ਗੁਰਬਖਸ਼ਪੁਰੀਤਰਨ ਤਾਰਨ, 9 ਜੂਨਪਿਛਲੇ ਸਾਲ ਝੋਨੇ ਦੀ ਖਰੀਦ ਮੌਕੇ ਜਿਣਸ ਨੂੰ ਸ਼ੈਲਰਾਂ ਤੱਕ ਲੈ ਕੇ ਜਾਣ ਲਈ ਕੁਝ ਇਕ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਪੈਸਿਆਂ ਦੀ ਕੀਤੀ ਕਟੌਤੀ ਵੀ ਵਾਪਸੀ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਅੱਜ ਇੱਥੇ ਜ਼ਿਲ੍ਹਾ ਮੰਡੀ ਅਧਿਕਾਰੀ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਅਤੇ ਅਧਿਕਾਰੀ ਦੀ ਅਰਥੀ ਸਾੜੀ।ਧਰਨਾਕਾਰੀਆਂ ਦੀ ਅਗਵਾਈ ਕਿਸਾਨ ਸਭਾ ਦੇ ਆਗੂ ਮੁਖਤਿਆਰ ਸਿੰਘ ਮੱਲ੍ਹਾ ਨੇ ਕੀਤੀ। ਧਰਨੇ ਵਿੱਚ ਕਟੌਤੀ ਤੋਂ ਪੀੜਤਾਂ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਕੇਵਲ ਸਿੰਘ ਮਾੜੀ ਕੰਬੋਕੇ, ਮਨਜੀਤ ਸਿੰਘ ਬੱਗੂ, ਮਾਸਟਰ ਦਲਜੀਤ ਸਿੰਘ ਦਿਆਲਪੁਰਾ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ ਨਰਭਿੰਦਰ ਪੱਧਰੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆੜ੍ਹਤੀਆਂ ਵਲੋਂ ਕਿਸਾਨਾਂ ਤੋਂ ਕੀਤੀ ਕਟੌਤੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦੇ ਆੜ੍ਹਤੀਆਂ ਵਲੋਂ ਕਿਸਾਨਾਂ ਤੋਂ ਪ੍ਰਤੀ ਕੁਇੰਟਲ 70 ਤੋਂ ਲੈ ਕੇ 120 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ। ਬੁਲਾਰਿਆਂ ਨੇ ਕਿਹਾ ਕਿ ਕਟੌਤੀ ਦੇ 18 ਲੱਖ ਰੁਪਏ ਦੇ ਕਰੀਬ ਰਾਸ਼ੀ ਵਾਪਸ ਕਰ ਦਿੱਤੀ ਗਈ ਹੈ ਜਦਕਿ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਇਸ ਤੋਂ ਵੀ ਵਧੇਰੇ ਬਚਦੀ ਰਾਸ਼ੀ ਜਿਲ੍ਹਾ ਮੰਡੀ ਅਧਿਕਾਰੀ ਨੂੰ ਵਾਪਸ ਕਰਵਾਉਣ ਲਈ ਹਦਾਇਤ ਕੀਤੀ ਗਈ ਸੀ ਪਰ ਉਹ ਅਜਿਹਾ ਨਹੀਂ ਕਰਵਾ ਸਕਿਆ। ਬੁਲਾਰਿਆਂ ਨੇ ਚਾਰ ਮਹੀਨੇ ਬੀਤਣ ’ਤੇ ਵੀ ਕਿਸਾਨਾ ਨੂੰ ਰਾਸ਼ੀ ਵਾਪਸ ਨਾ ਮਿਲਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਆਉਂਦੇ 10 ਦਿਨ ਦੇ ਅੰਦਰ ਰਾਸ਼ੀ ਦਾ ਭੁਗਤਾਨ ਨਾ ਕੀਤੇ ਜਾਣ ਤੇ ਪ੍ਰਸ਼ਾਸ਼ਨ ਨੂੰ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ।