ਜੈਵਲਿਨ ਥ੍ਰੋਅ: ਪੋਲੈਂਡ ’ਚ 84.14 ਮੀਟਰ ਨਾਲ ਨੀਰਜ ਦੂਜੇ ਸਥਾਨ ’ਤੇ
ਚੋਰਜ਼ੋਵ (ਪੋਲੈਂਡ), 24 ਮਈ
ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਬੀਤੀ ਦੇਰ ਰਾਤ ਇੱਥੇ ਓਰਲੇਨ ਜਾਨੁਸਜ਼ ਕੁਸੋਸਿੰਸਕੀ ਮੈਮੋਰੀਅਲ ਚੈਂਪੀਅਨਸ਼ਿਪ ਵਿੱਚ 85 ਮੀਟਰ ਦੀ ਦੂਰੀ ਤੈਅ ਕਰਨ ਵਿੱਚ ਅਸਫਲ ਰਹਿਣ ਦੇ ਬਾਵਜੂਦ ਦੂਜੇ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਨੀਰਜ ਚੰਗੀ ਲੈਅ ਵਿੱਚ ਨਹੀਂ ਨਜ਼ਰ ਆਇਆ। ਉਸ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 84.14 ਮੀਟਰ ਦਾ ਸਰਬੋਤਮ ਥ੍ਰੋਅ ਰਿਕਾਰਡ ਕੀਤਾ। ਇਸ ਥ੍ਰੋਅ ਤੋਂ ਪਹਿਲਾਂ ਉਹ ਤੀਜੇ ਸਥਾਨ ’ਤੇ ਸੀ। ਜਰਮਨੀ ਦਾ ਜੂਲੀਅਨ ਵੈੱਬਰ 86.12 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਇੱਕ ਵਾਰ ਫਿਰ ਪਹਿਲੇ ਸਥਾਨ ’ਤੇ ਰਿਹਾ। 16 ਮਈ ਨੂੰ ਦੋਹਾ ਡਾਇਮੰਡ ਲੀਗ ਵਿੱਚ ਉਹ ਪਹਿਲੇ ਅਤੇ ਚੋਪੜਾ ਨੀਰਜ ਦੂਜੇ ਸਥਾਨ ’ਤੇ ਰਿਹਾ ਸੀ। ਦੋਹਾ ਵਾਂਗ ਇੱਥੇ ਵੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 83.24 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਤੀਜਾ ਸਥਾਨ ਹਾਸਲ ਕੀਤਾ।
ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਭਾਰਤੀ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਆਪਣੇ ਦੂਜੇ ਥ੍ਰੋਅ ਵਿੱਚ 81.28 ਦਾ ਸਕੋਰ ਕੀਤਾ। ਉਸ ਨੂੰ ਦੂਰ ਥ੍ਰੋਅ ਕਰਨ ਵਿੱਚ ਮੁਸ਼ਕਲ ਆਈ, ਜਿਸ ਕਰਕੇ ਉਸ ਨੂੰ ਆਪਣੇ ਕੋਚ ਕੋਲੋਂ ਸਲਾਹ ਲੈਂਦੇ ਵੀ ਦੇਖਿਆ ਗਿਆ। ਉਸ ਦਾ ਤੀਜਾ ਅਤੇ ਚੌਥਾ ਥ੍ਰੋਅ ਵੀ ਫਾਊਲ ਸੀ। ਮਗਰੋਂ ਪੰਜਵੇਂ ਥ੍ਰੋਅ ਵਿੱਚ ਉਸ ਨੇ 81.40 ਅਤੇ ਆਖਰੀ ਥ੍ਰੋਅ ਵਿੱਚ 84.14 ਮੀਟਰ ਥ੍ਰੋਅ ਕੀਤਾ। -ਪੀਟੀਆਈ