For the best experience, open
https://m.punjabitribuneonline.com
on your mobile browser.
Advertisement

ਜੱਟ ਦਾ ਰਜਿਸਟਰ

04:12 AM Jan 18, 2025 IST
ਜੱਟ ਦਾ ਰਜਿਸਟਰ
Advertisement

ਬਾਲ ਕਹਾਣੀ

Advertisement

ਰਵਿੰਦਰ ਰੁਪਾਲ ਕੌਲਗੜ੍ਹ
ਇਹ ਗੱਲ ਪੁਰਾਣੇ ਸਮੇਂ ਦੀ ਹੈ। ਸਾਡੇ ਪਿੰਡ ਵਿੱਚ ਸੱਜਣ ਨਾਂ ਦਾ ਇੱਕ ਬੰਦਾ ਰਹਿੰਦਾ ਹੁੰਦਾ ਸੀ। ਉਸ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ, ਜਿਵੇਂ ਉਰਦੂ, ਹਿੰਦੀ ਅਤੇ ਪੰਜਾਬੀ ਆਦਿ। ਉਹ ਪਿੰਡ ਦੇ ਲੋਕਾਂ ਨੂੰ ਲੋੜ ਪੈਣ ਸਮੇਂ ਪੈਸੇ ਵਿਆਜ ਉੱਤੇ ਦਿੰਦਾ ਅਤੇ ਰਜਿਸਟਰ ਉੱਤੇ ਲਿਖ ਲੈਂਦਾ। ਉਹ, ਉਸ ਰਜਿਸਟਰ ਨੂੰ ਹਮੇਸ਼ਾਂ ਆਪਣੇ ਕੋਲ ਰੱਖਦਾ। ਜਿੱਥੇ ਵੀ ਉਸ ਨੂੰ ਉਹਦਾ ਕੋਈ ਗਹਾਕ ਮਿਲਦਾ, ਉੱਥੇ ਹੀ ਉਸ ਨੂੰ ਲੈਣ-ਦੇਣ ਵਾਲੇ ਪੈਸਿਆਂ ਦਾ ਹਿਸਾਬ ਕਿਤਾਬ ਬਣਾ ਕੇ ਦੱਸ ਦਿੰਦਾ।
ਹੌਲੀ ਹੌਲੀ ਸਾਰਾ ਪਿੰਡ ਜਿਵੇਂ ਉਸ ਦਾ ਅਸਲੀ ਨਾਂ ਤਾਂ ਭੁੱਲ ਹੀ ਗਿਆ ਹੋਵੇੇ। ਪਿੰਡ ਦੇ ਲੋਕਾਂ ਨੇ ਹੁਣ ਉਸ ਦਾ ਨਾਂ ਵਿਆਜੂ ਬਾਬੂ ਰੱਖ ਲਿਆ ਸੀ। ਮਤਲਬ ਦੀ ਗੱਲ ਨੂੰ ਉਹ ਧਿਆਨ ਨਾਲ ਸੁਣਦਾ ਅਤੇ ਫਾਲਤੂ ਗੱਲਾਂ ਲਈ ਉਹ ਹਮੇਸ਼ਾਂ ਬੋਲਾ ਬਣਿਆ ਰਹਿੰਦਾ।
ਇੱਕ ਦਿਨ ਪਿੰਡ ਦੇ ਜ਼ਿਮੀਂਦਾਰ ਬੰਤਾ ਸਿੰਘ ਨੂੰ ਖੇਤੀਬਾੜੀ ਦਾ ਕੋਈ ਸਾਮਾਨ ਖਰੀਦਣ ਲਈ ਕੁਝ ਪੈਸਿਆਂ ਦੀ ਲੋੜ ਪੈ ਗਈ। ਉਸ ਨੇ ਸਵੇਰੇ ਸਵੇਰੇ ਵਿਆਜੂ ਬਾਬੂ ਨੂੰ ਘਰ ਜਾ ਕੇ ਸਤਿ ਸ੍ਰੀ ਆਕਾਲ ਬੁਲਾਈ। ਵਿਆਜੂ ਬਾਬੂ ਬੰਤਾ ਸਿੰੰਘ ਨੂੰ ਘਰ ਆਇਆ ਦੇਖ ਕੇ ਆਪਣੀਆਂ ਐਨਕਾਂ ਵਿੱਚਦੀ ਉਹਦੇ ਵੱਲ ਝਾਕਿਆ ਅਤੇ ਬੋਲਿਆ, ‘‘ਆ ਬਈ ਬੰਤਾ ਸਿੰਹਾਂ ਕੀ ਹਾਲ ਚਾਲ ਹੈ ਭਾਈ ਤੇਰਾ? ਅੱਜ ਸਵੇਰੇ ਸਵੇਰੇ ਕਿੱਧਰ ਆਉਣੇ ਹੋਏ? ਆ ਬੈਠ...।’’ ਉਸ ਨੇ ਮੰਜੇ ’ਤੇ ਬੈਠਣ ਦਾ ਇਸ਼ਾਰਾ ਕੀਤਾ।
ਬੰਤਾ ਸਿੰਘ ਮੰਜੇ ’ਤੇ ਬੈਠਦਾ ਹੀ ਬੋਲਿਆ, ‘‘ਬਾਬੂ ਜੀ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਪੈ ਗਈ, ਕੋਈ ਸਾਮਾਨ ਖਰੀਦਣੈ, ਮੈਂ ਸੋਚਿਆ ਖੇਤਾਂ ਨੂੰ ਜਾਣ ਤੋਂ ਪਹਿਲਾਂ ਬਾਬੂ ਜੀ ਨੂੰ ਹੀ ਪੁੱਛ ਜਾਵਾਂ।’’ ਬੰਤਾ ਸਿੰਘ ਨੇ ਮੰਜੇ ’ਤੇ ਬੈਠਣ ਸਾਰ ਆਪਣੇ ਆਉਣ ਦਾ ਕਾਰਨ ਦੱਸਿਆ।
ਫਿਰ ਭਾਈ ਤੈਨੂੰ ਜੁਆਬ ਥੋੜ੍ਹੀ ਐ ਕਿਸੇ ਗੱਲੋਂ, ਜਿੰਨੇ ਮਰਜ਼ੀ ਪੈਸੇ ਲੈ, ਲੈ ਤੂੰ, ਪਰ ਹੁਣ ਤੂੰ ਇਉਂ ਕਰ, ਤੂੰ ਖੇਤਾਂ ਵੱਲ ਜਾ ਈ ਰਿਹੈ, ਮੈਂ ਦੁਪਹਿਰੇ ਤੇਰੇ ਖੇਤਾਂ ਵੱਲ ਕੋਈ ਕੰਮ ਆਉਣੈ, ਉੱਥੇ ਆ ਕੇ ਮੈਂ ਪੈਸੇ ਦੇ ਦਿਆਂਗਾ ਤੈਨੂੰ, ਹੁਣ ਘਰੇ ਮਹਿਮਾਨ ਆਏ ਹੋਏ ਨੇ, ਮੈਂ ਉਨ੍ਹਾਂ ਨਾਲ ਘੰਟਾਂ ਕੁ ਕਿਤੇ ਬਾਹਰ ਜਾ ਕੇ ਆਉਣੈ।’’ ਵਿਆਜੂ ਬਾਬੂ ਨੇ ਵੀ ਆਪਣੀ ਗੱਲ ਮੁਕਾਈ ਅਤੇ ਬੰਤਾ ਸਿੰਘ ਉੱਠ ਕੇ ਖੇਤਾਂ ਵੱਲ ਨੂੰ ਤੁਰ ਪਿਆ।
ਦੁਪਹਿਰ ਦੇ ਵਕਤ ਜਦੋਂ ਬੰਤਾ ਸਿੰਘ ਦੀ ਘਰਵਾਲੀ ਅਤੇ ਉਸ ਦਾ ਚੌਥੀ ਜਮਾਤ ਵਿੱਚ ਪੜ੍ਹਦਾ ਪੋਤਾ ਪਪਲੀ, ਬੰਤਾ ਸਿੰਘ ਦੀ ਰੋਟੀ ਲੈ ਕੇ ਆਏ ਤਾਂ ਅਚਾਨਕ ਓਧਰੋਂ ਵਿਆਜੂ ਬਾਬੂ ਵੀ ਉਸੇ ਮੌਕੇ ਉੱਤੇ ਬੰਤਾ ਸਿੰਘ ਕੋਲ ਪਹੁੰਚ ਗਿਆ। ਆਉਂਦੇ ਹੀ ਉਹ ਬੰਤਾ ਸਿੰਘ ਨੂੰ ਕਹਿਣ ਲੱਗਿਆ, ‘‘ਲਾਣੇਦਾਰ ਜੀ ਰੋਟੀ ਫੇਰ ਖਾਇਓ, ਮੈਨੂੰ ਜ਼ਰਾ ਕਾਹਲੀ ਐ।’’ ਇਉਂ ਕਹਿ ਕੇ ਬਾਬੂ ਵੱਟ ਉੱਪਰ ਬੈਠ ਗਿਆ ਅਤੇ ਆਪਣੇ ਰਜਿਸਟਰ ’ਚ ਪੈੱਨ ਨਾਲ ਕੁਝ ਲਿਖਣ ਲੱਗਿਆ। ਉਸ ਦੇ ਨੇੜੇ ਖੜ੍ਹਾ ਪਪਲੀ ਬੜੇ ਧਿਆਨ ਨਾਲ ਬਾਬੂ ਨੂੰ ਲਿਖਦੇ ਹੋਏ ਦੇਖਣ ਲੱਗਿਆ। ਬਾਬੂ ਦੀ ਅਚਾਨਕ ਨਜ਼ਰ ਉਸ ਮੁੰਡੇ ਉੱਤੇ ਗਈ ਕਿ ਮੁੰਡਾ ਤਾਂ ਕਾਗਜ਼ਾਂ ’ਚ ਅੱਖਾਂ ਗੱਡੀ ਖੜ੍ਹੈ ਤਾਂ ਉਸ ਨੇ ਬੰਤਾ ਸਿੰਘ ਨੂੰ ਕਿਹਾ, ‘‘ਭਾਈ ਬੰਤਾ ਸਿੰੰਘ ਮੁੰਡੇ ਨੂੰ ਘੂਰ ਕੇ ਪਰੇ ਕਰ, ਇਸ ਨੇ ਹੁਣੇ ਹੀ ਇਨ੍ਹਾਂ ਪੰਗਿਆਂ ਤੋਂ ਕੀ ਲੈਣੈ ਭਲਾਂ?’’
ਬੰਤਾ ਸਿੰੰਘ ਨੇ ਪਪਲੀ ਨੂੰ ਫਟਕਾਰ ਮਾਰੀ, ‘‘ਚੱਲ ਉਏ ਮੁੰਡਿਆ ਪਰ੍ਹੇ ਜਾ ਕੇ ਖੇਡ।’’ ਘੂਰ ਸੁਣ ਕੇ ਪਪਲੀ ਪਰ੍ਹੇ ਖੇਤਾਂ ਵਿੱਚ ਖੜ੍ਹੇ ਸਫੈਦੇ ਕੋਲ ਜਾ ਖੜ੍ਹਿਆ ਅਤੇ ਇੱਕ ਤਿੱਖੀ ਨੋਕਦਾਰ ਰੋੜੀ ਨਾਲ ਸਫੈਦੇ ਦੇ ਦਰੱਖਤ ਉੱਪਰ ਝਰੀਟਾਂ ਮਾਰਨ ਲੱਗਿਆ। ਓਧਰ ਵਿਆਜੂ ਬਾਬੂ ਨੇ ਬੰਤਾ ਸਿੰਘ ਤੋਂ ਅੰਗੂਠਾ ਲਗਵਾ ਲਿਆ ਅਤੇ ਪੈਸੇ ਦੇ ਕੇ ਵਾਪਸ ਚਲਾ ਗਿਆ।
ਚਾਰ ਕੁ ਮਹੀਨਿਆਂ ਬਾਅਦ ਜਦੋਂ ਵਿਆਜੂ ਬਾਬੂ, ਬੰਤਾ ਸਿੰਘ ਦੇ ਘਰ ਆਪਣੇ ਦਿੱਤੇ ਹੋਏ ਪੈਸੇ, ਵਿਆਜ ਸਮੇਤ ਵਾਪਸ ਲੈਣ ਆਇਆ ਤਾਂ ਉਨ੍ਹਾਂ ਦੀ ਆਪਸ ਵਿੱਚ ਇਸ ਗੱਲ ’ਤੇ ਬਹਿਸ ਹੋ ਗਈ। ਬੰਤਾ ਸਿੰਘ ਕਹਿ ਰਿਹਾ ਸੀ ਕਿ ਐਨੇ ਪੈਸੇ ਨਹੀਂ ਬਣਦੇ, ਤੇ ਨਾ ਹੀ ਅਜੇ ਏਨੇ ਮਹੀਨੇ ਹੋਏ ਨੇ। ਬਾਬੂ ਕਹਿ ਰਿਹਾ ਸੀ ਕਿ ਐਨੇ ਹੀ ਬਣਦੇ ਨੇ, ‘‘ਮੈਨੂੰ ਪਤਾ ਹੈ, ਮੇਰਾ ਰਜਿਸਟਰ ਵਿੱਚ ਲਿਖਿਆ ਹੋਇਆ ਹੈ, ਮੈਂ ਝੂਠ ਬੋਲ ਸਕਦਾ ਹਾਂ, ਮੈਂ ਭੁੱਲ ਵੀ ਸਕਦਾ ਹਾਂ, ਪਰ ਮੇਰਾ ਰਜਿਸਟਰ ਤਾਂ ਕਦੇ ਝੂਠ ਨਹੀਂ ਬੋਲ ਸਕਦਾ, ਇਹ ਦੇਖੋ...।’’ ਵਿਆਜੂ ਬਾਬੂ ਆਪਣਾ ਰਜਿਸਟਰ ਬੰਤਾ ਸਿੰਘ ਅੱਗੇ ਕਰਕੇ ਉਸ ਨੂੰ ਦਿਖਾ ਰਿਹਾ ਸੀ, ਪਰ ਅਨਪੜ੍ਹ ਬੰਤਾ ਸਿੰਘ ਨੂੰ ਕਾਗਜ਼ੀ ਕਾਰਵਾਈ ਦਾ ਕੋਈ ਗਿਆਨ ਨਹੀਂ ਸੀ। ਉਹ ਆਪਣਾ ਸਿਰਫ਼ ਅੰਦਾਜ਼ਾ ਲਾ ਕੇ ਬਾਬੂ ਨੂੰ ਦੱਸ ਰਿਹਾ ਸੀ।
‘‘ਅੰਦਾਜ਼ਿਆਂ ਨਾਲ ਨਹੀਂ ਕੰਮ ਚੱਲਦੇ ਹੁੰਦੇ ਬੰਤਾ ਸਿੰਹਾਂ, ਇਹ ਤਾਂ ਪੱਕੀਆਂ ਤਰੀਕਾਂ ਮੁਤਾਬਕ ਚੱਲਣਾ ਪੈਂਦੈ।’’ ਫਿਰ ਕੁਝ ਹੀ ਪਲਾਂ ਬਾਅਦ ਇਸ ਹੋ ਰਹੀ ਬਹਿਸ ਦੀ ਆਵਾਜ਼ ਘਰ ਦੇ ਮੈਂਬਰਾਂ ਤੱਕ ਪਹੁੰਚ ਗਈ। ਇੰਨੀ ਦੇਰ ਵਿੱਚ ਪਪਲੀ ਵੀ ਸਕੂਲੋਂ ਪੜ੍ਹ ਕੇ ਆ ਗਿਆ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਝਗੜਾ ਇਸ ਗੱਲੋਂ ਹੋ ਰਿਹੈ, ਤਾਂ ਉਸ ਨੇ ਆਪਣੇ ਦਾਦਾ ਜੀ ਅਤੇ ਵਿਆਜੂ ਬਾਬੂ ਵਿਚਕਾਰ ਆ ਕੇ ਕਿਹਾ, ‘‘ਮੈਂ ਦੱਸਦਾ ਹਾਂ ਅਸਲ ਤਰੀਕ ਕਿਹੜੀ ਹੈ।’’
ਇਹ ਸ਼ਬਦ ਸੁਣਦੇ ਹੀ ਵਿਆਜੂ ਬਾਬੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਪਰ ਉਹ ਸੰਭਲ ਕੇ ਬੋਲਿਆ, ‘‘ਇਹ ਤਾਂ ਕੱਲ੍ਹ ਦਾ ਭੋਰਾ ਭਰ ਜੁਆਕ ਐ, ਏਨੂੰ ਵੱਧ ਪਤੈ ਮੇਰੇ ਨਾਲੋਂ? ਮੈਂ ਜਿਹੜਾ ਪੱਕੀ ਤਰੀਕ ਪਾ ਕੇ ਲਿਖਿਆ ਹੋਇਐ, ਮੈਂਂ ਸਿਆਣਾ ਬਿਆਣਾ ਬੰਦਾ, ਕੋਈ ਝੂਠ ਥੋੜ੍ਹੀ ਬੋਲਦਾਂ, ਜੇ ਮੈਂ ਤਰੀਕਾਂ ਹੀ ਗ਼ਲਤ ਲਿਖਣ ਲੱਗਿਆ ਤਾਂ ਮੇਰਾ ਕੰਮ ਚੱਲ ਲਿਆ।’’ ਵਿਆਜੂ ਬਾਬੂ ਆਪਣੀ ਗੱਲ ਉੱਤੇ ਅੜ ਗਿਆ।
‘‘ਤੈਨੂੰ ਪਤੈ ਪਪਲੀ ਪੁੱਤ?’’ ਬੰਤਾ ਸਿੰਘ ਨੇ ਆਪਣੇ ਪੋਤੇ ਨੂੰ ਬਹੁਤ ਹੀ ਪਿਆਰ ਅਤੇ ਹੈਰਾਨੀ ਨਾਲ ਪੁੱਛਿਆ।
‘‘ਹਾਂ ਦਾਦਾ ਜੀ, ਮੈਨੂੰ ਪਤਾ ਹੈ।’’ ਮੁੰਡਾ ਦ੍ਰਿੜ ਸੀ।
‘‘ਚਲੋ ਸਾਰੇ ਓਸ ਥਾਂ ਉੱਤੇ, ਜਿੱਥੇ ਤੁਸੀਂ ਬੈਠ ਕੇ ਪੈਸੇ ਲਏ ਸੀ।’’ ਪਪਲੀ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਉੱਥੇ ਇਹੋ ਜਿਹਾ ਕੀ ਹੈ ਜਿੱਥੇ ਪਪਲੀ ਕਹਿੰਦਾ ਹੈ।
ਇਹ ਦੇਖਣ ਲਈ ਵਿਆਜੂ ਬਾਬੂ ਸਮੇਤ ਘਰ ਦੇ ਸਾਰੇ ਮੈਂਬਰ ਆਪਣੇ ਖੇਤਾਂ ’ਚ ਚਲੇ ਗਏ ਤੇ ਪਪਲੀ ਉਨ੍ਹਾਂ ਨੂੰ ਉਸੇ ਸਫੈਦੇ ਕੋਲ ਲੈ ਗਿਆ, ਜਿੱਥੇ ਉਸ ਨੇ ਸਫੈਦੇ ਉੱਪਰ ਉਸ ਦਿਨ ਦੀ ਤਰੀਕ ਉੱਕਰੀ ਹੋਈ ਸੀ। ‘‘ਆਹ ਦੇਖੋ।’’ ਪਪਲੀ ਨੇ ਕਿਹਾ ਤੇ ਸਾਰੇ ਜਣੇ ਉੱਥੇ ਲਿਖੀ ਹੋਈ ਤਰੀਕ ਦੇਖਕੇ ਹੈਰਾਨ ਰਹਿ ਗਏ।
ਵਿਆਜੂ ਬਾਬੂ ਵੀ ਅਸਲੀ ਤਰੀਕ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਅਤੇ ਆਪਣਾ ਭੋਲਾ ਜਿਹਾ ਮੂੰਹ ਬਣਾ ਕੇ ਆਪਣੇ ਰਜਿਸਟਰ ਨੂੰ ਗਹੁ ਨਾਲ ਦੇਖਣ ਲੱਗਿਆ, ‘‘ਸ਼ਾਇਦ ਮੈਨੂੰ ਕੋਈ ਗ਼ਲਤੀ ਲੱਗ ਗਈ ਹੋਣੀ ਐ, ਉਸ ਦਿਨ ਮੈਂ ਕਾਹਲੀ ਵਿੱਚ ਸੀ।’’ ਉਹ ਇਵੇਂ ਬੋਲ ਰਿਹਾ ਸੀ ਜਿਵੇਂ ਖੂਹ ਵਿੱਚ ਨੂੰ ਉਤਰ ਗਿਆ ਹੋਵੇ। ਏਨਾ ਕਹਿ ਕੇ ਉਹ ਉੱਥੋਂ ਤੁਰਨ ਹੀ ਲੱਗਿਆ ਸੀ ਕਿ ਬੰਤਾ ਸਿੰੰਘ ਨੇ ਪਪਲੀ ਨੂੰ ਗੋਦੀ ਚੁੱਕ ਕੇ ਆਪਣੀ ਹਿੱਕ ਨਾਲ ਲਾਉਂਦੇ ਹੋਏ ਕਿਹਾ, ‘‘ਬਾਬੂ ਜੀ ਦੇਖਿਆ ਬੰਤਾ ਸਿੰਘ ਜੱਟ ਦਾ ਰਜਿਸਟਰ, ਇਹ ਵੀ ਕਦੀ ਝੂਠ ਨਹੀਂ ਬੋਲਦਾ।’’
ਪਪਲੀ ਨੇ ਆਪਣੇ ਦਾਦਾ ਜੀ ਨੂੰ ਭੋਲੇ ਭਾਅ ਹੀ ਪੁੱਛਿਆ, ‘‘ਬਾਪੂ ਜੀ ਤੁਸੀਂ ਮੈਨੂੰ ਹੁਣ ਤਾਂ ਨਹੀਂ ਕਦੀ ਘੂਰੋਗੇ?’’
ਏਨਾ ਸੁਣਦੇ ਹੀ ਬੰਤਾ ਸਿੰਘ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ‘‘ਨਹੀਂਓ ਪੁੱਤਰਾਂ ਕਦੇ ਵੀ ਨਹੀਂ ਘੂਰਾਂਗਾ, ਮੈਨੂੰ ਅਨਪੜ੍ਹ ਬੰਦੇ ਨੂੰ ਕੀ ਪਤਾ ਸੀ ਕਿ ਪੜ੍ਹਾਈ ’ਚ ਐਨੀ ਤਾਕਤ ਹੁੰਦੀ ਐ ਕਿ ਇਹ ਲੜਾਈਆਂ ਝਗੜੇ ਹੋਣੋ ਰੋਕ ਦਿੰਦੀ ਹੈ। ਅੱਜ ਤੋਂ ਬਾਅਦ ਤੂੰ ਦੱਬ ਕੇ ਪੜ੍ਹਾਈ ਕਰਨੀ ਮੇਰੇ ਸ਼ੇਰਾ, ਸ਼ਾਬਾਸ਼।’’ ਫਿਰ ਬੰਤਾ ਸਿੰਘ ਆਪਣੇ ਪੋਤੇ ਨੂੰ ਚੁੱਕ ਕੇ ਹੀ ਘਰ ਵੱਲ ਨੂੰ ਤੁਰ ਪਿਆ।
ਇਕੱਲਾ ਵਿਆਜੂ ਬਾਬੂੂ ਚੋਰਾਂ ਵਾਂਗ ਨੀਵੀਂ ਜਿਹੀ ਪਾ ਕੇ ਦੂਜੇ ਪਾਸੇ ਨੂੰ ਖਿਸਕ ਗਿਆ ਤੇ ਫਿਰ ਇਸੇ ਨਮੋਸ਼ੀ ਦਾ ਮਾਰਾ, ਅਗਲੇ ਦੋ ਕੁ ਮਹੀਨਿਆਂ ਦੇ ਅੰਦਰ-ਅੰਦਰ ਉਹ ਪਿੰਡ ਛੱਡ ਕੇ ਕਿਸੇ ਹੋਰ ਸ਼ਹਿਰ ’ਚ ਜਾ ਕੇ ਰਹਿਣ ਲੱਗ ਪਿਆ ਸੀ। ਜਦੋਂ ਬੰਤਾ ਸਿੰਘ ਨੇ ਲੋਕਾਂ ਨੂੰ ਵਿਆਜੂ ਬਾਬੂ ਦੇ ਪਿੰਡੋਂ ਜਾਣ ਦਾ ਕਾਰਨ ਦੱਸਿਆ ਤਾਂ ਪਿੰਡ ਦੇ ਲੋਕੀਂ ਇਹ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ ਅਤੇ ਪਪਲੀ ਨੂੰ ਸ਼ਾਬਾਸ਼ ਦਿੰਦੇ ਹੋਏ ਕਹਿ ਰਹੇ ਸਨ, ‘‘ਵਾਹ! ਉਏ ਪੁੱਤਰ ਤੂੰ ਤਾਂ ਕਮਾਲ ਕਰ ਦਿੱਤੀ...ਕਮਾਲ।’’ ਪਪਲੀ ਤੋਂ ਮਾਣ ਸਾਂਭਿਆ ਨਹੀਂ ਸੀ ਜਾ ਰਿਹਾ।
ਸੰਪਰਕ: 93162-88955

Advertisement

Advertisement
Author Image

Balwinder Kaur

View all posts

Advertisement