ਜੰਮੂ ਕਸ਼ਮੀਰ ਵੱਲ ਮੁੜ ਚਾਲੇ
ਸੈਲਾਨੀਆਂ ਨਾਲ ਭਰੇ ਹੋਣ ਤੋਂ ਲੈ ਕੇ 22 ਅਪਰੈਲ ਨੂੰ ਅਚਾਨਕ ਪਹਿਲਗਾਮ ਕਤਲੇਆਮ ਦੀ ਘਟਨਾ ਵਾਪਰਨ ਮਗਰੋਂ ਜੰਮੂ ਕਸ਼ਮੀਰ ਲਈ ਸਮਾਂ ਬਹੁਤ ਔਖਿਆਈ ਭਰਿਆ ਰਿਹਾ ਹੈ। ਉਸ ਸਮੇਂ ਤੋਂ ਬਹੁਤ ਹੀ ਘੱਟ ਜਾਂ ਨਾਂਹ ਦੇ ਬਰਾਬਰ ਸੈਰ-ਸਪਾਟਾ ਗਤੀਵਿਧੀ ਹੋਈ ਹੈ ਤੇ ਨੇੜ ਭਵਿੱਖ ਵਿੱਚ ਇਸ ਦੇ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਵੀ ਮੱਧਮ ਦਿਖਾਈ ਦਿੰਦੀਆਂ ਹਨ। ਸੂਬੇ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਹਕੀਕੀ ਤਸਵੀਰ ਪੇਸ਼ ਕਰਦਿਆਂ ਕਿਹਾ ਹੈ ਕਿ ਸੈਰ-ਸਪਾਟਾ ਖੇਤਰ ਨੂੰ ਮੁੜ ਲੀਹ ’ਤੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਤਰਜੀਹ ਹੁਣ ਸ਼ਾਂਤੀਪੂਰਨ ਅਤੇ ਹਾਦਸਾ-ਮੁਕਤ ਅਮਰਨਾਥ ਯਾਤਰਾ ਯਕੀਨੀ ਬਣਾਉਣਾ ਹੋਣੀ ਚਾਹੀਦੀ ਹੈ। ਸਾਲਾਨਾ ਯਾਤਰਾ 3 ਜੁਲਾਈ ਨੂੰ ਸ਼ੁਰੂ ਹੁੰਦੀ ਹੈ ਅਤੇ 9 ਅਗਸਤ ਨੂੰ ਸਮਾਪਤ ਹੁੰਦੀ ਹੈ। ਇਸ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣਾ ਵੱਡਾ ਕਾਰਜ ਹੈ ਅਤੇ ਇਸ ਵਾਰ ਯਾਤਰਾ ਜੋ ਪੂਰੇ ਭਾਰਤ ਤੋਂ ਸ਼ਰਧਾਲੂਆਂ ਨੂੰ ਖਿੱਚਦੀ ਹੈ, ਵਿੱਚ ਸੁਰੱਖਿਆ ਅਤੇ ਜ਼ਰੂਰੀ ਪ੍ਰੋਟੋਕੋਲ ਦੀਆਂ ਵਾਧੂ ਪਰਤਾਂ ਦੇਖਣ ਨੂੰ ਮਿਲਣਗੀਆਂ। ਇਸ ਦਾ ਮਤਲਬ ਵਧੇਰੇ ਸਮਾਂ ਲੈਣ ਵਾਲੀ ਦਸਤਾਵੇਜ਼ੀ ਪ੍ਰਕਿਰਿਆ ਹੋ ਸਕਦੀ ਹੈ ਪਰ ਸ਼ਰਧਾਲੂਆਂ ਨੂੰ ਪ੍ਰਕਿਰਿਆ ਸਬੰਧੀ ਕਾਰਵਾਈ ਨੂੰ ਸਹੀ ਭਾਵਨਾ ਨਾਲ ਲੈਣਾ ਪਏਗਾ। ਉਨ੍ਹਾਂ ਨੂੰ ਸਮੇਂ ਦੀ ਲੋੜ ਨੂੰ ਸਮਝ ਕੇ ਧੀਰਜ ਰੱਖਣਾ ਪਏਗਾ ਤਾਂ ਜੋ ਸਾਰੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ। ਇਸ ਲਈ ਅਥਾਰਿਟੀ ਨਾਲ ਪੂਰਾ ਸਹਿਯੋਗ ਕਰਨਾ ਪਏਗਾ ਕਿਉਂਕਿ ਯਾਤਰਾ ਦੇ ਨਾਲ-ਨਾਲ ਹੋਰ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ।
ਜੰਮੂ ਅਤੇ ਕਸ਼ਮੀਰ ਦੇ ਹੋਟਲ ਉਦਯੋਗ, ਸੇਵਾ ਖੇਤਰ, ਟਰਾਂਸਪੋਰਟਰਾਂ ਤੇ ਪੋਨੀ-ਵਾਲਿਆਂ ਲਈ ਅਮਰਨਾਥ ਯਾਤਰਾ ਹਮੇਸ਼ਾ ਸ਼ਰਧਾਲੂਆਂ ਲਈ ਆਪਣਾ ਸਰਵੋਤਮ ਦੇਣ ਦਾ ਢੁੱਕਵਾਂ ਮੌਕਾ ਰਹੀ ਹੈ। ਇਸ ਸਾਲ ਇਸ ਨਾਲ ਸਮਕਾਲੀ ਸਮਾਜਿਕ ਢਾਂਚੇ ਨੂੰ ਦਰਸਾਉਂਦਾ ਹੋਇਆ ਬਹੁਤ ਸਾਰਾ ਪ੍ਰਤੀਕਵਾਦ ਵੀ ਜੁੜਿਆ ਹੋਵੇਗਾ, ਭਾਵੇਂ ਪ੍ਰਸ਼ਾਸਨ ਸ਼ਰਧਾਲੂਆਂ ਲਈ ਸੁਚਾਰੂ ਅਨੁਭਵ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਿਹਾ ਹੈ।
ਜ਼ਿਆਦਾਤਰ ਭਾਰਤੀਆਂ ਲਈ ਕਸ਼ਮੀਰ ਛੁੱਟੀਆਂ ਮਨਾਉਣ ਦਾ ਉੱਤਮ ਸਥਾਨ ਹੈ; ਐਨ ਸਵਰਗ ਵਾਂਗ, ਪਰ ਇਸ ਨਾਲ ਬਹੁਤ ਸਾਰੀਆਂ ਸ਼ਰਤਾਂ ਜੁੜੀਆਂ ਹੋਈਆਂ ਹਨ। ਪਿਛਲੇ ਕੁਝ ਸਾਲਾਂ ਵਿੱਚ ਵਾਦੀ ਅੰਦਰ ਸੈਲਾਨੀਆਂ ਦੀ ਬੇਮਿਸਾਲ ਆਮਦ ਹੋਈ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ-ਰੋਟੀ ਦੇ ਮੌਕੇ ਮਿਲੇ ਹਨ ਅਤੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮਾਨਤਾਵਾਂ ਤੇ ਚਿੰਤਾਵਾਂ ਖ਼ਤਮ ਹੋਈਆਂ ਹਨ। ਇਸੇ ਖੁਸ਼ਹਾਲੀ, ਸੁਖਾਵੇਂ ਮਾਹੌਲ ਦੀ ਝਲਕ ਤੇ ਉੱਜਲ ਭਵਿੱਖ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਲਈ ਕੁਝ ਹੱਦ ਤੱਕ ਦਲੇਰੀ ਤੇ ਦ੍ਰਿੜ੍ਹਤਾ ਦਿਖਾਉਣ ਦੀ ਲੋੜ ਹੈ। ਅਮਰਨਾਥ ਯਾਤਰਾ ਇਸ ਮਨਪਸੰਦ ਸੈਰ-ਸਪਾਟਾ ਅਤੇ ਅਧਿਆਤਮਕ ਸਥਾਨ ’ਤੇ ਵਾਪਸੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੰਮੂ ਤੇ ਕਸ਼ਮੀਰ ਤੁਹਾਨੂੰ ਸੱਦਾ ਦਿੰਦਾ ਹੈ ਕਿ ਆਓ, ਇਸ ਦੇ ਨਾਲ ਖੜ੍ਹੀਏ। ਦੁਸ਼ਮਣ ਨੂੰ ਉਹ ਵੰਡੀਆਂ ਪਾਉਣ ਹੀ ਨਾ ਦੇਈਏ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਹੈ।