ਜੈਸਮੀਨ ਤੇ ਖੁਸ਼ੀ ਏਸ਼ੀਅਨ ਚੈਂਪੀਅਨਸ਼ਿਪ ਲਈ ਚੁਣੀਆਂ

ਏਸ਼ੀਅਨ ਚੈਪੀਅਨਸ਼ਿਪ ਲਈ ਚੁਣੀ ਗਈ ਜੈਸਮੀਨ ਕੌਰ ਤੇ ਖੁਸ਼ੀ ਸੈਣੀ। -ਫੋਟੋ: ਬੱਬੀ

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀਆਂ ਦੋ ਹੋਣਹਾਰ ਖਿਡਾਰਨਾਂ ਜੈਸਮੀਨ ਕੌਰ ਤੇ ਖੁਸ਼ੀ ਸੈਣੀ ਦੀ ਚੋਣ ਕਤਰ ਦੀ ਰਾਜਧਾਨੀ ਦੋਹਾ ਵਿਚ ਹੋ ਰਹੀ 14ਵੀਂ ਏਸ਼ੀਅਨ ਚੈਪੀਅਨਸ਼ਿਪ ਵਾਸਤੇ ਪਿਛਲੇ ਦਿਨੀਂ ਨਵੀਂ ਦਿੱਲੀ ਵਿਚ ਹੋਈ। ਇਨ੍ਹਾਂ ਖਿਡਾਰਨਾਂ ਦੀ ਚੋਣ ਕਾਰਨ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਹੋਇਆ, ਉੱਥੇ ਹੀ ਜ਼ਿਲ੍ਹਾ ਰੂਪਨਗਰ ਅਤੇ ਉਕਤ ਸਕੂਲ ਲਈ ਵੱਡੀ ਮਾਣ ਵਾਲੀ ਗੱਲ ਹੈ। ਉਕਤ ਖਿਡਾਰਣਾਂ ਦੀ ਚੋਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ’ਤੇ ਦੋਵਾਂ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਇਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਸ਼ੀਲ ਭਗਤ ਨੇ ਉਚੇਚੇ ਤੌਰ ’ਤੇ ਸਕੂਲ ਪੁੱਜ ਕੇ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਕੂਲ ਸਟਾਫ ਖਾਸ ਤੌਰ ’ਤੇ ਨਰਿੰਦਰ ਬੰਗਾ ਅਤੇ ਡੀਪੀਈ ਗਗਨਦੀਪ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸੰਭਵ ਹੋ ਸਕਿਆ। ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਮਲਕੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਪੇਂਡੂ ਸਰਕਾਰੀ ਸਕੂਲ ਵਿੱਚ ਇਸ ਵੱਡੀ ਖੇਡ ਦਾ ਆਧਾਰ ਢਾਂਚਾ ਮੁਹੱਈਆ ਕਰਵਾਇਆ।

Tags :