ਜੜ੍ਹਾਂ
ਜਸਵਿੰਦਰ ਸੁਰਗੀਤ
ਸਾਲ ਉੱਨੀ ਸੌ ਉਨਾਸੀ ਅੱਸੀ ਦੇ ਵੇਲਿਆਂ ਦੀ ਗੱਲ ਹੈ। ਉਦੋਂ ਆਪਣੇ ਪਿੰਡ ਰਹਿੰਦਾ ਸਾਂ। ਘਰ ਦੇ ਨੇੜੇ ਹੀ ਬਹੁਤ ਵੱਡਾ ਨਿੰਮ ਦਾ ਦਰੱਖਤ ਹੁੰਦਾ ਸੀ (ਇਹ ਨਿੰਮ ਹੁਣ ਵੀ ਹੈ ਪਰ ਇਹਦਾ ਉਹ ਵਿਸ਼ਾਲ ਰੂਪ ਬੁਢਾਪੇ ਦੀ ਭੇਂਟ ਚੜ੍ਹ ਗਿਆ ਹੈ) ਜਿਸ ਨੂੰ ਸਾਰੇ ਪਿੰਡ ਵਾਲੇ ‘ਵੱਡਾ ਨਿੰਮ’ ਕਿਹਾ ਕਰਦੇ ਸਾਂ। ਇਸ ਦੇ ਪੂਰਬ ਵਾਲੇ ਪਾਸੇ ਗੁਰਦੁਆਰਾ ਤੇ ਪੱਛਮ ਵੰਨੀ ਪਸ਼ੂਆਂ ਲਈ ਵੱਡਾ ਛੱਪੜ ਹੁੰਦਾ ਸੀ। ਨਿੰਮ ਹੇਠਾਂ ਹਮੇਸ਼ਾ ਰੌਣਕ ਰਹਿੰਦੀ। ਪਿੰਡ ਦੇ ਬਜ਼ੁਰਗ ਉੱਥੇ ਡੱਠੇ ਤਖਤਪੋਸ਼ਾਂ ’ਤੇ ਬੈਠੇ ਰਹਿੰਦੇ। ਇੱਕ ਪਾਸੇ ਬੱਚੇ ਖੇਡਦੇ ਰਹਿੰਦੇ। ਨੌਜਵਾਨ ਅੱਡ ਢਾਣੀਆਂ ਬਣਾ ਕੇ ਯੱਕੜ ਮਾਰਦੇ। ਨਿੰਮ ਦੇ ਆਲੇ-ਦੁਆਲੇ ਲੋਕਾਂ ਨੇ ਆਪਣੇ ਪਸ਼ੂ ਬੰਨ੍ਹੇ ਹੁੰਦੇ, ਮੁੱਢ ਨਾਲ ਪਾਣੀ ਦੇ ਘੜੇ ਭਰ ਕੇ ਰੱਖੇ ਹੁੰਦੇ। ਕੋਈ-ਕੋਈ ਬਜ਼ੁਰਗ ਉੱਥੇ ਮੰਜਾ ਡਾਹ ਕੇ ਸੁੱਤਾ ਹੁੰਦਾ। ਗੱਲ ਕੀ, ਗਰਮੀ ਸਰਦੀ ਉਥੇ ਖੂਬ ਰੌਣਕ ਰਹਿੰਦੀ। ਗਰਮੀਆਂ ਦੀਆਂ ਦੁਪਹਿਰਾਂ ਤਾਂ ਹੋਰ ਵੀ ਰੌਣਕ ਵਾਲੀਆਂ ਹੁੰਦੀਆਂ। ਠੰਢੀ ਹਵਾ ਦੇ ਬੁੱਲੇ ਤਸੱਲੀ ਦਿੰਦੇ।
ਗਰਮੀਆਂ ਦੀ ਸ਼ਾਮ ਦਾ ਨਜ਼ਾਰਾ ਬੜਾ ਮਨਮੋਹਣਾ ਹੁੰਦਾ। ਇੱਕ ਪਾਸੇ ਛੱਪੜ ਦੇ ਨਿਰਮਲ ਪਾਣੀ ਵਿੱਚ ਪਸ਼ੂ ਤਾਰੀਆਂ ਲਾਉਂਦੇ (ਹਾਂ ਹਾਂ, ਨਿਰਮਲ ਪਾਣੀ!... ਉਦੋਂ ਛੱਪੜਾਂ ਦੇ ਪਾਣੀ ਨਿਰਮਲ ਹੁੰਦੇ ਸਨ); ਦੂਜੇ ਪਾਸੇ, ਬੱਚੇ ਛੱਪੜ ਵਿੱਚ ਤਾਰੀਆਂ ਲਾ ਰਹੇ ਹੁੰਦੇ। ਕਦੇ-ਕਦੇ ਨੌਜਵਾਨ ਛੱਪੜ ਵਿੱਚ ਖੁੰਢ ਸੁੱਟ ਕੇ ਉਸ ’ਤੇ ‘ਨੌਕਾ ਵਿਹਾਰ’ ਦਾ ਅਨੰਦ ਮਾਣਦੇ। ਕਿਸੇ ਪਾਸੇ ਮੁੰਡੇ ਛੱਪੜ ਕਿਨਾਰੇ ਲੱਗੇ ਦਰੱਖਤਾਂ ’ਤੇ ਚੜ੍ਹ-ਚੜ੍ਹ ਕੇ ਛੱਪੜ ਵਿੱਚ ਛਾਲਾਂ ਮਾਰਦੇ।
ਸ਼ਾਮ ਵੇਲੇ ਗੁਰਦੁਆਰੇ ਤੋਂ ਬਾਬਾ ਮਹਿੰਦਰ ਸਿੰਘ ਜੀ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੰਦੇ। ਉਨ੍ਹਾਂ ਦੀ ਆਵਾਜ਼ ਬੜੀ ਰਸਭਿੰਨੀ ਸੀ। ਪਿੰਡ ਦੀਆਂ ਨਿਆਈਆਂ ਵਿੱਚੋਂ ਮੋਰਾਂ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ। ਨਿੰਮ ’ਤੇ ਬੈਠੇ ਪੰਛੀਆਂ ਦੀਆਂ ਆਵਾਜ਼ਾਂ ਨੇ ਆਪਣਾ ਵੱਖਰਾ ਰਾਗ ਛੇੜਿਆ ਹੁੰਦਾ। ਇਉਂ ਇਨ੍ਹਾਂ ਰਲੀਆਂ ਮਿਲੀਆਂ ਆਵਾਜ਼ਾਂ ਦੀ ਇਕਮਿਕਤਾ ਨੇ ਅਜਬ ਸੰਗੀਤ ਛੇੜਿਆ ਹੁੰਦਾ।... ਤੇ ਇਸ ਮਨਮੋਹਣੇ ਮਾਹੌਲ ’ਚ ਤਾਸ਼ ਦੀ ਬਾਜ਼ੀ ਲੱਗ ਰਹੀ ਹੁੰਦੀ। ਅਸੀਂ ਸੀਪ ਖੇਡਦੇ। ਕਿਸੇ ਨੂੰ ‘ਮਾੜੇ ਪੱਤੇ’ ਆਉਂਦੇ ਤਾਂ ਉਹ ਖਿਡਾਰੀ ਆਪਣੇ ਨਾਲ ਬੈਠੇ ਨੂੰ ਆਖਦਾ, “ਜੀਤਿਆ, ਕਿਉਂ ਥੇਲ੍ਹੀ ਦੱਬੀ ਬੈਠੈਂ?... ਤੇ ਜੀਤਾ ਥੇਲ੍ਹੀ ਚੁੱਕ ਲੈਂਦਾ। ਖੇਡਦੇ ਸਮੇਂ ਕਿੰਨਾ-ਕਿੰਨਾ ਚਿਰ ਚੁੱਪ ਪਸਰੀ ਰਹਿੰਦੀ ਜਿੱਦਾਂ ਕਿਤੇ ਰਲ ਕੇ ਸਾਰਿਆਂ ਨੇ ਮੌਨ ਧਾਰਿਆ ਹੋਵੇ, ਤੇ ਫਿਰ ਇੱਕ ਦਮ ਧਮੱਚੜ ਮੱਚ ਪੈਂਦਾ। ਦਰੱਖਤਾਂ ’ਤੇ ਚੀਂ-ਚੀਂ ਕਰਦੇ ਪੰਛੀ ਉਡ ਜਾਂਦੇ। ਥੋੜ੍ਹੇ ਚਿਰ ਬਾਅਦ ਫਿਰ ਸੁੰਨ ਵਰਤ ਜਾਂਦੀ। ਪੰਛੀ ਹੌਲੀ-ਹੌਲੀ ਕਰ ਕੇ ਵਾਪਸ ਆਪਣੇ ਟਿਕਾਣਿਆਂ ’ਤੇ ਆ ਬਹਿੰਦੇ। ਇਉਂ ਇਹ ਚੱਕਰ ਚਲਦਾ ਰਹਿੰਦਾ।
ਉਨ੍ਹਾਂ ਖੇਡਣ ਵਾਲਿਆਂ ਵਿਚ ਸਾਡੇ ਪਿੰਡ ਦਾ ਗੁਰਦਿਆਲ ਸਿੰਘ ਹੁੰਦਾ ਸੀ। ਸਾਰੇ ਉਹਨੂੰ ਗੁਰਦਿਆਲਾ ਬੋਲ਼ਾ ਆਖਦੇ। ਉਂਝ ਉਹ ਬੋਲ਼ਾ ਨਹੀਂ ਸੀ, ਬਸ ਉਸ ਟੱਬਰ ਦੀ ਅੱਲ ਪਈ ਹੋਈ ਸੀ। ਜਦੋਂ ਵੀ ਉਹ ਆਪਣੇ ਵਿਰੋਧੀ ਖਿਡਾਰੀ ਨੂੰ ‘ਸੀਪ’ ਲਾਉਂਦਾ ਤਾਂ ਨਾਲ ਦੀ ਨਾਲ ਉੱਚੀ ਆਵਾਜ਼ ਵਿਚ ਆਖਦਾ: “ਦੇਖ ਮਰਦਾਨਿਆ, ਰੰਗ ਕਰਤਾਰ ਦੇ।” ’ਤੇ ਹੇਠਾਂ ਬਿਖਰੇ ਪੱਤੇ ਇਕੱਠੇ ਕਰਨ ਲੱਗ ਜਾਂਦਾ। ਇਉਂ ਮੇਰੇ ਪਿੰਡ ਦੇ ਵੱਡੇ ਨਿੰਮ ਥੱਲੇ ਬਾਰਾਂ ਮਹੀਨੇ ਤੀਹ ਦਿਨ ਤਾਸ਼ ਚਲਦੀ ਰਹਿੰਦੀ, ਪੰਛੀ ਚੀਂ-ਚੀਂ ਕਰਦੇ ਰਹਿੰਦੇ, ਮੋਰ ਪੈਲਾਂ ਪਾਉਂਦੇ ਰਹਿੰਦੇ, ਠੰਢੀ ਹਵਾ ਦੇ ਬੁੱਲੇ ਆਉਂਦੇ ਰਹਿੰਦੇ, ਛੱਪੜ ਦੇ ਸਾਫ ਸ਼ਫਾਫ ਪਾਣੀਆਂ ’ਚ ਪਸ਼ੂ ਨਹਾਉਂਦੇ, ਗੱਭਰੂ ਤਾਰੀਆਂ ਲਾਉਂਦੇ, ਰਹਿਰਾਸ ਦਾ ਪਾਠ ਹੁੰਦਾ ਰਹਿੰਦਾ।
ਹੁਣ ਜਦ ਕਦੇ ਕਦਾਈਂ ਪਿੰਡ ਜਾਂਦਾ ਹਾਂ ਤਾਂ ਨਿੰਮ ਨੂੰ ਜ਼ਰੂਰ ਮਿਲ ਕੇ ਆਉਂਦਾ ਹਾਂ। ਉਂਝ ਹੁਣ ਉਹ ਉਦਾਸ ਰਹਿੰਦਾ ਹੈ। ਮੈਂ ਪਿਆਰ ਨਾਲ ਉਹਨੂੰ ਕਲਾਵੇ ਵਿੱਚ ਲੈ ਲੈਂਦਾ ਹਾਂ।... ਇਸ ਵਾਰ ਮੇਰੀ ਧੀ ਵੀ ਮੇਰੇ ਨਾਲ ਪਿੰਡ ਗਈ। ਜਦੋਂ ਅਸੀਂ ਨਿੰਮ ਕੋਲੋਂ ਗੁਜ਼ਰੇ ਤਾਂ ਮੱਲੋਮੱਲੀ ਮੈਥੋਂ ਗੱਡੀ ਦੇ ਬਰੇਕ ਲੱਗ ਗਏ।
“ਕਿਉਂ ਪਾਪਾ, ਗੱਡੀ ਕਿਉਂ ਰੋਕ ਲੀ?” ਬੇਟੀ ਨੇ ਪੁੱਛਿਆ।
“ਬੱਸ ਇੱਕ ਮਿੰਟ ਰੁਕ ਪੁੱਤ।” ਇੰਨਾ ਆਖ ਮੈਂ ਗੱਡੀ ਵਿੱਚੋਂ ਨਿੱਕਲ ਗਿਆ। ਸਿੱਧਾ ਨਿੰਮ ਕੋਲ ਗਿਆ। ਚੁੱਪ-ਚਾਪ ਨਿੰਮ ਨੂੰ, ਉਹਦੀਆਂ ਬੁੱਢੀਆਂ ਹੋ ਚੁੱਕੀਆਂ ਜੜ੍ਹਾਂ ਨੂੰ, ਟਾਹਣੀਆਂ ਤੇ ਪੱਤਿਆਂ ਨੂੰ ਦੇਖਣ ਲੱਗਿਆ। ਪਲ ਦੀ ਪਲ ਮੈਂ ਪੰਜਤਾਲੀ ਸਾਲ ਪਿੱਛੇ ਚਲਾ ਗਿਆ। ਗਰਮੀਆਂ ਦੀ ਸ਼ਾਮ ਦਾ ਉਹ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਸਾਕਾਰ ਹੋ ਉੱਠਿਆ: ਬੱਚਿਆਂ ਦੀਆਂ ਕਿਲਕਾਰੀਆਂ, ਬਜ਼ੁਰਗਾਂ ਦੇ ਅੰਬਰੋਂ ਉੱਚੇ ਹਾਸੇ, ਤਾਸ਼ ਖੇਡਦਿਆਂ ਦੀ ਪੈਂਦੀ ਖੱਪ, ਗੁਰਦੁਆਰੇ ਦੇ ਸਪੀਕਰ ’ਚੋਂ ਬਾਬਾ ਮਹਿੰਦਰ ਸਿੰਘ ਦੀ ਸੁਰੀਲੀ ਆਵਾਜ਼, ਪੰਛੀਆਂ ਦੀ ਚਹਿਚਹਾਹਟ। ਸਮਾਂ ਜਿਵੇਂ ਪਿਛਲ ਪੈਰੀਂ ਹੋ ਗਿਆ ਹੋਵੇ। ਮੈਂ ਮੰਤਰ ਮੁਗਧ ਹੋ ਗਿਆ। ਇਹ ਹਾਲਤ ਕਿੰਨਾ ਚਿਰ ਬਣੀ ਰਹੀ।
ਵਾਪਸ ਆਇਆ, ਆਸੇ ਪਾਸੇ ਦੇਖਿਆ; ਜਿੱਥੇ ਪਹਿਲਾਂ ਵੱਡਾ ਛੱਪੜ ਸੀ, ਉੱਥੇ ਵੱਡਾ ਸਾਰਾ ਟੋਆ ਜਿਹਾ ਰਹਿ ਗਿਆ ਹੈ ਜਿਸ ਵਿਚ ਨਾ-ਮਾਤਰ ਪਾਣੀ ਹੈ, ਪਾਣੀ ਵੀ ਗੰਧਲਾ। ਛੱਪੜ ਕਿਨਾਰੇ ਲੱਗਿਆ ਬਹੁਤ ਵੱਡਾ ਬੋਹੜ ਦਾ ਦਰੱਖਤ ਨਹੀਂ ਹੈ। ਆਸੇ ਪਾਸੇ ਵਸਦੇ ਘਰਾਂ ਵਿੱਚੋਂ ਬਹੁਤੇ ਘਰ ਖਾਲੀ ਹਨ। ਇਨ੍ਹਾਂ ਵਿਚੋਂ ਬਹੁਤੇ ਘਰ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵਿਦੇਸ਼ ਜਾ ਵਸੇ ਹਨ। ਕੁਝ ਨੇੜਲੇ ਸ਼ਹਿਰ ਚਲੇ ਗਏ।
ਉਦਾਸ ਮਨ ਨਾਲ ਮੈਂ ਵਾਪਸ ਆ ਕੇ ਕਾਰ ਵਿੱਚ ਬੈਠ ਗਿਆ। ਆਸੇ ਪਾਸੇ ਤੋਂ ਬੇਖ਼ਬਰ ਮੇਰੀ ਧੀ ਮੋਬਾਈਲ ਫੋਨ ਵਿੱਚ ਰੁੱਝੀ ਹੋਈ ਸੀ। “ਪਾਪਾ ਕਿੱਥੇ ਗਏ ਸੀ, ਐਨਾ ਟਾਈਮ ਲਾ’ਤਾ?” ਧੀ ਨੇ ਮੋਬਾਈਲ ਫੋਨ ਤੋਂ ਧਿਆਨ ਹਟਾ ਕੇ ਪੁੱਛਿਆ।
“ਆਪਣੀਆਂ ਜੜ੍ਹਾਂ ਦੇਖਣ ਗਿਆ ਸੀ ਪੁੱਤ।” ਮੈਂ ਉਦਾਸ ਲਹਿਜੇ ਵਿੱਚ ਬੋਲਿਆ।
“ਕਿਹੜੀਆਂ ਜੜ੍ਹਾਂ? ਕੀ ਕਹੀ ਜਾਨੇਂ ਓਂ?”
“ਪੁੱਤ, ਤੇਰੇ ਸਮਝ ਨ੍ਹੀਂ ਆਉਣੀ ਇਹ ਗੱਲ।” ਉਹ ਮੋਬਾਈਲ ਫੋਨ ਵਿੱਚ ਦੁਬਾਰਾ ਰੁੱਝ ਗਈ ਤੇ ਮੈਂ ਗੱਡੀ ਤੋਰ ਲਈ।
ਸੰਪਰਕ: 94174-48436