ਜੰਮੂ ਕਸ਼ਮੀਰ ਵਾਸੀਆਂ ਦੀ ਹਾਈ ਕੋਰਟ ਤੱਕ ਰਸਾਈ: ਸੁਪਰੀਮ ਕੋਰਟ

* ਮਿਲੀ ਰਿਪੋਰਟ ਦੇ ਆਧਾਰ ’ਤੇ ਦਿੱਤੀ ਜਾਣਕਾਰੀ
* ਬੱਚਿਆਂ ਨੂੰ ਬੰਦੀ ਬਣਾਏ ਜਾਣ ਦੀ ਰਿਪੋਰਟ ਹਫ਼ਤੇ ਅੰਦਰ ਪੇਸ਼ ਕਰਨ ਲਈ ਕਿਹਾ

ਨਵੀਂ ਦਿੱਲੀ, 20 ਸਤੰਬਰ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਰਿਪੋਰਟ ਮਿਲ ਗਈ ਹੈ ਪਰ ਇਹ ਵਾਦੀ ਦੇ ਲੋਕਾਂ ਦੇ ਹਾਈ ਕੋਰਟ ਨਾਲ ਸੰਪਰਕ ਕਰਨ ਦੇ ਅਸਮਰੱਥ ਰਹਿਣ ਸਬੰਧੀ ਦਾਅਵਿਆਂ ਦੀ ਹਮਾਇਤ ਨਹੀਂ ਕਰਦੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਬਾਲ ਨਿਆਂ ਬੋਰਡ ਨੂੰ ਹਦਾਇਤ ਕੀਤੀ ਕਿ ਉਹ ਜੰਮੂ ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਮਗਰੋਂ ਬੰਦੀ ਬਣਾਏ ਗਏ ਬੱਚਿਆਂ ਬਾਬਤ ਰਿਪੋਰਟ ਹਫ਼ਤੇ ਅੰਦਰ ਦਾਖ਼ਲ ਕਰੇ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਸੀਨੀਅਰ ਵਕੀਲ ਹੁਜ਼ੇਫਾ ਅਹਿਮਦੀ ਨੂੰ ਕਿਹਾ ਕਿ ਉਨ੍ਹਾਂ ਦਾ ਬਿਆਨ ਕਿ ਵਾਦੀ ਦੇ ਲੋਕਾਂ ਨੂੰ ਹਾਈ ਕੋਰਟ ’ਚ ਪਹੁੰਚਣ ’ਚ ਮੁਸ਼ਕਲ ਹੋ ਰਹੀ ਹੈ, ਦੀ ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਰਿਪੋਰਟ ਹਮਾਇਤ ਨਹੀਂ ਕਰਦੀ ਹੈ। ਬਾਲ ਅਧਿਕਾਰ ਕਾਰਕੁਨਾਂ ਇਨਾਕਸ਼ੀ ਗਾਂਗੁਲੀ ਅਤੇ ਸ਼ਾਂਤਾ ਸਿਨਹਾ ਵੱਲੋਂ ਪੇਸ਼ ਹੋਏ ਅਹਿਮਦੀ ਨੇ 16 ਸਤੰਬਰ ਨੂੰ ਕਿਹਾ ਸੀ ਕਿ ਕਸ਼ਮੀਰ ਦੇ ਲੋਕ ਹਾਈ ਕੋਰਟ ’ਚ ਪਹੁੰਚਣ ’ਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਰਿਪੋਰਟ ਮੰਗੀ ਸੀ। ਅੱਜ ਸੁਣਵਾਈ ਦੌਰਾਨ ਬੈਂਚ ਨੇ ਗਾਂਗੁਲੀ ਅਤੇ ਸਿਨਹਾ ਵੱਲੋਂ ਦਾਖ਼ਲ ਅਪੀਲ ਦੀ ਪੜਤਾਲ ਨੂੰ ਸਹਿਮਤੀ ਦੇ ਦਿੱਤੀ। ਮਾਮਲੇ ਦੀ ਸੁਣਵਾਈ ਹਫ਼ਤੇ ਬਾਅਦ ਹੋਵੇਗੀ। ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਜਿਵੇਂ ਹੀ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਹਿਰਾਸਤ ’ਚ ਲਏ ਗਏ ਵਿਅਕਤੀਆਂ ’ਚ ਇਕ ਬੱਚਾ ਵੀ ਹੈ ਤਾਂ ਇਹ ਮਾਮਲਾ ਤੁਰੰਤ ਬਾਲ ਨਿਆਂ ਬੋਰਡ ਹਵਾਲੇ ਕਰ ਦਿੱਤਾ ਗਿਆ। –ਪੀਟੀਆਈ

ਜੁਮੇ ਦੀ ਨਮਾਜ਼ ਕਾਰਨ ਕਸ਼ਮੀਰ ਵਾਦੀ ’ਚ ਨਵੀਆਂ ਪਾਬੰਦੀਆਂ ਲਾਗੂ
ਸ੍ਰੀਨਗਰ: ਜੁਮੇ ਦੀ ਨਮਾਜ਼ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਇਹਤਿਆਤ ਵਜੋਂ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਦੇ ਨੌਹੱਟਾ, ਸ਼ਹਿਰ ਦੇ ਅੰਦਰੂਨੀ ਇਲਾਕਿਆਂ, ਸਉਰਾ ਪੁਲੀਸ ਸਟੇਸ਼ਨ ਹੇਠਲੇ ਅੰਚਾਰ ’ਚ ਦਫ਼ਾ 144 ਤਹਿਤ ਪਾਬੰਦੀਆਂ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ਕੁਪਵਾੜਾ ਅਤੇ ਹੰਦਵਾੜਾ ਪੁਲੀਸ ਜ਼ਿਲ੍ਹਿਆਂ ਤੇ ਗੰਦਰਬਲ, ਅਨੰਤਨਾਗ ਅਤੇ ਬਿਜਬਹੇੜਾ ’ਚ ਵੀ ਇਹ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਬਲਾਂ ਦੀ ਵਾਧੂ ਨਫ਼ਰੀ ਤਾਇਨਾਤ ਕੀਤੀ ਗਈ ਹੈ। -ਪੀਟੀਆਈ

ਸੇਵਾਵਾਂ ਬੰਦ ਹੋਣ ਦੇ ਬਾਵਜੂਦ ਟੈਲੀਕਾਮ ਕੰਪਨੀਆਂ ਲੋਕਾਂ ਨੂੰ ਭੇਜ ਰਹੀਆਂ ਨੇ ਬਿਲ
ਸ੍ਰੀਨਗਰ: ਕਸ਼ਮੀਰ ਵਿੱਚ ਭਾਵੇਂ ਟੈਲੀਫੋਨ ਸੇਵਾਵਾਂ ਕਰੀਬ 47 ਦਿਨਾਂ ਤੋਂ ਬੰਦ ਹਨ ਪਰ ਇਸ ਦੇ ਬਾਵਜੂਦ ਟੈਲੀਕਾਮ ਕੰਪਨੀਆਂ ਉਥੋਂ ਦੇ ਵਾਸੀਆਂ ਨੂੰ ਬਿਲ ਭੇਜ ਰਹੀਆਂ ਹਨ। ਇੱਥੋਂ ਦੇ ਕਈ ਵਾਸੀਆਂ ਨੇ ਦੱਸਿਆ ਕਿ ਟੈਲੀਕਾਮ ਕੰਪਨੀਆਂ ਸੇਵਾਵਾਂ ਨਹੀਂ ਦੇ ਰਹੀਆਂ ਪਰ ਬਿੱਲ ਜ਼ਰੂਰ ਭੇਜ ਰਹੀਆਂ ਹਨ। ਕੇਂਦਰ ਵੱਲੋਂ ਪੰਜ ਅਗਸਤ ਨੂੰ ਧਾਰਾ 370 ਖ਼ਤਮ ਕਰਨ ਮਗਰੋਂ ਇੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ। -ਪੀਟੀਆਈ

ਯੂਐੱਨਜੀਏ: ਗੁਟੇਰੇਜ਼ ਵਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ

ਸੰਯੁਕਤ ਰਾਸ਼ਟਰ: ਇੱਥੇ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਉੱਚ ਪੱਧਰੀ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਵਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਵਲੋਂ ਵਾਦੀ ਵਿੱਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਸਕੱਤਰ ਜਨਰਲ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਕਸ਼ਮੀਰ ਮੁੱਦੇ ਨੂੰ ਕੇਵਲ ਗੱਲਬਾਤ ਰਾਹੀਂ ਹੱਲ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦੇ ਰਹੇ ਹਨ ਅਤੇ ‘‘ਕਸ਼ਮੀਰ ਵਿੱਚ ਮੌਜੂਦਾ ਸੰਕਟ ਦੇ ਹੱਲ ਦੇ ਮੱਦੇਨਜ਼ਰ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਨਾਲ ਸਹੀ ਢੰਗ ਨਾਲ ਨਜਿੱਠਣ ਲਈ ਵੀ ਉਹ ਗੱਲਬਾਤ ਦੇ ਹੀ ਹਾਮੀ ਹਨ।’’ ਉਨ੍ਹਾਂ ਕਿਹਾ, ‘‘ਕਸ਼ਮੀਰ ਬਾਰੇ, ਸਕੱਤਰ ਜਨਰਲ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਜਨਰਲ ਅਸੈਂਬਲੀ ਦੌਰਾਨ ਵੀ ਇਸ ਮੁੱਦੇ ’ਤੇ ਚਰਚਾ ਕਰਨਗੇ।’’ ਬੁੱਧਵਾਰ ਨੂੰ ਗੁਟੇਰੇਜ਼ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ ਦਾ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਗੱਲਬਾਤ’ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਦੋਵੇਂ ਮੁਲਕ ਕਹਿਣ ਤਾਂ ਉਹ ਇਸ ਮੁੱਦੇ ’ਤੇ ਵਿਚੋਲਗੀ ਕਰਨ ਨੂੰ ਤਿਆਰ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦਾ ਸੱਦਾ ਵੀ ਦਿੱਤਾ ਸੀ।
ਨਿਊ ਯਾਰਕ: ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਦੂਤ ਸਈਦ ਅਕਬਰੂਦੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਅਗਲੇ ਹਫ਼ਤੇ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਸੈਸ਼ਨ ਵਿੱਚ ਕਸ਼ਮੀਰ ਮੁੱਦਾ ਚੁੱਕ ਕੇ ਆਪਣਾ ਪੱਧਰ ‘ਹੇਠਾਂ ਲਿਆਉਂਦਾ’ ਹੈ ਤਾਂ ਇਸ ਨਾਲ ਭਾਰਤ ਦਾ ਕੱਦ ਹੋਰ ਉੱਚਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਹੁਣ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਅਕਬਰੂਦੀਨ ਨੇ ਕਿਹਾ ਕਿ ਯੂਐੱਨਜੀਏ ਦੌਰਾਨ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਜ਼ਹਿਰ ਉਗਲ ਸਕਦਾ ਹੈ ਪਰ ਇਹ ਜ਼ਿਆਦਾ ਸਮੇਂ ਤੱਕ ਕੰਮ ਨਹੀਂ ਕਰੇਗਾ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ 27 ਸਤੰਬਰ ਨੂੰ ਯੂਐੱਨਜੀਏ ਸੈਸ਼ਨ ਦੌਰਾਨ ਕਸ਼ਮੀਰ ਮੁੱਦਾ ਚੁੱਕੇ ਜਾਣ ਬਾਰੇ ਕਿਹਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯੂਐੱਨਜੀਏ ਵਿੱਚ ਉਸੇ ਦਿਨ ਸੰਬੋਧਨ ਕਰਨਾ ਹੈ। -ਪੀਟੀਆਈ

ਇਮਰਾਨ ਖਾਨ ਵਲੋਂ ਟਰੰਪ ਨਾਲ 23 ਨੂੰ ਮੁਲਾਕਾਤ ਦੀ ਸੰਭਾਵਨਾ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਯੂਐੱਨ ਜਨਰਲ ਅਸੈਂਬਲੀ ਸੈਸ਼ਨ ਦੌਰਾਨ 23 ਸਤੰਬਰ ਨੂੰ ਵੱਖਰੇ ਤੌਰ ’ਤੇ ਨਿਊ ਯਾਰਕ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਅਖਬਾਰ ਡਾਅਨ ਵਿੱਚ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਖ਼ਾਨ ਵਲੋਂ ਟਰੰਪ ਨਾਲ ਕੀਤੀਆਂ ਜਾਣ ਵਾਲੀਆਂ ਦੋ ਮੁਲਾਕਾਤਾਂ ਵਿੱਚੋਂ ਪਹਿਲੀ ਮੁਲਾਕਾਤ ਹੋ ਸਕਦੀ ਹੈ। -ਪੀਟੀਆਈ

Tags :