For the best experience, open
https://m.punjabitribuneonline.com
on your mobile browser.
Advertisement

ਝੂਠਾ ਪੁਲੀਸ ਮੁਕਾਬਲਾ: ਸਾਬਕਾ ਐੱਸਐੱਚਓ ਤੇ ਥਾਣੇਦਾਰ ਨੂੰ ਉਮਰ ਕੈਦ

05:10 AM Feb 05, 2025 IST
ਝੂਠਾ ਪੁਲੀਸ ਮੁਕਾਬਲਾ  ਸਾਬਕਾ ਐੱਸਐੱਚਓ ਤੇ ਥਾਣੇਦਾਰ ਨੂੰ ਉਮਰ ਕੈਦ
ਮੁਹਾਲੀ ਦੀ ਸੀਬੀਆਈ ਅਦਾਲਤ ’ਚੋਂ ਬਾਹਰ ਆਉਂਦੇ ਹੋਏ ਦੋਸ਼ੀ ਪੁਲੀਸ ਅਧਿਕਾਰੀ।
Advertisement
ਦਰਸ਼ਨ ਸਿੰਘ ਸੋਢੀਐੱਸਏਐੱਸ ਨਗਰ (ਮੁਹਾਲੀ), 4 ਫਰਵਰੀ
Advertisement

ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਮਜੀਠਾ ਥਾਣੇ ਦੇ ਸਾਬਕਾ ਐੱਸਐੱਚਓ ਗੁਰਭਿੰਦਰ ਸਿੰਘ ਅਤੇ ਏਐੱਸਆਈ ਪ੍ਰਸ਼ੋਤਮ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਾਬਕਾ ਐੱਸਐੱਚਓ ਅਤੇ ਥਾਣੇਦਾਰ ’ਤੇ ਸਾਲ 1992 ਵਿੱਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਫੌਜੀ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਭੈਣੀ ਅਤੇ ਲਖਵਿੰਦਰ ਸਿੰਘ ਸੁਲਤਾਨਵਿੰਡ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ। ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪ੍ਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀਐੱਸਪੀ ਐੱਸਐੱਸ ਸਿੱਧੂ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਸਾਬਕਾ ਇੰਸਪੈਕਟਰ ਚਮਨ ਲਾਲ ਨੂੰ ਪਿਛਲੀ ਤਰੀਕ ’ਤੇ ਦੋਸ਼ ਮੁਕਤ ਕਰਾਰ ਦਿੱਤਾ ਗਿਆ ਸੀ।

Advertisement

ਪੀੜਤ ਪਰਿਵਾਰਾਂ ਵੱਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨਾ ਅਤੇ ਸਬੂਤ ਮਿਟਾਉਣ ਦੇ ਦੋਸ਼ ਹੇਠ ਧਾਰਾ 218 ਵਿੱਚ 2-2 ਸਾਲ ਦੀ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1992 ਵਿੱਚ ਮਜੀਠਾ ਪੁਲੀਸ ਵੱਲੋਂ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਅਤੇ ਲਖਵਿੰਦਰ ਸਿੰਘ ਸੁਲਤਾਨਵਿੰਡ ਨੂੰ ਜਬਰੀ ਚੁੱਕ ਕੇ ਬਾਅਦ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਦਿਖਾਇਆ ਗਿਆ ਸੀ। ਉਸ ਸਮੇਂ ਪੁਲੀਸ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਅਤਿਵਾਦੀ ਸਨ, ਜਿਨ੍ਹਾਂ ਦੇ ਸਿਰ ’ਤੇ ਇਨਾਮ ਰੱਖਿਆ ਹੋਇਆ ਸੀ ਅਤੇ ਉਹ ਕਤਲ, ਜਬਰੀ ਵਸੂਲੀ, ਲੁੱਟ-ਖਸੁੱਟ ਆਦਿ ਦੇ ਸੈਂਕੜੇ ਮਾਮਲਿਆਂ ਵਿੱਚ ਸ਼ਾਮਲ ਸਨ। ਬੇਅੰਤ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਦਾ ਦੋਸ਼ ਵੀ ਇਨ੍ਹਾਂ ਸਿਰ ਹੀ ਮੜ੍ਹਿਆ ਗਿਆ ਸੀ।

ਸਿਖਰਲੀ ਅਦਾਲਤ ਨੇ 15 ਨਵੰਬਰ 1995 ਨੂੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। ਇਸ ਕੇਸ ਨੂੰ ਪੰਜਾਬ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਮਾਮਲੇ ਨਾਲ ਜੋੜਿਆ ਗਿਆ। ਸੀਬੀਆਈ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਦੇਵ ਸਿੰਘ ਉਰਫ਼ ਦੇਬਾ ਨੂੰ 6 ਸਤੰਬਰ 1992 ਨੂੰ ਪਿੰਡ ਬਾਸਰਕੇ ਭੈਣੀ ਵਿੱਚ ਘਰ ਤੋਂ ਐੱਸਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚੁੱਕਿਆ ਸੀ। ਇੰਜ ਹੀ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਸੁਲਤਾਨਵਿੰਡ ਨੂੰ 12 ਸਤੰਬਰ 1992 ਨੂੰ ਪ੍ਰੀਤਨਗਰ ਅੰਮ੍ਰਿਤਸਰ ਸਥਿਤ ਉਸ ਦੇ ਕਿਰਾਏ ਦੇ ਮਕਾਨ ’ਚੋਂ ਕੁਲਵੰਤ ਸਿੰਘ ਨਾਲ ਐੱਸਆਈ ਗੁਰਭਿੰਦਰ ਸਿੰਘ ਥਾਣਾ ਮਜੀਠਾ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਪੁਲੀਸ ਨੇ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਸੀ।

ਸਾਬਕਾ ਕਾਂਗਰਸੀ ਮੰਤਰੀ ਦੇ ਪੁੱਤਰ ਦੇ ਕਤਲ ਕੇਸ ’ਚ ਝੂਠੇ ਫਸਾਏ ਸਨ ਦੋਵੇਂ

ਜਾਂਚ ਦੌਰਾਨ ਸੀਬੀਆਈ ਨੂੰ ਪਤਾ ਲੱਗਾ ਕਿ ਥਾਣਾ ਛੇਹਰਟਾ ਦੀ ਪੁਲੀਸ ਨੇ ਦੇਬਾ ਅਤੇ ਲੱਖਾ ਨੂੰ ਸਾਬਕਾ ਕਾਂਗਰਸੀ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਕੇਸ ਵਿੱਚ ਝੂਠਾ ਫਸਾਇਆ ਸੀ, ਜਿਸ ਦੀ 23 ਜੁਲਾਈ 1992 ਨੂੰ ਹੱਤਿਆ ਕਰ ਦਿੱਤੀ ਗਈ ਸੀ। 12 ਸਤੰਬਰ ਨੂੰ ਛੇਹਰਟਾ ਪੁਲੀਸ ਨੇ ਉਸ ਕਤਲ ਕੇਸ ਵਿੱਚ ਬਲਦੇਵ ਸਿੰਘ ਦੇਬਾ ਦੀ ਗ੍ਰਿਫ਼ਤਾਰੀ ਪਾਈ ਸੀ ਅਤੇ 13 ਸਤੰਬਰ 1992 ਨੂੰ ਦੋਵੇਂ ਨੌਜਵਾਨਾਂ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਦੋਂ ਪੁਲੀਸ ਨੇ ਕਹਾਣੀ ਘੜੀ ਸੀ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਪਿੰਡ ਸੰਸਾਰਾ ਨੇੜੇ ਬਲਦੇਵ ਸਿੰਘ ਨੂੰ ਲਿਜਾਂਦੇ ਸਮੇਂ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ ਸੀ। ਇਸ ਵਿੱਚ ਬਲਦੇਵ ਸਿੰਘ ਦੇਬਾ ਅਤੇ ਹਮਲਾਵਰ ਮਾਰਿਆ ਗਿਆ ਸੀ, ਜਿਸ ਦੀ ਬਾਅਦ ਵਿੱਚ ਪਛਾਣ ਲਖਵਿੰਦਰ ਸਿੰਘ ਲੱਖਾ ਵਜੋਂ ਹੋਈ। ਸੀਬੀਆਈ ਨੇ ਇਹ ਸਿੱਟਾ ਕੱਢਿਆ ਕਿ ਦੋਵੇਂ ਨੌਜਵਾਨਾਂ ਨੂੰ ਜਬਰੀ ਚੁੱਕ ਕੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

Advertisement
Author Image

Gurpreet Singh

View all posts

Advertisement