ਜੈਕੀ ਸ਼ਰੌਫ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਮੁੰਬਈ: ਅਦਾਕਾਰ ਜੈਕੀ ਸ਼ਰੌਫ ਨੇ ਆਪਣੇ ਪੁੱਤਰ ਅਦਾਕਾਰ ਟਾਈਗਰ ਸ਼ਰੌਫ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਅਦਾਕਾਰ ਨੇ ਆਪਣੇ ਪੁੱਤਰ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਫੋਟੋ ਵਿੱਚ ਦੋਵੇਂ ਜਣੇ ਇੱਕ-ਦੂਜੇ ਵੱਲ ਪਿੱਠ ਕਰੀਂ ਬੈਠੇ ਦਿਖਾਈ ਦੇ ਰਹੇ ਹਨ। ਜੈਕੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਪਾਈ ਸਟੋਰੀ ਵਿੱਚ ਟਾਈਗਰ ਦੇ ਬਚਪਨ ਦੀਆਂ ਫੋਟੋਆਂ ਸਣੇ ਉਸ ਦੇ ਹੁਣ ਦੇ ਫ਼ੈਸ਼ਨ ਸ਼ੋਅ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਇਸ ਪੋਸਟ ਵਿੱਚ ਪਾਏ ਇੱਕ ਵੀਡੀਓ ਵਿੱਚ ਟਾਈਗਰ ਡਿਜ਼ਾਈਨਰ ਤਰੁਣ ਟਹਿਲਿਆਨੀ ਦੇ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵਿੱਚ ਉਸ ਨਾਲ ਮਾਨੁਸ਼ੀ ਵੀ ਸੀ। ਇਨ੍ਹੀਂ ਦਿਨੀਂ ਟਾਈਗਰ ਆਪਣੀ ਅਗਲੀ ਫਿਲਮ ‘ਬਾਗ਼ੀ 4’ ਦੀ ਸ਼ੂਟਿੰਗ ਸ਼ੁਰੂ ਕਰਨ ਦੇ ਕੰਮ ’ਚ ਰੁੱਝਿਆ ਹੋਇਆ ਹੈ। ਫਿਲਮਕਾਰਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਇਸ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਸੀ। ਇਸ ਵਿੱਚ ਟਾਈਗਰ ਟਾਇਲਟ ਸੀਟ ’ਤੇ ਬੈਠਾ ਦਿਖਾਈ ਦੇ ਰਿਹਾ ਹੈ। ਉਸ ਦੇ ਹੱਥ ਵਿੱਚ ਚਾਕੂ ਫੜਿਆ ਹੋਇਆ ਹੈ ਅਤੇ ਆਲੇ-ਦੁਆਲੇ ਖੂਨ ਡੁੱਲ੍ਹਿਆ ਹੋਇਆ ਹੈ। ਇਸ ਫਿਲਮ ਵਿੱਚ ਟਾਈਗਰ ਤੋਂ ਇਲਾਵਾ ਸੰਜੈ ਦੱਤ ਵੀ ਨਜ਼ਰ ਆਵੇਗਾ। ਇਹ ਫਿਲਮ ਇਸ ਸਾਲ ਪੰਜ ਸਤੰਬਰ ਨੂੰ ਰਿਲੀਜ਼ ਹੋਵੇਗੀ। -ਏਐੱਨਆਈ