ਜੈਵੇਲਿਨ ਥ੍ਰੋਅਰ: ਨੀਰਜ ਚੋਪੜਾ ਤੇ ਵੈੱਬਰ ਪੋਲੈਂਡ ’ਚ ਮੁੜ ਹੋਣਗੇ ਆਹਮੋ ਸਾਹਮਣੇ
ਚੋਰਜ਼ੋਵ (ਪੋਲੈਂਡ), 22 ਮਈ

ਭਾਰਤੀ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਪਿਛਲੇ ਹਫ਼ਤੇ ਦੋਹਾ ’ਚ 90 ਮੀਟਰ ਦੀ ਥ੍ਰੋਅ ਕਰਨ ਮਗਰੋਂ ਸ਼ੁੱਕਰਵਾਰ ਨੂੰ ਇੱਥੇ ਓਰਲੇਨ ਜਾਨੁਸਜ਼ ਕੁਸੋਸਿੰਸਕੀ ਮੈਮੋਰੀਅਲ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੈਵੇਲਿਨ ਥ੍ਰੋਅ ਮੁਕਾਬਲੇ ’ਚ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗਾ। ਚੋਪੜਾ ਨੇ ਦੋਹਾ ਡਾਇਮੰਡ ਲੀਗ ’ਚ 90.23 ਮੀਟਰ ਦੂਰ ’ਤੇ ਜੈਵੇਲਿਨ ਸੁੱਟੀ ਸੀ ਤੇ ਉਹ ਦੂਜੇ ਸਥਾਨ ’ਤੇ ਰਿਹਾ ਸੀ, ਜਿੱਥੇ ਜਰਮਨੀ ਦੇ ਜੂਲੀਅਨ ਵੈੱਬਰ ਨੇ 91.06 ਦੀ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਸਾਲ 2022 ਦੇ ਯੂਰੋਪੀਅਨ ਚੈਂਪੀਅਨ ਤੇ 2024 ’ਚ ਉਪਜੇਤੂ ਰਹੇ ਵੈੱਬਰ ਤੋਂ ਇਲਾਵਾ ਦੋ ਵਾਰ ਦਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦਾ ਐਂਡਰਸਨ ਪੀਟਰਸ ਵੀ ਪੋਲੈਂਡ ’ਚ ਹੋਣ ਵਾਲੇ ਟੂਰਨਾਮੈਂਟ ’ਚ ਹਿੱਸਾ ਲੈਣਗੇ ਜਿੱਥੇ ਉਹ ਭਾਰਤੀ ਖਿਡਾਰੀ ਨੂੰ ਚੁਣੌਤੀ ਦੇਣਗੇ। ਐਂਡਰਸਨ ਦੋਹਾ ’ਚ ਤੀਜੇ ਸਥਾਨ ’ਤੇ ਰਿਹਾ ਸੀ। ਟੂਰਨਾਮੈਂਟ ’ਚ ਹਿੱਸਾ ਵਾਲੇ ਅੱਠ ਖਿਡਾਰੀਆਂ ਪੋਲੈਂਡ ਦਾ ਰਿਕਾਰਡਧਾਰੀ ਮਾਰਸਿਨ ਕਰੂਕੋਵਸਕੀ ਤੇ ਉਸ ਦੇ ਹਮਵਤਨ ਸੀ. ਮਿਰਜ਼ੀਗਲੋਡ, ਡੇਵਿਡ ਵੈਗਨਰ, ਮੋਲਡੋਵਾ ਦਾ ਐਂਡਰੀਅਨ ਮਾਰਡਾਰੇ ਤੇ ਯੂਕਰੇਨ ਦਾ ਏ. ਫੈਲਨਰ ਵੀ ਸ਼ਾਮਲ ਹਨ। -ਪੀਟੀਆਈ