ਜੰਮੂ ਕਸ਼ਮੀਰ ’ਚ ਢਾਂਚਾ ਉਸਾਰੀ
ਪਹਿਲਗਾਮ ਅਤਿਵਾਦੀ ਹਮਲੇ ਤੋਂ ਲਗਭਗ ਡੇਢ ਮਹੀਨੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੰਮੂ ਕਸ਼ਮੀਰ ਦੌਰਾ ਸਥਾਨਕ ਲੋਕਾਂ ਨਾਲ ਇਕਜੁੱਟਤਾ ਦਾ ਭਰਪੂਰ ਪ੍ਰਗਟਾਵਾ ਹੈ। ਚੋਟੀ ਦੇ ਰੇਲਵੇ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਪਾਕਿਸਤਾਨ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ ਜੰਮੂ ਕਸ਼ਮੀਰ ’ਚ ਤਰੱਕੀ ਦੀ ਰਫ਼ਤਾਰ ਨੂੰ ਕਿਸੇ ਵੀ ਕੀਮਤ ’ਤੇ ਧੀਮਾ ਨਹੀਂ ਹੋਣ ਦਿੱਤਾ ਜਾਵੇਗਾ। ਗੁਆਂਢੀ ਵੱਲੋਂ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਰਫ਼ਤਾਰ ਨਾਲ ਤਰੱਕੀ ਜਾਰੀ ਰਹੇਗੀ। ਕਸ਼ਮੀਰੀਆਂ ਨਾਲ ਰਾਬਤਾ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਉੱਤੇ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ, ਜੋ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਸੈਰ-ਸਪਾਟੇ ’ਤੇ ਨਿਰਭਰ ਵਸਨੀਕਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕਸ਼ਮੀਰ ਘਾਟੀ ਨੂੰ ਬਾਕੀ ਭਾਰਤ ਦੇ ਰੇਲ ਢਾਂਚੇ ਨਾਲ ਜੋੜਨ ਦੀ ਅਹਿਮੀਅਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਹ ਸਰਕਾਰ ਦੇ ਇਸ ਰੁਖ਼ ਦੀ ਤਸਦੀਕ ਹੈ ਕਿ ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਸੀ, ਹੈ ਅਤੇ ਰਹੇਗਾ। ਪ੍ਰਧਾਨ ਮੰਤਰੀ ਨੇ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਨੂੰ ‘ਜੰਮੂ ਕਸ਼ਮੀਰ ਦੀ ਨਵੀਂ ਤਾਕਤ ਦੀ ਪਛਾਣ ਅਤੇ ਭਾਰਤ ਦੀ ਨਵੀਂ ਤਾਕਤ ਦਾ ਐਲਾਨ’ ਦੱਸਿਆ ਹੈ। ਇਸ ਤਰ੍ਹਾਂ ਉਨ੍ਹਾਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਘਿਨਾਉਣੇ ਕਤਲੇਆਮ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਰਾਸ਼ਟਰ, ਦੋਵੇਂ ਮਜ਼ਬੂਤੀ ਨਾਲ ਉੱਭਰ ਆਏ ਹਨ। ਉਨ੍ਹਾਂ ਦੇ ਸ਼ਬਦਾਂ ਦਾ ਉਦੇਸ਼ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਦਾ ਭਰੋਸਾ ਵੀ ਮੁੜ ਜਿੱਤਣਾ ਹੈ। ਇਸੇ ਲਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਸ਼ਲਾਘਾਯੋਗ ਕਦਮ ਚੁੱਕਿਆ ਸੀ ਜਦੋਂ ਉਨ੍ਹਾਂ ਪਹਿਲਗਾਮ ਦੀਆਂ ਸੜਕਾਂ ’ਤੇ ਸਾਈਕਲ ਚਲਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਸੈਰ-ਸਪਾਟੇ ਨੂੰ ਨਹੀਂ ਰੋਕ ਸਕੇਗਾ।
ਕੇਂਦਰ ਸਰਕਾਰ ਦੇ ਸਿਰ ਸੈਲਾਨੀਆਂ ਨੂੰ ਭਰੋਸਾ ਦਿਵਾਉਣ ਦਾ ਇਹ ਵੱਡਾ ਜ਼ਿੰਮਾ ਹੈ ਕਿ ਕਸ਼ਮੀਰ ਵਿਚ ਸਭ ਠੀਕ-ਠਾਕ ਹੈ ਤੇ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਕਸ਼ਮੀਰੀਆਂ ਪ੍ਰਤੀ ਭੈਅ ਅਤੇ ਬੇਭਰੋਸਗੀ ਚਿੰਤਾਜਨਕ ਹੱਦ ਤੱਕ ਪਹੁੰਚ ਗਈ ਹੈ, ਭਾਵੇਂ ਉਨ੍ਹਾਂ ਨੇ ਪਹਿਲਗਾਮ ਘਟਨਾ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਸੱਤਾਧਾਰੀਆਂ ਨੂੰ ਚਾਹੀਦਾ ਹੈ ਕਿ ਉਹ ਨਫ਼ਰਤ ਫੈਲਾਉਣ ਵਾਲਿਆਂ ’ਤੇ ਸਰਗਰਮੀ ਨਾਲ ਕਾਰਵਾਈ ਕਰਨ ਜਿਹੜੇ ਜਮਹੂਰੀ ਪ੍ਰਕਿਰਿਆ ਦੇ ਬਹਾਲ ਹੋਣ ਨਾਲ ਮਿਲੇ ਫਾਇਦਿਆਂ ਨੂੰ ਖ਼ਤਮ ਕਰਨ ’ਤੇ ਉਤਾਰੂ ਹਨ ਕਿਉਂਕਿ ਨਵੀਆਂ ਰੇਲ ਗੱਡੀਆਂ ਅਤੇ ਰੇਲਵੇ ਪੁਲਾਂ ਦੀ ਸਥਿਤੀ ਸੁਖਾਵੀਂ ਕਰਨ ’ਚ ਵੱਡੀ ਭੂਮਿਕਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਹ ਯਾਤਰੀਆਂ ਦੀ ਸੁਰੱਖਿਆ ਨਾਲ ਬੇਹੱਦ ਨੇੜਿਓਂ ਜੁੜਿਆ ਪੱਖ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਸਰਕਾਰ ਸਹੀ ਰਾਹ ’ਤੇ ਹੈ ਅਤੇ ਇਹ ਜੰਮੂ ਕਸ਼ਮੀਰ ਲਈ ਵੀ ਚੰਗਾ ਸੰਕੇਤ ਹੈ।