ਜੇਸੀਡੀਏਵੀ ਕਾਲਜ ਦਸੂਹਾ ਦੀ ਅਥਲੈਟਿਕ ਮੀਟ
ਪੱਤਰ ਪ੍ਰੇਰਕ
ਦਸੂਹਾ, 4 ਫਰਵਰੀ
ਇੱਥੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦੀ ਅਗਵਾਈ ਹੇਠ 50ਵੀਂ ਅਥਲੈਟਿਕ ਮੀਟ ਕਰਵਾਈ ਗਈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦੇ ਪਿਤਾ ਜਗਮੋਹਨ ਸਿੰਘ ਬੱਬੂ ਘੁੰਮਣ, ਐੱਮ.ਆਰ.ਸੀ. ਗਰੁੱਪ ਦੇ ਐੱਮਡੀ ਮੁਕੇਸ਼ ਰੰਜਨ, ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਜੌੜਾ, ਥਾਣਾ ਮੁਖੀ ਪ੍ਰਭਜੋਤ ਕੌਰ, ਡਾ. ਅਮਰੀਕ ਸਿੰਘ ਬਸਰਾ ਤੇ ਪ੍ਰਿੰ. ਸਵਤੰਤਰ ਚੋਪੜਾ ਨੇ ਸਾਂਝੇ ਤੌਰ ’ਤੇ ਕੀਤਾ। ਪ੍ਰਿੰ. ਰਾਕੇਸ਼ ਮਹਾਜਨ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਖੇਡ ਅਤੇ ਅਕਾਦਮਿਕ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਵਾਲੰਟੀਅਰਾਂ ਨੇ ਮਾਰਚ ਪਾਸ ਕੀਤਾ। ਮਗਰੋਂ ਮਹਿਮਾਨਾਂ ਨੇ ਅਸਮਾਨ ’ਚ ਗੁਬਾਰੇ ਛੱਡ ਕੇ ਅਥਲੈਟਿਕ ਮੀਟ ਦਾ ਆਗਾਜ਼ ਕੀਤਾ। ਜਗਮੋਹਨ ਸਿੰਘ ਘੁੰਮਣ ਤੇ ਮੁਕੇਸ਼ ਰੰਜਨ ਨੇ ਕਿਹਾ ਕਿ ਖੇਡਾਂ ਜ਼ਰੀਏ ਸਾਡੇ ਅੰਦਰ ਆਪਸੀ ਸਾਂਝ, ਸਹਿਯੋਗ ਤੇ ਮਿਲਵਰਤਨ ਦੀ ਭਾਵਨਾ ਵਿਕਸਤ ਹੁੰਦੀ ਹੈ। ਅਥਲੈਟਿਕ ਮੀਟ ਦੇ ਕਨਵੀਨਰ ਡਾ. ਲਖਵੀਰ ਕੌਰ ਨੇ ਦੱਸਿਆ ਕਿ ਇਸ ਮੌਕੇ ਡਿਸਕਸ ਥਰੋਅ, ਜੈਵਲਿਨ ਥਰੋਅ, ਸ਼ਾਟ ਪੁੱਟ ਅਤੇ ਵੱਖ ਵੱਖ ਦੌੜ ਮੁਕਾਬਲੇ ਕਰਵਾਏ ਗਏ। ਟੀਚਿੰਗ ਸਟਾਫ ਵਿਚਕਾਰ ਕਰਵਾਇਆ ਰੱਸਾਕਸ਼ੀ ਅਤੇ ਮਹਿਲਾ ਸਟਾਫ ਵਿਚਕਾਰ ਦੌੜ ਮੁਕਾਬਲਾ ਖਿੱਚ ਦਾ ਕੇਂਦਰ ਬਣਿਆ। ਬੀਏ ਭਾਗ ਦੂਸਰਾ ਦੀ ਅਥਲੀਟ ਪੁਰਰਵ ਅਤੇ ਬੀਐਸਸੀ ਭਾਗ ਦੂਸਰਾ ਦਾ ਅਥਲੀਟ ਅਨਮੋਲ ਬੈਸਟ ਅਥਲੀਟ ਐਲਾਨੇ ਗਏ। ਇਸ ਦੌਰਾਨ ਯੂਨੀਵਰਸਿਟੀ ਅਤੇ ਅੰਤਰ ਯੂਨੀਵਰਸਿਟੀ ਪੱਧਰੀ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਵੀ ਕੀਤਾ ਗਿਆ।