ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਏਡੀਜੀਪੀ ਵੱਲੋਂ ਕੇਂਦਰੀ ਜੇਲ੍ਹ ਦਾ ਦੌਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਜੇਲ੍ਹ ਵਿਭਾਗ ਦੀ ਪ੍ਰਮੁੱਖ ਸਕੱਤਰ ਭਾਵਨਾ ਗਰਗ ਅਤੇ ਏਡੀਜੀਪੀ (ਜੇਲ੍ਹਾਂ) ਅਰੁਣਪਾਲ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਜੇਲ੍ਹ ਲਈ ਨਵੀਂ ਬੋਲੈਰੋ ਗੱਡੀ ਸਮੇਤ ਜੇਲ੍ਹ ਅੰਦਰ ਗਸ਼ਤ ਕਰਨ ਲਈ ਜੇਲ੍ਹ ਅਮਲੇ ਵਾਸਤੇ ਤਿੰਨ ਮੋਟਰਸਾਈਕਲਾਂ ਸਮੇਤ ਈ-ਰਿਕਸ਼ਾ ਤੇ ਇੱਕ ਈ-ਬਾਈਕ ਵੀ ਜੇਲ੍ਹ ਸੁਪਰਡੈਂਟ ਨੂੰ ਸੌਂਪੀ। ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤ ਵਿੱਚ ਬੰਦੀਆਂ ਨੂੰ ਹਸਪਤਾਲ ਲਿਜਾਣ ਲਈ ਇੱਕ ਐਂਬੂਲੈਂਸ ਵੀ ਜੇਲ੍ਹ ਪ੍ਰਸ਼ਾਸਨ ਦੇ ਸਪੁਰਦ ਕੀਤੀ ਗਈ।
ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਆਖਿਆ ਕਿ ਜੇਲ੍ਹਾਂ ਨੂੰ ਅਸਲ ’ਚ ਸੁਧਾਰ ਘਰ ਬਣਾਉਣ ਲਈ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਨਵੀਨੀਕਰਨ ਤੇ ਸੁਧਾਰ ਹਿੱਤ ਵਿਆਪਕ ਯੋਜਨਾ ਉਲੀਕੀ ਗਈ ਹੈ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਸਮੁੱਚੇ ਕੈਦੀਆਂ ਦੀ ਭਲਾਈ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ। ਇਸ ਮਗਰੋਂ ਪ੍ਰਮੁੱਖ ਸਕੱਤਰ ਅਤੇ ਏਡੀਜੀਪੀ ਨੇ ਨਵੇਂ ਬਣੇ ਵੀਡੀਓ ਕਾਨਫਰੰਸਿੰਗ ਰੂਮ, ਨਵੀਨੀਕਰਨ ਕੀਤੇ ਗਏ ਕੰਟਰੋਲ ਰੂਮ, ਮਹਿਲਾ ਵਾਰਡ, ਨਸ਼ਾ ਛੁਡਾਊ ਵਾਰਡ, ਫੈਕਟਰੀ ਅਤੇ ਜੇਲ੍ਹ ਹਸਪਤਾਲ ਸਮੇਤ ਹੁਨਰ ਵਿਕਾਸ ਕੇਂਦਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਿਖਲਾਈ ਪ੍ਰਾਪਤ ਕੈਦੀਆਂ ਨੂੰ ਜੀਵਨ ਹੁਨਰਾਂ ਦੇ ਸਰਟੀਫਿਕੇਟ ਵੀ ਵੰਡੇ। ਇਸ ਦੌਰਾਨ ਕੈਦੀਆਂ ਨੇ ਕੈਦੀਆਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਦਿਆਂ ਆਪਣੀ ਪ੍ਰਤਿਭਾ ਅਤੇ ਸੁਧਾਰ ਦੇ ਯਤਨਾਂ ਦਾ ਪ੍ਰਦਰਸ਼ਨ ਕੀਤਾ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ, ਵਧੀਕ ਸੁਪਰਡੈਂਟ ਅਰਪਨਜੋਤ ਸਿੰਘ, ਡਿਪਟੀ ਸੁਪਰਡੈਂਟ (ਫੈਕਟਰੀ) ਜੈਦੀਪ ਸਿੰਘ, ਡਿਪਟੀ ਸੁਪਰਡੈਂਟ (ਸੁਰੱਖਿਆ) ਗੁਰਜੀਤ ਸਿੰਘ, ਮਨੋਵਿਗਿਆਨੀ ਡਾ. ਅਦਿਤੀ, ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ, ਡਾ. ਅਭਿਸ਼ੇਕ ਤੇ ਡਾ. ਮਨਿੰਦਰ ਸਿੰਘ ਵੀ ਮੌਜੂਦ ਸਨ।
ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ
ਪ੍ਰਮੁੱਖ ਸਕੱਤਰ ਭਾਵਨਾ ਗਰਗ ਤੇ ਏ.ਡੀ.ਜੀ.ਪੀ. ਅਰੁਣਪਾਲ ਸਿੰਘ ਨੇ ਇਸ ਮੌਕੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਸਕਾਰਾਤਮਕ ਤਬਦੀਲੀ ਅਤੇ ਪੁਨਰਵਾਸ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਦੀਆਂ ਲਈ ਕਾਨੂੰਨੀ ਸਹਾਇਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੇਂ ਬਣੇ ਕਾਨੂੰਨੀ ਸਹਾਇਤਾ ਦਫ਼ਤਰ ਦਾ ਉਦਘਾਟਨ ਕੀਤਾ।