ਜੰਗਬੰਦੀ ਵਾਰਤਾ ਲਈ ਕਤਰ ਜਾਵੇਗਾ ਇਜ਼ਰਾਇਲੀ ਵਫ਼ਦ
ਦੀਰ ਅਲ-ਬਲਾਹ, 9 ਮਾਰਚ
ਇਜ਼ਰਾਈਲ ਨੇ ਕਿਹਾ ਹੈ ਕਿ ਗਾਜ਼ਾ ’ਚ ਜੰਗਬੰਦੀ ਦੇ ਦੂਜੇ ਪੜਾਅ ਦੀ ਵਾਰਤਾ ਪਹਿਲਾਂ ਸ਼ੁਰੂ ਕਰਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਹ ਆਪਣਾ ਵਫ਼ਦ ਸੋਮਵਾਰ ਨੂੰ ਕਤਰ ਭੇਜੇਗਾ। ਦੂਜੇ ਗੇੜ ਦੀ ਸ਼ਾਂਤੀ ਵਾਰਤਾ ਸ਼ੁਰੂ ਹੋਣ ’ਚ ਦੇਰੀ ਮਗਰੋਂ ਹਮਾਸ ਨੇ ਵੀ ਮਿਸਰ ਅਤੇ ਕਤਰ ਦੇ ਵਿਚੋਲਿਆਂ ਨਾਲ ਗੱਲਬਾਤ ’ਚ ਹਾਂ-ਪੱਖੀ ਸੰਕੇਤ ਦਿੱਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਹਨ ਪਰ ਇੰਨਾ ਜ਼ਰੂਰ ਆਖਿਆ ਹੈ ਕਿ ਉਨ੍ਹਾਂ ਅਮਰੀਕਾ ਦੀ ਹਮਾਇਤ ਵਾਲੇ ਵਿਚੋਲਿਆਂ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਹਮਾਸ ਦੇ ਤਰਜਮਾਨ ਅਬਦੇਲ-ਲਤੀਫ਼ ਅਲ-ਕਾਨੋਆ ਨੇ ਵੀ ਕੋਈ ਵੇਰਵੇ ਨਹੀਂ ਦਿੱਤੇ ਹਨ। ਉਂਜ ਜੰਗਬੰਦੀ ਸਬੰਧੀ ਵਾਰਤਾ ਦਾ ਦੂਜਾ ਪੜਾਅ ਇਕ ਮਹੀਨਾ ਪਹਿਲਾਂ ਸ਼ਰੂ ਹੋ ਜਾਣਾ ਚਾਹੀਦਾ ਸੀ। ਉਧਰ ਵ੍ਹਾਈਟ ਹਾਊਸ ਨੇ ਵੀ ਕੋਈ ਫੌਰੀ ਟਿੱਪਣੀ ਨਹੀਂ ਕੀਤੀ ਹੈ ਜਿਸ ਨੇ ਬੁੱਧਵਾਰ ਨੂੰ ਹਮਾਸ ਨਾਲ ਅਮਰੀਕਾ ਦੀ ਸਿੱਧੀ ਵਾਰਤਾ ਦੀ ਪੁਸ਼ਟੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਗਾਜ਼ਾ ਦੇ ਹਾਲਾਤ ਨਾਲ ਸਿੱਝਣ ਲਈ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ ਦੇ ਵਿਦੇਸ਼ ਮੰਤਰੀ ਸਾਊਦੀ ਅਰਬ ’ਚ ਇਕੱਠੇ ਹੋਏ ਹਨ। ਉਨ੍ਹਾਂ ਮਿਸਰ ਵੱਲੋਂ ਗਾਜ਼ਾ ਦੀ ਉਸਾਰੀ ਦੀ ਯੋਜਨਾ ਨੂੰ ਹਮਾਇਤ ਦਿੱਤੀ ਹੈ ਜਿਸ ਨੂੰ ਸਾਊਦੀ ਅਰਬ ਅਤੇ ਜੌਰਡਨ ਸਮੇਤ ਹੋਰ ਅਰਬ ਮੁਲਕਾਂ ਨੇ ਵੀ ਥਾਪੜਾ ਦਿੱਤਾ ਹੈ। -ਏਪੀ