‘ਜੱਟਾ ਆਈ ਵਿਸਾਖੀ, ਮੁੱਕ ਗਈ ਕਣਕਾਂ ਦੀ ਰਾਖੀ’
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਪਰੈਲ
‘ਜੱਟਾ ਆਈ ਵਿਸਾਖੀ, ਮੁੱਕ ਗਈ ਕਣਕਾਂ ਦੀ ਰਾਖੀ’ ਨੂੰ ਰੂਪ ਦਿੰਦਿਆਂ ਕਿਸਾਨ ਲਵਜੀਤ ਸਿੰਘ ਤੇ ਪ੍ਰਭਜੀਤ ਸਿੰਘ ਪਿੰਡ ਖੁਖਰਾਣਾ ਨੇ ਕੰਬਾਈਨ ਨਾਲ ਕਣਕ ਦੀ ਵਾਢੀ ਸ਼ੁਰੂ ਕੀਤੀ। ਕਿਸਾਨਾਂ ਦਾ ਕਹਿਣਾ ਕਿ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਹੁਣ ਸਾਂਭਣ ਦਾ ਸਮਾਂ ਆ ਗਿਆ।
ਉਹ ਹਰ ਸਾਲ ਵਿਸਾਖੀ ਵਾਲੇ ਦਿਨ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ। ਕਿਸਾਨ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਕਣਕ ਦੀ ਵਾਢੀ ਉਪਰੰਤ ਉਹ ਮੁੜ ਕਿਸਾਨ ਅੰਦੋਲਨ ’ਚ ਸ਼ਾਮਲ ਹੋਣਗੇ। ਇਸ ਮੌਕੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਸਾਖੀ ਬਹੁਪੱਖੀ ਮਹੱਤਵ ਰੱਖਣ ਵਾਲਾ ਤਿਉਹਾਰ ਵਿਸ਼ੇਸ਼ ਰੂਪ ਵਿੱਚ ਫਸਲਾਂ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ‘ਅੰਮ੍ਰਿਤ’ ਰੂਪੀ ਗੁੜ੍ਹਤੀ ਅਤੇ ਸੇਵਾ, ਸਿਮਰਨ ਅਤੇ ਸੂਰਬੀਰਤਾ ਨਾਲ ਹਰੇਕ ਸਿੱਖ ਨੂੰ ਜ਼ੁਲਮ ਖ਼ਿਲਾਫ਼ ਜੰਗ ਲੜਨ ਲਈ ਸਾਲ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪਾਹੁਲ ਦੇ ਕੇ ਚਿੜੀਆਂ ਨੂੰ ਬਾਜਾਂ ਨਾਲ ਟਕਰਾਉਣ ਦੇ ਹੌਸਲੇ ਬਖ਼ਸ਼ੇ ਸਨ। ਇਸੇ ਹੀ ਦਿਨ ਸਾਲ 1919 ਨੂੰ ਅੰਮ੍ਰਿਤਸਰ ‘ਜੱਲ੍ਹਿਆਂ ਵਾਲੇ ਬਾਗ’ ’ਚ ਵਾਪਰੇ ਖੂਨੀ ਸਾਕੇ ਦੀ ਇਤਿਹਾਸਕ ਮਹੱਤਤਾ ਹੈ। ਜਿਥੇ ਹਿੰਦੂ, ਸਿੱਖ ਤੇ ਮੁਸਲਮਾਨਾਂ ਦਾ ਸਾਂਝਾ ਖੁੂਨ ਡੁੱਲ੍ਹਿਆ ਅਤੇ ਇਹ ਖੂਨੀ ਸਾਕਾ ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੜਾਈ ਦਾ ਅਹਿਮ ਹਿੱਸਾ ਬਣਿਆ।
ਇਸ ਮੌਕੇ ਬਜ਼ੁਰਗ ਕਿਸਾਨ ਮਾਸਟਰ ਗੁਰਚਰਨ ਸਿੰਘ ਰੋਡੇ ਨੇ ਕਿਹਾ ਕਿ ਪੁਰਾਣੇ ਸਮੇਂ ’ਚ ਅੱਜ ਵਾਂਗ ਬਹੁ-ਫ਼ਸਲੀ ਚੱਕਰ ਨਹੀ ਸੀ ਅਤੇ ਨਾ ਹੀ ਨਾੜ ਨੂੰ ਅੱਗ ਲਾ ਕੇ ਜ਼ਮੀਨ ਦਾ ਉਪਜਾਊ ਸੀਨਾ ਸਾੜਿਆ ਜਾਂਦਾ ਸੀ। ਬਲਦਾਂ ਵਾਲੇ ਗੱਡਿਆਂ ਨਾਲ ਰੂੜੀ ਦੀ ਖ਼ਾਦ ਅਤੇ ਹਰੀ ਖ਼ਾਦ ਲਈ ਸਣ ਜਾਂ ਗੁਆਰਾ ਖੇਤ ’ਚ ਹੀ ਵਾਹ ਦਿੱਤਾ ਜਾਂਦਾ ਸੀ। ਪੁਰਾਣੇ ਸਮੇਂ ਕਣਕ ਦਾ ਸੀਜ਼ਨ ਕਰੀਬ 2 ਮਹੀਨੇ ਚਲਦਾ ਸੀ ਪਰ ਹੁਣ ਆਧੁਨਿਕ ਤਕਨੀਕ ਜ਼ਮਾਨੇ ’ਚ ਇਹ ਸੀਜ਼ਨ 15 ਦਿਨ ਤੋਂ ਵੀ ਘੱਟ ਸਮੇਂ ਦਾ ਰਹਿ ਗਿਆ । ਕਣਕ ਵੱਢਣ ਲਈ ਨਾਂ ਦਾਤੀ ਨੂੰ ਘੁੰਗਰੂ, ਫ਼ਲ੍ਹਾ, ਖੁਰਗੋ, ਸਲੰਘ, ਤੰਗਲੀ, ਦੋ-ਸਾਂਗਾ ਆਦਿ ਦੀ ਹੋਂਦ ਖ਼ਤਮ ਹੋ ਗਈ ਹੈ।