ਜੱਗ ਜਿਊਂਦਿਆਂ ਦੇ ਮੇਲੇ
ਕਰਨਲ ਬਲਬੀਰ ਸਿੰਘ ਸਰਾਂ
ਪਿਛਲੀ 17 ਅਪਰੈਲ ਮੇਰੀ ਬਟਾਲੀਅਨ ਦੇ ਸਾਬਕਾ ਸੈਨਿਕ (ਅਫਸਰ, ਜੇਸੀਓਜ਼ ਜਵਾਨ) ਅਤੇ ਥੋੜ੍ਹੇ ਜਿਹੇ ਸੇਵਾ ਕਰ ਰਹੇ ਸਾਂਬਾ (ਜੰਮੂ ਕਸ਼ਮੀਰ) ਨੇੜੇ ਰਈਆਂ ਪਿੰਡ ਇਕੱਠੇ ਹੋਏ, ਬਟਾਲੀਅਨ ਦਾ ਜਨਮ ਦਿਹਾੜਾ ਮਨਾਉਣ; ਉਸੇ ਪਿੰਡ ਜਿੱਥੇ 15 ਅਪਰੈਲ 1948 ਨੂੰ ਇਹ ਖੜ੍ਹੀ ਹੋਈ ਸੀ। ਉਸ ਵਕਤ ਇਹ ਵਾਲੰਟਰੀ ਫੋਰਸ ਸੀ। ਇਲਾਕੇ ਦੇ ਲੋਕ ਪਾਕਿਸਤਾਨੀ ਰੇਡਰਾਂ ਨਾਲ ਨਜਿੱਠਣ ਲਈ ਤੋੜੇਦਾਰ ਬੰਦੂਕਾਂ, ਗੰਡਾਸੇ, ਟਕੂਏ, ਕਿਰਪਾਨਾਂ, ਡਾਂਗਾਂ ਜੋ ਹੱਥ ਆਇਆ, ਲੈ ਕੇ ਇਕਜੁਟ ਹੋਏ ਸਨ। ਇਹ ਰੇਡਰ ਨਵੇਂ ਬਣੇ ਗੁਆਂਢੀ ਦੇਸ਼, ਇਸ ਦੀ ਫ਼ੌਜ ਅਤੇ ਜਾਣ ਲੱਗਿਆਂ ਅੰਗਰੇਜ਼ਾਂ ਦੀ ਗੁੱਝੀ ਸਾਜਿ਼ਸ਼ ਤਹਿਤ ਆਏ ਸਨ। ਅੱਠ ਬਟਾਲੀਅਨ ਦੇ ਇਸ ਸਮੂਹ ਨੇ 1962, 1965 ਅਤੇ 1971 ਦੀ ਜੰਗਾਂ ਵਿੱਚ ਚੰਗੇ ਜੌਹਰ ਦਿਖਾਏ। ਇਸ ਦੀ ਕਾਰਗੁਜ਼ਾਰੀ ਦੇਖ ਕੇ ਸਰਕਾਰ ਨੇ ਇਸ ਨੂੰ ਭਾਰਤੀ ਸੈਨਾ ਦੀ ਨਵੀਂ ਰੈਜੀਮੈਂਟ ਵਜੋਂ ਮਾਨਤਾ ਦੇ ਦਿੱਤੀ। ਆਨਰੇਰੀ ਕੈਪਟਨ ਬਾਨਾ ਸਿੰਘ ਪਰਮਵੀਰ ਚੱਕਰ, ਸੂਬੇਦਾਰ ਚੁੰਨੀ ਲਾਲ ਅਸ਼ੋਕ ਚੱਕਰ, ਮਹਾਂਵੀਰ ਚੱਕਰ ਸੈਨਾ ਮੈਡਲ (ਦੋ ਵਾਰ) ਇਸੇ ਗਰੁੱਪ ਦੇ ਹਨ। ਅਪਰੈਲ ਵਿੱਚ ਖ਼ਤਮ ਪੁਣੇ ਹੋਏ ਵਰਲਡ ਸ਼ੂਟਿੰਗ ਕੱਪ ਵਿੱਚ ਸੂਬੇਦਾਰ ਮੇਜਰ ਚੈਨ ਸਿੰਘ ਦੇਸ਼ ਲਈ ਕਾਂਸੇ ਦਾ ਤਗ਼ਮਾ ਜਿੱਤ ਕੇ ਲਿਆਇਆ ਹੈ।
ਬਹੁਤ ਪੁਰਾਣੇ ਸਾਥੀ ਮਿਲੇ। ਗੱਲਾਂ ਸਿਰਫ਼ ਪੁਰਾਣੇ ਵਕਤਾਂ ਦੀਆਂ ਸਨ। ਕੌੜੀਆਂ ਮਿੱਠੀਆਂ ਯਾਦਾਂ। ਕਈ ਮਰ ਮੁੱਕ ਗਏ। ਮੇਰਾ ਪੁਰਾਣਾ ਹੌਲਦਾਰ ਉਂਕਾਰ ਸਿੰਘ ਵੀ ਮਿਲਿਆ ਦਿਲ ਉੱਛਲ ਰਹੇ ਸਨ। ਗਿੱਲੀਆਂ ਅੱਖਾਂ। ਮੋਏ ਮਿੱਤਰ ਅੱਖਾਂ ਸਾਹਮਣੇ ਦਿਸਦੇ ਸਨ। ਪੁਰਾਣੇ ਅਫਸਰਾਂ ’ਚੋਂ ਮੇਰੇ ਸਮੇਤ ਅਸੀਂ ਪੰਜ ਸਾਂ। ਮੌਕੇ ਦਾ ਕੋਰ ਕਮਾਂਡਰ ਵੀ ਅੱਧਾ ਕੁ ਘੰਟਾ ਕੱਢ ਕੇ ਆਇਆ। ਉਹ ਇਸੇ ਪਲਟਨ ’ਚ ਸੈਕਿੰਡ ਲੈਫਟੀਨੈਂਟ ਆਇਆ ਸੀ, ਹੁਣ ਲੈਫਟੀਨੈਂਟ ਜਨਰਲ ਹੈ।
ਯਾਦਾਂ ਦਾ ਹੜ੍ਹ ਆਇਆ ਹੋਇਆ ਸੀ, ਦਰਿਆ ਦੇ ਵੇਗ ਵਾਂਗ, ਕੰਢੇ ਖੋਰਦਾ। ਪਤਾ ਲੱਗਿਆ, ਨਾਇਕ (ਕਾਰਪੈਂਟਰ) ਬੇਲੀ ਰਾਮ ਅਤੇ ਰਾਈਫਲਮੈਨ ਪ੍ਰੀਤਮ (ਪੇਂਟਰ) ਵੀ ਜਹਾਨ ਛੱਡ ਗਏ। ਭੁੱਬ ਨਿਕਲ ਗਈ। ਇਨ੍ਹਾਂ ਨਾਲ ਮੇਰਾ ਖ਼ਾਸ ਰਿਸ਼ਤਾ ਸੀ। ਮੈਂ ਉਦੋਂ ਮੇਜਰ ਰੈਂਕ ’ਚ ਕੰਪਨੀ ਕਮਾਂਡਰ ਸਾਂ। ਖ਼ੌਫਨਾਕ ਜੋਖ਼ਿਮ ਭਰੇ ਪਲਾਂ ਵਿੱਚ ਅਸੀਂ ਬਚ ਗਏ ਸਾਂ। ਉਦੋਂ ਤਾਂ ਲਾਸ਼ਾਂ ਵੀ ਪਿੱਛੇ ਨਹੀਂ ਸਨ ਆਉਂਦੀਆਂ।
ਮੇਰਾ ਫ਼ੌਜੀ ਜਨਮ 1964 ’ਚ ਛੇ ਸਿੱਖ ਐੱਲਆਈ ’ਚ ਹੋਇਆ ਸੀ; 65 ਦੀ ਜੰਗ ਇਸੇ ਦਾ ਹਿੱਸਾ ਹੋ ਕੇ ਲੜੀ, ਜ਼ਖ਼ਮੀ ਹੋ ਕੇ ਹਸਪਤਾਲਾਂ ਦੀ ਸੈਰ ਕੀਤੀ। 1971 ’ਚ ਪੂਰਬੀ ਫਰੰਟ ’ਤੇ ਰਿਹਾ। ਫਿਰ ਨਵੀਂ ਰੈਜੀਮੈਂਟ/ਬਟਾਲੀਅਨ ਵਿੱਚ ਆ ਗਿਆ। ਕਿੱਥੇ 100% ਸਿੱਖ ਟਰੁੱਪਸ ਅਤੇ ਨਵੀਂ ਜਗ੍ਹਾ 50% ਮੁਸਲਮਾਨ ਅਤੇ ਬਾਕੀ ਡੋਗਰੇ, ਬੋਧੀ, ਸਿੱਖ, ਬਕਰਵਾਲ ਆਦਿ। ਫ਼ੌਜ ਬਹੁਤ ਕੁਝ ਸਿਖਾ ਦਿੰਦੀ ਹੈ ਇਹ ਅਸਲ ਭਾਰਤ ਹੈ, ਮਿਸ਼ਰਿਤ ਕਲਚਰ, ਬਗੈਰ ਕਿਸੇ ਧਾਰਮਿਕ ਪੱਖਪਾਤ ਦੇ, ਅਨੇਕਤਾ ’ਚ ਏਕਤਾ।
ਨਵੀਂ ਪਲਟਨ ’ਚ ਨਵੰਬਰ 1973 ਨੂੰ ਹਾਜ਼ਰੀ ਪਾਈ, ਐਨ ਉਸੇ ਸੈਕਟਰ ਵਿੱਚ ਜਿੱਥੇ 1965 ’ਚ ਗਹਿਗਚ ਲੜਾਈ ਲੜੀ ਸੀ। 1974 ਦੇ ਮੱਧ ਵਿੱਚ ਪਲਟਨ ਨੂੰ ਪਹਿਲੀ ਵਾਰ ਇੰਡੀਆ ਜਾਣ ਦਾ ਹੁਕਮ ਮਿਲਿਆ; ਉਦੋਂ ਕਸ਼ਮੀਰੀ ਸੂਬੇ ਤੋਂ ਬਾਹਰ ਦੇ ਦੇਸ਼ ਨੂੰ ਇੰਡੀਆ ਕਹਿੰਦੇ ਸਨ।
1973 ਵਿੱਚ ਹੀ ਮੁਨੱਵਰ ਤਵੀ (ਨਦੀ) ’ਚ ਅਚਾਨਕ ਆਇਆ ਹੜ੍ਹ ਦੋਹਾਂ ਦੇਸ਼ਾਂ ਦੀਆਂ ਫ਼ੌਜੀ ਚੌਕੀਆਂ ਰੋੜ੍ਹ ਕੇ ਲੈ ਗਿਆ। ਫਿਰ ਲਾਸ਼ਾਂ ਦੀ ਮੋੜ-ਮੁੜਾਈ ਹੋਈ; ਹੌਟ ਲਾਈਨ ’ਤੇ ਚਰਚਾ ਮਗਰੋਂ ਫ਼ੈਸਲਾ ਹੋਇਆ ਕਿ ਹੜ੍ਹਾਂ ਦੀ ਅਗਾਊਂ ਸੂਚਨਾ ਲਈ ਦਰਿਆ ਦੇ ਪਾਣੀ ਦਾ ਲੈਵਲ ਸਾਂਝਾ ਕਰਨਗੇ ਪਰ ਦਰਿਆ ਦਾ ਲੈਵਲ ਨਾਪਣ ਲਈ ਮਾਰਕਿੰਗ ਆਦਿ ਨਹੀਂ ਸੀ। ਛੰਬ ਪੁਲ ਦੇ ਖੜ੍ਹੇ ਪਿਲਰ ’ਤੇ ਮਾਰਕਿੰਗ ਦੀ ਸਹਿਮਤੀ ਹੋਈ। ਸਾਡੀਆਂ ਦੋ ਬਹੁਤ ਖ਼ਤਰਨਾਕ ਤੇ ਅਹਿਮ ਪੋਸਟਾਂ ਸਨ ਪੁਲ ਵਾਲੀ ਅਤੇ ਦਰਿਆ ਦੇ ਐਨ ਵਿਚਕਾਰ ਟਾਪੂ ’ਤੇ ਜਿਸ ਦਾ ਅੱਧ ਦੁਸ਼ਮਣ ਕੋਲ ਸੀ। ਕੰਡਿਆਲੀ ਤਾਰ ਅਤੇ ਮਾਈਨ ਫੀਲਡ ਹੀ ਵਿਚਕਾਰ ਸੀ, ਪਾਰ ਇਕ ਦੂਜੇ ਦੀਆਂ ਗੱਲਾਂ ਸੁਣਦੀਆਂ ਸਨ। ਮੈਂ ਛੰਬ ਪੁਲ ਜੋ ਅਸੀਂ ਹੀ 1971 ਵੇਲੇ ਪਿਛਾਂਹ ਹਟਦਿਆਂ ਉਡਾਇਆ ਸੀ, ’ਤੇ ਕੰਪਨੀ ਕਮਾਂਡਰ ਸਾਂ।
ਟੈਲੀਫੋਨ ’ਤੇ ਹੁਕਮ ਮਿਲਿਆ, ਛੰਬ ਪੁਲ ਦੇ ਪਿਲਰ ’ਤੇ ਪੇਂਟ ਨਾਲ ਮਾਰਕਿੰਗ ਕਰੋ। ਬੇਲੀ ਰਾਮ ਤੇ ਪ੍ਰੀਤਮ ਪੇਂਟਰ, ਪੇਂਟ ਆਦਿ ਲੈ ਕੇ ਚੱਲੇ ਹੋਏ ਹਨ। ਉਨ੍ਹਾਂ ਵੇਲਿਆਂ ਵਿੱਚ ਸੈਕਟਰ ਵਿੱਚ ਗੋਲੀਬਾਰੀ ਬੰਦ ਸੀ। ਚੁੱਪ ਪਸਰੀ ਹੋਈ ਸੀ। ਆਟੋਮੈਟਿਕ ਹਥਿਆਰ ਮੋਰਚਿਆਂ/ਬੰਕਰਾਂ ਵਿੱਚ ਹਮੇਸ਼ਾ ਤਿਆਰ ਫਿਕਸਡ ਲਾਈਨ ’ਤੇ ਹੁੰਦੇ ਸਨ। ਗੇੜਾ ਮਾਰ ਕੇ ਆਇਆ, ਦਰਖਤਾਂ ਦੇ ਟਾਹਣਿਆਂ ਨੂੰ ਜੋੜ ਕੇ ਬਣਾਏ ਬੰਕਰ ’ਤੇ ਲੇਟਿਆ ਹੀ ਸਾਂ, ਹੇਠਾਂ ਕਈ ਵਾਰ ਸੱਪ ਲੰਘਦੇ ਦੇਖੇ ਸਨ, ਬੰਕਰ ਕੱਚੇ ਸਨ।
ਬੇਲੀ ਰਾਮ ਅਤੇ ਪ੍ਰੀਤਮ ਆ ਪੁੱਜੇ। ਸਲਾਮ ਦੁਆ ਹੋਈ, ਸਮਾਨ ਚੈੱਕ ਕੀਤਾ, ਵਿਉਂਤ ਬਣਾਈ- ਪਹਿਲਾਂ ਪਿਲਰ ਦੇ ਆਪਣੇ ਪਾਸੇ ਪੌੜੀ ਲਾ ਕੇ 8X6 ਫੁੱਟ ਦੀ ਚਕੋਰ ਜਗ੍ਹਾ ਵਿੱਚ ਚਿੱਟਾ ਪੇਂਟ ਕਰਾਂਗੇ, ਸੁੱਕਣ ’ਤੇ ਫੀਤੇ ਨਾਲ ਨਾਪ ਕੇ ਫੁੱਟਾਂ ਅਤੇ ਇੰਚਾਂ ਦੇ ਨਿਸ਼ਾਨ ਮਾਰਕ ਕਰ ਦਿਆਂਗੇ। ਠਿੱਲ੍ਹ ਪਏ। ਮੈਂ ਸਟੇਨ ਵੀ ਨਾ ਚੁੱਕੀ, ਇਹ ਸੋਚ ਕੇ ਕਿ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਹੋ ਰਿਹਾ ਹੈ ਅਤੇ ਹੌਟ ਲਾਈਨ ’ਤੇ ਕਲੀਅਰੈਂਸ ਹੋਵੇਗੀ ਹੀ। ਮੈਂ ਆਪਣੀ ਬਟਾਲੀਅਨ ’ਚ ਕਹਿੰਦਾ-ਕਹਾਉਂਦਾ ਕੰਪਨੀ ਕਮਾਂਡਰ ਸਾਂ। ਜਾਨ ਦੀ ਪ੍ਰਵਾਹ ਹੀ ਨਹੀਂ ਸੀ ਗੌਲੀ। ਸਰੀਰ ਫਿੱਟ ਸਨ, ਪੰਗਿਆਂ ਦੀ ਆਦਤ ਸੀ, ਜਵਾਨੀ ਜੁ ਹੋਈ।
ਸੁੱਕੇ ਦਰਿਆ ਦੇ ਪੱਥਰਾਂ ਉਤੋਂ ਦੀ ਜਾ ਲਾਈ ਪੌੜੀ। ਦੋ ਕੋਟ ਕਰ ਦਿੱਤੇ, ਮੈਂ ਆਸੇ-ਪਾਸੇ ਵੇਂਹਦਾ ਰਿਹਾ। ਗੋਲੀ ਚਲਦੀ ਤਾਂ ਪਿਲਰ ਦੇ ਉਹਲੇ ਹੋਣ ਕਰ ਕੇ ਬਚਾਅ ਸੀ, ਪਰ ਜੇ ਸਿਰ ’ਤੇ ਉਪਰ ਖੜ੍ਹਾ ਪਾਕਿਸਤਾਨੀ ਗ੍ਰਨੇਡ ਸੁੱਟ ਦਿੰਦਾ ਤਾਂ ਕੰਮ ਤਮਾਮ ਹੋ ਜਾਣਾ ਸੀ ਪਰ ਸ਼ਾਂਤੀ ਰਹੀ। ਪੇਂਟ ਕਰ ਕੇ ਸੁੱਕਣ ਦੀ ਉਡੀਕ ਕਰਨ ਨਾਲੋਂ ਮੁੜਨਾ ਠੀਕ ਸਮਝਿਆ; ਇਸ ਵਿਚਾਰ ਨਾਲ ਕਿ ਰੋਟੀ ਖਾ ਕੇ ਪਿਛਲੇ ਪਹਿਰ ਮਾਰਕਿੰਗ ਕਰ ਦਿਆਂਗੇ। ਦੋ-ਢਾਈ ਘੰਟਿਆਂ ਬਾਅਦ ਦੁਬਾਰਾ ਚੱਲ ਪਏ, ਫਿਰ ਪੈ ਗਿਆ ਪੰਗਾ!
ਪੁਲ ਉਪਰਲਾ ਪਾਕਿਸਤਾਨੀ ਸੰਤਰੀ ਕਹਿੰਦਾ, “ਆਗੇ ਮੱਤ ਆਨਾ, ਗੋਲੀ ਮਾਰ ਦੂੰਗਾ।” ਮੈਂ ਕਿਹਾ, “ਇਹ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦੇ ਕਮਾਂਡਰਾਂ ਦੀ ਸਹਿਮਤੀ ਨਾਲ ਹੋ ਰਿਹੈ।” ਸਾਡਾ ਆਪਸੀ ਫ਼ਾਸਲਾ ਸੱਤਰ-ਅੱਸੀ ਗਜ਼ ਸੀ ਅਤੇ ਅਸੀਂ ਖੁੱਲ੍ਹੇ ਵਿੱਚ ਸਾਂ।... ਨਾ ਜੀ, ਉਹ ਤਾਂ ਗੱਲ ’ਤੇ ਹੀ ਨਾ ਆਵੇ। ਮੈਂ ਦਰਿਆ ਪਾਰ ਨਿਗ੍ਹਾ ਮਾਰੀ। ਦੁਸ਼ਮਣ ਪੱਕੇ ‘ਸਟੈਂਡ-ਟੂ’ ਵਿੱਚ ਲੱਗੇ ਸਨ, ਚਾਂਸ ਹੀ ਕੋਈ ਨਹੀਂ ਸੀ ਬਚਣ ਦਾ। ਸਾਡੇ ਮੁੰਡੇ ਵੀ ਚੌਕਸ ਤਾਂ ਹੋ ਗਏ ਪਰ ਅਸੀਂ ਤਿੰਨੇ ਖੁੱਲ੍ਹੇ ਵਿੱਚ ਮਾਰ ਹੇਠ ਸਾਂ। ਕੀ ਕਰਾਂ? ਕਿਹਾ, “ਖਾਨਾ, ਪਿੱਛੇ ਹੈੱਡਕੁਆਰਟਰ ਤੋਂ ਪੁੱਛ ਲੈ।” ਉਸ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ ਕਿਸੇ ਉਪਰਲੇ ਨੂੰ, ਤੇ ਉਸ ਰਾਈਫਲ ਕੌਕ ਕਰ ਲਈ (ਭਾਵ ਗੋਲੀ ਚੈਂਬਰ ’ਚ, ਸਿਰਫ ਘੋੜਾ ਦੱਬਣਾ ਹੀ ਬਾਕੀ ਸੀ); ਨਾਲ ਕਹਿੰਦਾ, “ਏਕ ਭੀ ਕਦਮ ਆਗੇ ਉਠਾਇਆ ਤੋ ਉੜਾ ਦੂੰਗਾ।”
ਤਿੰਨਾਂ ਨੇ ਘੁਸਰ-ਮੁਸਰ ਕੀਤੀ। ਸਾਡੇ ਕੋਲ ਤਾਂ ਪੇਂਟ, ਪੌੜੀ ਤੇ ਫ਼ੀਤਾ ਸੀ; ਉੱਧਰ ਪੂਰੀ ਪੋਸਟ ਫਾਇਰ ਕਰਨ ਨੂੰ ਮੋਰਚਿਆਂ ਵਿੱਚ। ਭੁੰਨ ਦਿੰਦੇ, ਮਗਰੋਂ ਲਾਸ਼ਾਂ ਵੀ ਸ਼ਾਇਦ ਨਾ ਚੁੱਕਣ ਦਿੰਦੇ। ਪਿੱਛੇ ਮੁੜਨਾ ਠੀਕ ਸਮਝਿਆ। ਫਿਰ ਚੱਲੀ ਟੈਲੀਫੋਨ ’ਤੇ ਲੜਾਈ। ਸਾਡੇ ਹੁਕਮਾਂ ’ਚ ਜਵਾਬੀ ਫਾਇਰ ਕਰਨਾ ਵੀ ਮਨ੍ਹਾ ਸੀ; ਮਤਲਬ ਸਾਡੇ ਹੱਥ ਬੰਨ੍ਹੇ ਹੋਏ ਸਨ। ਮੈਂ ਜਵਾਬੀ ਫਾਇਰ ਦੀ ਇਜਾਜ਼ਤ ਮੰਗੀ, ਨਾ ਆਈ। ਗੱਲ ਉਪਰ ਤੱਕ ਗਈ, ਸ਼ਾਇਦ ਪੀਐੱਮ ਤੱਕ ਵੀ ਗਈ ਹੋਵੇ।
ਸਾਡੀ ਬਟਾਲੀਅਨ ਦੀ ਮੂਵ ਆਈ ਹੋਈ ਸੀ, ਪਹਿਲੀ ਵਾਰ ਇਹ ਜੇ ਐਂਡ ਕੇ ਤੋਂ ਬਾਹਰ ਜਾ ਰਹੀ ਸੀ। ਅਸੀਂ ਪਠਾਨਕੋਟ ਸਪੈਸ਼ਲ ਟਰੇਨ ਵਿੱਚ ਸਮਾਨ ਲੋਡ ਕਰ ਰਹੇ ਸਾਂ। ਉਦੋਂ ਪਠਾਨਕੋਟ ਤੋਂ ਅੱਗੇ ਰੇਲ ਲਾਈਨ ਨਹੀਂ ਸੀ ਹੁੰਦੀ। ਫ਼ੌਜੀ ਚੈਨਲ ਤੋਂ ਖ਼ਬਰ ਪਤਾ ਲੱਗੀ ਕਿ ਸਾਡੀ ਜਗ੍ਹਾ ਆਈ ਨਵੀਂ ਬਟਾਲੀਅਨ ਦੇ ਇਕ ਜੇਸੀਓ ਤੇ ਚਾਰ ਜਵਾਨ, ਮੇਰੇ ਛੱਡੇ ਕੰਮ ਨੂੰ ਪੂਰਾ ਕਰਨ ਗਏ ਮਾਰੇ ਗਏ।
ਬੇਲੀ ਰਾਮ ਅਤੇ ਪ੍ਰੀਤਮ ਪੈਨਸ਼ਨ ਜਾ ਕੇ ਮਰ ਗਏ। ਮਰ ਤਾਂ ਆਪਾਂ ਸਾਰਿਆਂ ਨੇ ਜਾਣੈ... ਕਿਰੇ ਬੇਰ ਡਿਗਦੇ ਹੀ ਹੁੰਦੇ। ਜੱਗ ਜਿਊਂਦਿਆਂ ਦੇ ਮੇਲੇ...।
ਸੰਪਰਕ: 92165-50902