ਝੂਠੀਆਂ ਖ਼ਬਰਾਂ ਦੇ ਯੁੱਧ ’ਚ ਧੁਆਂਖੀ ਸਚਾਈ
ਅਰਵਿੰਦਰ ਜੌਹਲ
ਦੇਸ਼ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਭਰੋਸੇਯੋਗਤਾ ’ਤੇ ਆਏ ਦਿਨ ਉੱਠਦੇ ਸਵਾਲਾਂ ਦੀ ਸਿਖ਼ਰ ਇਹ ਰਹੀ ਕਿ ਭਾਰਤੀ ਫ਼ੌਜ ਵੱਲੋਂ ਭਾਰਤ-ਪਾਕਿਸਤਾਨ ਟਕਰਾਅ ਦੇ ਸੰਦਰਭ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸੀਡੀਐੱਸ (ਤਿੰਨਾਂ ਸੈਨਾਵਾਂ ਦੇ ਸਾਂਝੇ ਮੁਖੀ) ਅਨਿਲ ਚੌਹਾਨ ਨੇ ਜਨਤਕ ਤੌਰ ’ਤੇ ਇਹ ਗੱਲ ਕਹੀ ਕਿ ਮੀਡੀਆ ਵੱਲੋਂ ਇਸ ਟਕਰਾਅ ਦੌਰਾਨ ਦਿੱਤੀਆਂ ਗਈਆਂ ‘ਫੇਕ’ (ਫਰਜ਼ੀ) ਖ਼ਬਰਾਂ ਤੇ ਗੁਮਰਾਹਕੁਨ ਬਿਰਤਾਂਤ ਕਾਰਨ ਉਨ੍ਹਾਂ ਦਾ 15 ਫ਼ੀਸਦੀ ਸਮਾਂ ਇਸ ਟਕਰਾਅ ਦੀ ਸਹੀ ਸਥਿਤੀ ਦਾ ਨਿਤਾਰਾ ਕਰਨ ’ਚ ਹੀ ਅਜਾਈਂ ਚਲਾ ਗਿਆ। ਫ਼ੌਜ ਵੱਲੋਂ ਆਪਣੀ ਰਣਨੀਤਕ ਯੋਜਨਾ, ਸਥਿਤੀ ਦਾ ਸਹੀ ਮੁਲਾਂਕਣ ਕਰ ਕੇ ਹੀ ਘੜੀ ਜਾਂਦੀ ਹੈ। ਸੀਡੀਐੱਸ ਦਾ ਗ਼ਿਲਾ ਸੀ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਨੇ ਭਾਰਤੀ ਫ਼ੌਜ ਵੱਲੋਂ ਤਟਫਟ ਘੜੀ ਜਾਣ ਵਾਲੀ ਰਣਨੀਤੀ ਦੇ ਅਮਲ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ ਇਸ ਅਪਰੇਸ਼ਨ ਬਾਰੇ ਨਪੇ-ਤੁਲੇ ਢੰਗ ਨਾਲ ਜਾਣਕਾਰੀ ਦੇਣਾ ਚਾਹੁੰਦੇ ਸਨ ਕਿਉਂਕਿ ਜਦੋਂ ਕਦੇ ਅਜਿਹੀ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਗੁਮਰਾਹਕੁਨ ਖ਼ਬਰਾਂ ਭਰਮ ਦੀ ਸਥਿਤੀ ਪੈਦਾ ਕਰਦੀਆਂ ਹਨ। ਮੁੱਖ ਧਾਰਾ ਦੇ ਭਾਰਤੀ ਚੈਨਲਾਂ ਨੇ ਕਦੇ ਲਾਹੌਰ ਅਤੇ ਕਈ ਹੋਰ ਵੱਡੇ ਸ਼ਹਿਰਾਂ ’ਤੇ ਕਬਜ਼ਾ, ਕਦੇ ਕਰਾਚੀ ਦੀ ਬੰਦਰਗਾਹ ਤਬਾਹ ਕਰਨ, ਕਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬੰਕਰ ’ਚ ਛੁਪਣ ਜਿਹੀਆਂ ਖ਼ਬਰਾਂ ਦਿੱਤੀਆਂ ਤੇ ਕਦੇ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਖ਼ਿਲਾਫ਼ ਬਗ਼ਾਵਤ ਜਿਹੀਆਂ ਕਾਲਪਨਿਕ ਖ਼ਬਰਾਂ ਦੇ ਕੇ ਸਮੁੱਚੀ ਦੁਨੀਆ ਵਿੱਚ ਭਾਰਤੀ ਮੀਡੀਆ ਦੀ ਖਿੱਲੀ ਉਡਵਾਈ ਹੈ। ਇਸ ਸਾਰੇ ਰੌਲੇ-ਰੱਪੇ ਦੌਰਾਨ ਸਰਕਾਰ ਨੇ ਲੋਕਾਂ ਨੂੰ ਫਰਜ਼ੀ ਖ਼ਬਰਾਂ ’ਤੇ ਵਿਸ਼ਵਾਸ ਕਰਨ ਦੀ ਥਾਂ ਅਧਿਕਾਰਤ ਸਰਕਾਰੀ ਜਾਣਕਾਰੀ ’ਤੇ ਹੀ ਯਕੀਨ ਕਰਨ ਦੀ ਸਲਾਹ ਦਿੱਤੀ ਪਰ ਅਪਰੇਸ਼ਨ ਸਿੰਧੂਰ ਬਾਰੇ ‘ਫੇਕ’ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਚੈਨਲਾਂ
ਖ਼ਿਲਾਫ਼ ਅਜੇ ਤੱਕ ਕਿਸੇ ਕਾਰਵਾਈ ਦੀ ਕੋਈ ਕਨਸੋਅ ਨਹੀਂ ਹੈ।
ਇਸ ਸਾਰੇ ਪਿਛੋਕੜ ਦਰਮਿਆਨ ਹਾਲ ’ਚ ਹੀ ਮੁੱਖ ਧਾਰਾ ਦੇ ਚੈਨਲ ਨਿਊਜ਼-18 ਦੀ ਉੱਘੀ ਐਂਕਰ ਰੂਬਿਕਾ ਲਿਆਕਤ ਨੇ ਆਪਣੇ ਟਵੀਟ ਦੇ ਨਾਲ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਦੇ ਟਵੀਟ ਦਾ ਸਕਰੀਨ ਸ਼ੌਟ ਵੀ ਸ਼ੇਅਰ ਕਰ ਦਿੱਤਾ ਜਿਸ ਵਿੱਚ ਹਾਮਿਦ ਨੇ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ’ਤੇ ਸੇਧੇ ਨਿਸ਼ਾਨੇ ਦਾ ਹਵਾਲਾ ਦਿੰਦਿਆਂ ਇਹ ਕਹਿ ਦਿੱਤਾ ਕਿ ਭਾਰਤ ’ਚ ਵਿਰੋਧੀ ਧਿਰ ਦਾ ਆਗੂ ਕਹਿ ਰਿਹਾ ਹੈ ਕਿ ਭਾਰਤ ਨੇ ਸਰੰਡਰ (ਆਤਮ ਸਮਰਪਣ) ਕਰ ਦਿੱਤਾ ਹੈ। ਹਾਮਿਦ ਨੇ ਇਹ ਗੱਲ ਭਾਰਤ ਵੱਲੋਂ ਆਤਮ ਸਮਰਪਣ ਕੀਤੇ ਜਾਣ ਨਾਲ ਜੋੜ ਲਈ। ਰੂਬਿਕਾ ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਸ ਦੀ ਪ੍ਰਧਾਨ ਮੰਤਰੀ ’ਤੇ ‘ਨਰੇਂਦਰ ਸਰੰਡਰ’ ਵਾਲੀ ਟਿੱਪਣੀ ਪਾਕਿਸਤਾਨੀ ਪੱਤਰਕਾਰ ਵੱਲੋਂ ਭਾਰਤ ਵਿਰੁੱਧ ਵਰਤੀ ਜਾ ਰਹੀ ਹੈ। ਰੂਬਿਕਾ ਵੱਲੋਂ ਆਪਣੇ ਟਵੀਟ ਦੇ ਨਾਲ ਹਾਮਿਦ ਮੀਰ ਦਾ ਟਵੀਟ ਦੇਣ ਨਾਲ ਉਸ ਉੱਤੇ ਇਹ ਸਵਾਲ ਉੱਠ ਗਿਆ ਕਿ ਭਾਰਤ ਵਿੱਚ ਜਦੋਂ ਸਾਰੇ ਪਾਕਿਸਤਾਨੀ ਪੱਤਰਕਾਰਾਂ ਤੇ ਕਲਾਕਾਰਾਂ ਦੇ ਟਵਿੱਟਰ ਅਕਾਊਂਟ ਬਲੌਕ ਹਨ, ਫਿਰ ਰੂਬਿਕਾ ਨੇ ਉਸ ਦੇ ਐਕਸ ਖਾਤੇ ਤੱਕ ਪਹੁੰਚ ਕਿਵੇਂ ਕੀਤੀ? ਕੀ ਉਸ ਦਾ ਅਜਿਹਾ ਅਮਲ ਦੇਸ਼ ਦੇ ਹਿੱਤ ਵਿੱਚ ਹੈ? ਇਸ ਮਾਮਲੇ ਨੂੰ ਲੈ ਕੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਅਮਿਤਾਭ ਠਾਕੁਰ ਨੇ ਰੂਬਿਕਾ ਨੂੰ ਕਾਨੂੰਨੀ ਨੋਟਿਸ ਦੇ ਕੇ ਇਸ ਦਾ ਜਵਾਬ ਮੰਗਿਆ ਹੈ।
ਅਮਿਤਾਭ ਠਾਕੁਰ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਬਕਾਇਦਾ ਚਿੱਠੀ ਲਿਖ ਕੇ ਇਸ ਐਂਕਰ ਦੀ ਸ਼ਿਕਾਇਤ ਕੀਤੀ ਕਿ ਉਸ ਦੇ ਪ੍ਰੋਗਰਾਮਾਂ ਵਿੱਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਪ੍ਰਤੀ ਭੇਦ-ਭਾਵ ਵਾਲਾ ਰਵੱਈਆ ਸਪੱਸ਼ਟ ਝਲਕਦਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਪ੍ਰਤੀ ਉਸ ਦਾ ਰਵੱਈਆ ਬਹੁਤ ਅਪਮਾਨਜਨਕ ਹੁੰਦਾ ਹੈ। ਉਸ ਨੇ ਮੰਤਰਾਲੇ ਨੂੰ ਲਿਖਿਆ ਕਿ ਅਜਿਹੇ ਡਿਬੇਟ ਸ਼ੋਅਜ਼ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ, ਜਿਸ ਵਿੱਚ ਗੈਸਟ ਮਾੜੀ ਅਤੇ ਗਾਲ੍ਹਾਂ ਵਾਲੀ ਭਾਸ਼ਾ ਦੀ ਵਰਤੋਂ ਕਰਨ। ਇਸ ਸ਼ਿਕਾਇਤ ਮਗਰੋਂ ਮੰਤਰਾਲੇ ਨੇ ਨਿਊਜ਼-18 ਤੋਂ ਇਸ ਬਾਰੇ ਜਵਾਬ ਮੰਗਦਿਆਂ ਪ੍ਰੋਗਰਾਮ ਦੀ ਸੀਡੀ ਉਪਲਬਧ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਅਮਿਤਾਭ ਠਾਕੁਰ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮਾਂਵਲੀ ਦੇ ਨਿਯਮ-6 ਵਿਚਲਾ ਪ੍ਰੋਗਰਾਮ ਕੋਡ ਕਿਸੇ ਵੀ ਤਰ੍ਹਾਂ ਦੀ ਅਣਉੱਚਿਤ, ਇਤਰਾਜ਼ਯੋਗ, ਮਰਿਆਦਾ ਤੋਂ ਸੱਖਣੀ ਅਤੇ ਅਸ਼ਲੀਲ ਭਾਸ਼ਾ ਦੇ ਪ੍ਰਸਾਰਨ ’ਤੇ ਪੂਰਨ ਰੂਪ ’ਚ ਪਾਬੰਦੀ ਲਾਉਂਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਡਿਬੇਟ ਸ਼ੋਅਜ਼ ਵਿੱਚ ਕੁਝ ਮਹਿਮਾਨ ਭਾਸ਼ਾ ਦੇ ਮਾਮਲੇ ’ਚ ਮਰਿਆਦਾ ਦੀ ਪਰਵਾਹ ਨਹੀਂ ਕਰਦੇ ਅਤੇ ਗਾਲ੍ਹਾਂ ਕੱਢਣ ਦੀ ਹੱਦ ਤਕ ਚਲੇ ਜਾਂਦੇ ਹਨ। ਕਈ ਬਹਿਸਾਂ ਵਿੱਚ ਤਾਂ ਗੱਲ ਮਾਰਕੁੱਟ ਤੱਕ ਵੀ ਪਹੁੰਚਦੀ ਰਹੀ ਹੈ। ਇੱਥੇ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਧਾਰਾ ਦੇ ਇੱਕ ਟੀ.ਵੀ. ਸ਼ੋਅ ਦੌਰਾਨ ਕਾਂਗਰਸ ਪਾਰਟੀ ਦੇ ਇੱਕ ਆਗੂ ਦੀ ਮਰੀ ਹੋਈ ਮਾਂ ਨੂੰ ਸੱਤਾਧਾਰੀ ਪਾਰਟੀ ਦੇ ਤਰਜਮਾਨ ਨੇ ਗਾਲ੍ਹ ਕੱਢ ਦਿੱਤੀ ਸੀ।
ਕਈ ਵਾਰ ਇਹ ਜਾਪਦਾ ਹੈ ਕਿ ਸਵਾਲ ਪੁੱਛੇ ਜਾਣ ਦੀ ਸੂਰਤ ਵਿੱਚ ਜੇਕਰ ਕੋਈ ਢੁੱਕਵਾਂ ਤੇ ਤਰਕਸੰਗਤ ਜਵਾਬ ਨਹੀਂ ਹੁੰਦਾ ਤਾਂ ਸਾਹਮਣੇ ਵਾਲੇ ਬਾਰੇ ਭੱਦੀ ਭਾਸ਼ਾ ’ਚ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਜੇ ਫਿਰ ਵੀ ਮੂਹਰਲਾ ਸ਼ਾਂਤੀ ਨਾਲ ਉਸੇ ਸਵਾਲ ਦਾ ਜਵਾਬ ਮੰਗਣ ’ਤੇ ਅੜਿਆ ਰਹੇ ਤਾਂ ਚੀਕ ਚੀਕ ਕੇ ਗਾਲ੍ਹਾਂ ਵਰਗੀ ਭਾਸ਼ਾ ਵਰਤੀ ਜਾਂਦੀ ਹੈ। ਇਸ ਨਾਲ ਸਾਰੀ ਬਹਿਸ ਦਾ ਰੁਖ਼ ਹੀ ਭਾਸ਼ਾ ਦੀ ਮਰਿਆਦਾ ਵੱਲ ਮੁੜ ਜਾਂਦਾ ਹੈ ਅਤੇ ਸਾਰੇ ਅਹਿਮ ਸਵਾਲ ਇਸੇ ਵਿੱਚ ਰੁਲ ਜਾਂਦੇ ਹਨ। ਅਮਿਤਾਭ ਠਾਕੁਰ ਵਰਗਿਆਂ ਨੇ ਇਸ ਅਲਾਮਤ ਦੀ ਨਿਸ਼ਾਨਦੇਹੀ ਕਰਦਿਆਂ ਨਿਯਮਾਂ ਦੇ ਹਵਾਲੇ ਨਾਲ ਡਿਬੇਟ ਸ਼ੋਅਜ਼ ’ਚ ਅਜਿਹੇ ਮਹਿਮਾਨਾਂ ਨੂੰ ਬੁਲਾਉਣ ’ਤੇ ਪੂਰਨ ਪਾਬੰਦੀ ਲਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।
ਚਲੋ, ਇਸ ਦਿਸ਼ਾ ’ਚ ਤਰਕਸੰਗਤ ਢੰਗ ਨਾਲ ਚੁਣੌਤੀ ਦੇਣ ਦੀ ਸ਼ੁਰੂਆਤ ਤਾਂ ਹੋਈ, ਜਿਸ ਨੂੰ ਦੇਖਦਿਆਂ ਭਵਿੱਖ ਵਿੱਚ ਇਸ ਵਿਰੁੱਧ ਹੋਰ ਵੀ ਜ਼ੋਰਦਾਰ ਆਵਾਜ਼ਾਂ ਉੱਠਣ ਦੀ ਆਸ ਬੱਝਦੀ ਹੈ, ਜੋ ਸ਼ਾਇਦ ਮੀਡੀਆ ਨੂੰ ਅੰਤਰਝਾਤ ਲਈ ਮਜਬੂਰ ਕਰ ਦੇਣ।