ਜੇਠ ਦੀ ਗਰਮੀ ਨੇ ਤਪਾਏ ਚੰਡੀਗੜ੍ਹ ਵਾਸੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਸ਼ਹਿਰ ਦਾ ਤਾਪਮਾਨ 43.8 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ ਜੋ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਤੱਕ ਵੱਧ ਹੈ। ਇਸ ਦੇ ਨਾਲ ਹੀ ਅੱਜ ਦਾ ਦਿਨ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਹੈ ਜਦੋਂਕਿ ਸ਼ਹਿਰ ਵਿੱਚ ਘੱਟ ਤੋਂ ਘੱਟ ਤਾਪਮਾਨ ਵੀ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 1.6 ਡਿਗਰੀ ਸੈਲਸੀਅਸ ਵੱਧ ਰਿਹਾ। ਤਿੱਖੀ ਧੁੱਪ ਕਰ ਕੇ ਲੋਕ ਆਮ ਦਿਨਾਂ ਦੇ ਮੁਕਾਬਲੇ ਘੱਟ ਗਿਣਤੀ ਵਿੱਚ ਘਰੋਂ ਬਾਹਰ ਨਿਕਲੇ। ਇਸ ਕਰ ਕੇ ਸ਼ਹਿਰ ਦੀਆਂ ਸੜਕਾਂ ’ਤੇ ਵੀ ਸਾਰਾ ਦਿਨ ਸੰਨਾਟਾ ਪੱਸਰਿਆ ਰਿਹਾ ਹੈ। ਇਸੇ ਦੌਰਾਨ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਰੌਕ ਗਾਰਡਨ ’ਚ ਵੀ ਸੰਨਾਟਾ ਪਸਰਿਆ ਰਿਹਾ ਹੈ। ਲੋਕ ਸਵੇਰੇ ਤੇ ਸ਼ਾਮ ਸਮੇਂ ਵੀ ਆਮ ਦਿਨਾਂ ਨਾਲੋਂ ਘੱਟ ਪਹੁੰਚੇ ਸਨ। ਮੌਸਮ ਵਿਭਾਗ ਨੇ ਇਹ ਪੂਰਾ ਹਫ਼ਤਾ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਵੀ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮੁਹਾਲੀ ਦਾ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਦਾ ਤਾਪਮਾਨ 40.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ।