ਜੈਸਮੀਨ ਕੰਗ ‘ਮਿਸ ਫੇਅਰਵੈੱਲ’ ਤੇ ਗਗਨਦੀਪ ਸਿੰਘ ‘ਮਿਸਟਰ ਫੇਅਰਵੈੱਲ’ ਚੁਣੇ
ਪੱਤਰ ਪ੍ਰੇਰਕ
ਸਮਰਾਲਾ, 3 ਫਰਵਰੀ
ਮੈਕਸ ਆਰਥਰ ਮੈਕਲਿਫ ਪਬਲਿਕ ਸਕੂਲ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਟਾਫ਼ ਨੇ ਬਰੋਟਾ ਫਾਰਮਜ਼, ਰੋਪੜ ਵਿੱਚ ਬਾਰ੍ਹਵੀਂ ਜਮਾਤ ਲਈ ਵਿਦਾਇਗੀ ਪਾਰਟੀ ਦਿੱਤੀ, ਜਿੱਥੇ ਉਨ੍ਹਾਂ ਸੈਸ਼ਨ 2024-25 ਦੇ ਵਿਦਿਆਰਥੀਆਂ ਨੂੰ ਅਲਵਿਦਾ ਕਿਹਾ। ਇਸ ਮੌਕੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਗੀਤ, ਡਾਂਸ ਅਤੇ ਮਜ਼ੇਦਾਰ ਖੇਡਾਂ ਸ਼ਾਮਲ ਸਨ। ਸੀਨੀਅਰ ਵਿਦਿਆਰਥੀਆਂ ਵੱਲੋਂ ਰੈਂਪ ਵਾਕ ਤੇ ਸਵਾਲ-ਜਵਾਬ ਸੈਸ਼ਨ ਵਿੱਚ ਭਾਗ ਲੈਂਦਿਆਂ ਮਿਸਟਰ ਤੇ ਮਿਸ ਫੇਅਰਵੈੱਲ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਬਾਰ੍ਹਵੀਂ ਜਮਾਤ ਦੀ ਜੈਸਮੀਨ ਕੰਗ ਨੂੰ ‘ਮਿਸ ਫੇਅਰਵੈੱਲ’ ਅਤੇ ਗਗਨਦੀਪ ਸਿੰਘ ਨੂੰ ‘ਮਿਸਟਰ ਫੇਅਰਵੈੱਲ’ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਸਾਲ 2024-25 ਦੀ ‘ਮੋਸਟ ਲਾਈਵ ਸਟੂਡੈਂਟ’ ਦਾ ਖਿਤਾਬ ਬਾਰ੍ਹਵੀਂ ਜਮਾਤ ਦੀ ਤਮੰਨਾ ਸ਼ਰਮਾ ਅਤੇ ‘ਸਰਵੋਤਮ ਵਿਦਿਆਰਥੀ’ ਦਾ ਖਿਤਾਬ ਵਰਿੰਦਰ ਕੌਰ ਦੇ ਹਿੱਸੇ ਆਇਆ। ਅਖੀਰ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ, ਜੂਨੀਅਰਾਂ ਅਤੇ ਸਕੂਲ ਪ੍ਰਬੰਧਕਾਂ ਦਾ ਉਨ੍ਹਾਂ ਦੇ ਅਕਾਦਮਿਕ ਸੈਸ਼ਨ ਦੌਰਾਨ ਸਹਿਯੋਗ ਅਤੇ ਮਾਰਗਦਰਸ਼ਨ ਕਰਨ ਲਈ ਧੰਨਵਾਦ ਕਰਦਿਆਂ ਸਕੂਲ ਜੀਵਨ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਅਭੁੱਲ ਯਾਦਾਂ ਨੂੰ ਤਾਜ਼ਾ ਕੀਤਾ। ਇਸ ਦੌਰਾਨ ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ ਅਤੇ ਮੈਨੇਜਰ ਰਮਨਦੀਪ ਸਿੰਘ ਵੀ ਇਸ ਵਿਦਾਇਗੀ ਸਮਾਗਮ ਵਿੱਚ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵੀ ਵਿਦਿਆਰਥੀਆਂ ਦੀ ਅਕਾਦਮਿਕ, ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ।