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ ਤਾਂ ਜੋ ਪਨੀਰੀ 25-30 ਦਿਨਾਂ ਵਿੱਚ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕੁੱਝ ਕਾਰਨਾਂ ਕਰਕੇ ਪਨੀਰੀ ਦੀ ਉਮਰ 45 ਦਿਨਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੋਵੇ (ਸਿਰਫ਼ ਲੰਬੀ ਉਮਰ ਦੀਆਂ ਕਿਸਮਾਂ ਵਾਸਤੇ) ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ: ਝੋਨੇ ਦੀ ਪਨੀਰੀ ਵਿੱਚ ਕਈ ਤਰ੍ਹਾਂ ਦੇ ਨਦੀਨ ਸਮੱਸਿਆ ਪੈਦਾ ਕਰ ਸਕਦੇ ਹਨ। ਮੌਸਮੀ ਘਾਹ ਅਤੇ ਸਵਾਂਕ ਆਦਿ ਦੀ ਰੋਕਥਾਮ ਲਈ 1200 ਮਿਲੀਲਿਟਰ ਬੂਟਾਕਲੋਰ 50 ਈ ਸੀ ਦੇ ਸਿਫਾਰਸ਼ ਕੀਤੇ ਵੱਖ ਵੱਖ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਜਾਂ 500 ਮਿਲੀਲਿਟਰ ਸੋਫਿਟ 37.5 ਈ ਸੀ ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਬਾਅਦ ਛੱਟਾ ਦੇਣਾ ਚਾਹੀਦਾ ਹੈ ਜਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀ ਗੋਲਡ, ਵਾਸ਼ਆਊਟ, ਮਾਚੋ, ਤਾਰਕ 10 ਐੱਸ ਸੀ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ।
ਮਸ਼ੀਨੀ ਲਵਾਈ ਲਈ ਪਨੀਰੀ ਤਿਆਰ ਕਰਨਾ
ਹੱਥੀਂ ਮੈਟ ਟਾਈਪ ਪਨੀਰੀ ਤਿਆਰ ਕਰਨਾ: ਮਸ਼ੀਨੀ ਲਵਾਈ ਲਈ ਪਨੀਰੀ ਤਿਆਰ ਕਰਨ ਲਈ ਪਨੀਰੀ ਦੀ ਬਿਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ। ਪਨੀਰੀ ਬੀਜਣ ਵਾਲੇ ਖੇਤ ਉਪਜਾਊ ਮਿੱਟੀ ਵਾਲੇ ਅਤੇ ਚੰਗੀ ਤਰ੍ਹਾਂ ਪੱਧਰੇ ਹੋਣੇ ਚਾਹੀਦੇ ਹਨ। ਇਹ ਖੇਤ ਟਿਊਬਵੈੱਲ ਜਾਂ ਦਰੱਖਤਾਂ ਤੋਂ ਘੱਟੋ-ਘੱਟ 20 ਮੀਟਰ ਦੀ ਵਿੱਥ ’ਤੇ ਹੋਣੇ ਚਾਹੀਦੇ ਹਨ ਤਾਂ ਜੋ ਦਰੱਖਤਾਂ ਤੋਂ ਡਿੱਗਣ ਵਾਲੇ ਪੱਤੇ ਜਾਂ ਜਾਨਵਰ ਆਦਿ ਪਨੀਰੀ ਦਾ ਨੁਕਸਾਨ ਨਾ ਕਰਨ। ਖੇਤ ਦੀ ਮਿੱਟੀ ਵਿੱਚ ਕਿਸੇ ਤਰ੍ਹਾਂ ਦੇ ਪੱਥਰ, ਰੋੜੇ ਜਾਂ ਸਖ਼ਤ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਕਿ ਬਾਅਦ ਵਿੱਚ ਪਨੀਰੀ ਠੀਕ ਤਰ੍ਹਾਂ ਲਗਾਈ ਜਾਂ ਸਕੇ ਅਤੇ ਮਸ਼ੀਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਖੇਤ ਨੂੰ ਰੋਣੀ ਕਰ ਲੈਣੀ ਚਾਹੀਦੀ ਹੈ ਅਤੇ ਵੱਤਰ ਆਉਣ ’ਤੇ ਚੰਗੀ ਵਾਹ ਕੇ ਸੁਹਾਗਾ ਮਾਰ ਲੈਣਾ ਚਾਹੀਦਾ ਹੈ। ਤਿਆਰ ਕੀਤੀ ਹੋਈ ਜ਼ਮੀਨ ’ਤੇ 50-60 ਗੇਜ਼ ਦੀ ਪਤਲੀ ਅਤੇ 90-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਚਾਦਰ ਜਿਸ ਵਿੱਚ 1-2 ਮਿਲੀਮੀਟਰ ਚੌੜੇ ਸੁਰਾਖ ਕੀਤੇ ਹੋਣ, ਵਿਛਾ ਦੇਣੀ ਚਾਹੀਦੀ ਹੈ। ਇੱਕ ਏਕੜ ਦੀ ਪਨੀਰੀ ਲਈ 15 ਕੁ ਮੀਟਰ ਲੰਬੀ ਚਾਦਰ ਦੀ ਜ਼ਰੂਰਤ ਪੈਂਦੀ ਹੈ ਜਿਸ ਦਾ ਭਾਰ ਲਗਭਗ 270 ਗ੍ਰਾਮ ਹੁੰਦਾ ਹੈ। ਵਿਛਾਈ ਹੋਈ ਸ਼ੀਟ ’ਤੇ ਲੋੜ ਅਨੁਸਾਰ ਫਰੇਮ ਰੱਖ ਕੇ, ਫਰੇਮ ਦੇ ਦੋਵੇਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰ ਕਰ ਦਿਉ। ਫਰੇਮ ਦੇ ਖਾਨੇ ਅਤੇ ਨਾਪ ਮਸ਼ੀਨ ਮੁਤਾਬਕ ਹੋਣੇ ਚਾਹੀਦੇ ਹਨ। ਫਰੇਮ ਦੇ ਇੱਕ ਖਾਨੇ ਦਾ ਨਾਪ ਇੰਜਣ ਵਾਲੀ ਮਸ਼ੀਨ ਲਈ 45X21X2 ਸੈਂਟੀਮੀਟਰ ਅਤੇ ਸਵੈਚਾਲਿਤ ਮਸ਼ੀਨ ਲਈ 58X28X2 ਸੈਂਟੀਮੀਟਰ ਹੁੰਦਾ ਹੈ। ਪੱਧਰ ਕੀਤੇ ਹਰੇਕ ਖਾਨੇ ਵਿੱਚ 50-60 ਗ੍ਰਾਮ ਪੁੰਗਰਿਆ ਹੋਇਆ ਬੀਜ ਇਕਸਾਰ ਇਸ ਤਰ੍ਹਾਂ ਖਿਲਾਰ ਦਿਓ ਕਿ ਇੱਕ ਸੈਂਟੀਮੀਟਰ ਖੇਤਰਫਲ ਵਿੱਚ 2-3 ਦਾਣੇ ਆਉਣ। ਬੀਜ ਨੂੰ ਇਕਸਾਰ ਖਿਲਾਰਨ ਲਈ ਬੀਜ ਖਿਲਾਰਨ ਵਾਲਾ ਰੋਲਰ ਵੀ ਵਰਤਿਆ ਜਾ ਸਕਦਾ ਹੈ। ਇੱਕ ਏਕੜ ਵਿੱਚ ਪਨੀਰੀ ਦੀ ਲਵਾਈ ਕਰਨ ਲਈ 10-12 ਕਿਲੋ ਬੀਜ ਕਾਫ਼ੀ ਹੁੰਦਾ ਹੈ ਅਤੇ ਇਸ ਤੋਂ ਤਕਰੀਬਨ 150 ਮੈਟ ਤਿਆਰ ਹੋ ਜਾਂਦੇ ਹਨ। ਬੀਜ ਨੂੰ ਮਿੱਟੀ ਦੀ ਬਾਰੀਕ ਪਰਤ ਨਾਲ ਢੱਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ ਜਾਵੇ। ਬੀਜ ਨੂੰ ਢਕਣ ਲਈ ਰੋਲਰ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਛਾਣੀ ਹੋਈ ਮਿੱਟੀ ਵਰਤਣੀ ਚਾਹੀਦੀ ਹੈ। ਮਿੱਟੀ ਟਿੱਕ ਜਾਵੇ ਤਾਂ ਫਰੇਮ ਹੌਲੀ ਜਿਹੀ ਚੁੱਕ ਲਵੋ ਅਤੇ ਵਿਛਾਈ ਹੋਈ ਪਲਾਸਟਿਕ ਸ਼ੀਟ ’ਤੇ ਅੱਗੇ ਰੱਖ ਦਿਓ ਅਤੇ ਲੋੜ ਮੁਤਾਬਕ ਉੱਪਰ ਦੱਸੀ ਵਿਧੀ ਦੁਹਰਾਓ। ਪਨੀਰੀ ਦੀ ਬਿਜਾਈ ਤੋਂ ਬਾਅਦ ਖੇਤ ਨੂੰ ਪਾਣੀ ਦਿਓ। ਪਹਿਲੇ 2-3 ਪਾਣੀ ਬਹੁਤ ਧਿਆਨ ਨਾਲ ਲਾਓ, ਪਾਣੀ ਦਾ ਵਹਾਅ ਘੱਟ ਅਤੇ ਇਕਸਾਰ ਹੋਵੇ ਤਾਂ ਕਿ ਨਵੇਂ ਬਣੇ ਮੈਟ ਖ਼ਰਾਬ ਨਾ ਹੋਣ। ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ ਤਾਂ ਕਿ ਮੈਟ ਹਮੇਸ਼ਾਂ ਗਿੱਲੇ ਰਹਿਣ। ਇੱਕ ਏਕੜ ਦੀ ਪਨੀਰੀ ਲਈ 10 ਦਿਨਾਂ ਦੇ ਵਕਫੇ ਮਗਰੋਂ 200 ਗ੍ਰਾਮ ਯੂਰੀਆ 15 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਪਨੀਰੀ ਦੇ ਮੈਟ 25-30 ਦਿਨਾਂ ਪਿੱਛੋਂ ਲਵਾਈ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਕੁੱਝ ਘੰਟੇ ਪਹਿਲਾਂ ਪਾਣੀ ਕੱਢ ਦਿਓ। ਇਸ ਤਰ੍ਹਾਂ ਤਿਆਰ ਕੀਤੇ ਮੈਟ ਆਸਾਨੀ ਨਾਲ ਕਿਸੇ ਤੇਜ਼ ਬਲੇਡ ਜਾਂ ਦਾਤੀ ਨਾਲ ਫਰੇਮ ਦੇ ਪਏ ਨਿਸ਼ਾਨਾਂ ਮੁਤਾਬਿਕ ਕੱਟ ਕੇ ਉਖਾੜੇ ਜਾ ਸਕਦੇ ਹਨ ਅਤੇ ਇਹ ਸਹੀ ਨਾਪ ਵਾਲੇ ਮੈਟ, ਝੋਨਾ ਲਗਾਉਣ ਵਾਲੇ ਖੇਤ ਤੱਕ ਟਰਾਲੀ ਜਾਂ ਰੇਹੜੇ ਦੀ ਮਦਦ ਨਾਲ ਪਹੁੰਚਾਏ ਜਾ ਸਕਦੇ ਹਨ।
ਟਰੈਕਟਰ ਚਲਿਤ ਮਸ਼ੀਨ ਨਾਲ ਮੈਟ ਟਾਈਪ ਪਨੀਰੀ ਤਿਆਰ ਕਰਨਾ: ਟਰੈਕਟਰ ਚਲਿਤ ਮੈਟ ਟਾਈਪ ਨਰਸਰੀ ਸੀਡਰ 1.0 ਮੀਟਰ ਚੌੜੇ ਮਿੱਟੀ ਦੇ ਬੈੱਡ ਉੱਤੇ ਪਲਾਸਟਿਕ ਸ਼ੀਟ ਵਿਛਾਉਣ, ਸ਼ੀਟ ਉੱਪਰ 1.0 ਇੰਚ ਮੋਟੀ ਮਿੱਟੀ ਦੀ ਪਰਤ ਪਾਉਣ ਅਤੇ ਨਾਲ ਹੀ ਬੈੱਡ ਉੱਤੇ ਬੀਜ ਪਾਉਣ ਦਾ ਕੰਮ ਇੱਕ ਵਾਰ ਵਿੱਚ ਹੀ ਕਰਦੀ ਹੈ। ਇਸ ਮਸ਼ੀਨ ਨਾਲ ਇਹ ਸਾਰੇ ਕੰਮ ਇੱਕੋ ਵਾਰ ਵਿੱਚ ਹੀ ਹੋ ਜਾਂਦੇ ਹਨ ਅਤੇ ਇਸ ਨਾਲ ਇੰਜਣ ਵਾਲੇ ਜਾਂ ਸਵੈਚਾਲਿਤ ਝੋਨਾ ਟ੍ਰਾਂਸਪਲਾਂਟਰ ਲਈ ਮੈਟ ਵਾਲੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ ਅਤੇ ਫਿਰੋਜ਼ਪੁਰ

Advertisement

Advertisement
Advertisement
Advertisement
Author Image

Balwinder Kaur

View all posts

Advertisement