ਜੇਐੱਨਯੂ ਚੋਣਾਂ: ਖੱਬੀਆਂ ਧਿਰਾਂ ਦੀ ਚੜ੍ਹਤ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਨਤੀਜੇ ਐਲਾਨਣ ਬਾਰੇ ਦਿੱਲੀ ਹਾਈ ਕੋਰਟ ਵੱਲੋਂ ਲਾਈ ਰੋਕ ਕਰਕੇ ਅਜੇ ਨਤੀਜੇ ਨਹੀਂ ਐਲਾਨੇ ਗਏ ਪਰ ਰੁਝਾਨਾਂ ਮੁਤਾਬਕ ਇਸ ਵਾਰ ਵੀ ਲਾਲ ਝੰਡੇ ਦਾ ਗੜ੍ਹ ਕਾਇਮ ਰਹੇਗਾ ਤੇ ਵੱਡੇ ਫਰਕ ਨਾਲ ਚੋਣਾਂ ਜਿੱਤਣ ਵੱਲ ਖੱਬੀਆਂ ਧਿਰਾਂ ਅੱਗੇ ਵਧ ਰਹੀਆਂ ਹਨ। ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਲਈ ਖੜ੍ਹੀ ਉਮੀਦਵਾਰ ਸਮੇਤ ਮੀਤ ਪ੍ਰਧਾਨ, ਸਕੱਤਰ ਤੇ ਸੰਯੁਕਤ ਸਕੱਤਰੀ ਲਈ ਖੜ੍ਹੇ ਉਮੀਦਵਾਰ ਆਪਣੇ ਵਿਰੋਧੀਆਂ ਤੋਂ ਕਿਤੇ ਅੱਗੇ ਸਨ। ਵਿਦਿਆਰਥੀਆਂ ਨੂੰ ਸਿਰਫ਼ ਨਤੀਜਿਆਂ ਦੇ ਐਲਾਨ ਹੋਣ ਦੀ ਉਡੀਕ ਹੈ ਜਦੋਂ ਕਿ ਖੱਬੀਆਂ ਧਿਰਾਂ ਦੇ ਵਿਦਿਆਰਥੀਆਂ ਵੱਲੋਂ ਨਾਹਰਿਆਂ, ਡਫਲੀਆਂ ਤੇ ਨੱਚ ਗਾ ਕੇ ਜਿੱਤ ਦਾ ਇਜ਼ਹਾਰ ਕੀਤਾ ਜਾ ਚੁੱਕਾ ਹੈ। ਸਿਰਫ਼ ਰਸਮੀ ਐਲਾਨ ਚੋਣ ਅਧਿਕਾਰੀਆਂ ਵੱਲੋਂ ਕੀਤਾ ਜਾਣਾ ਬਾਕੀ ਹੈ। ਇਸ ਵਾਰ 67.9% ਵੋਟਾਂ ਪਈਆਂ ਸਨ ਜਾਣੀ 8488 ਵੋਟਾਂ ਵਿੱਚੋਂ 5762 ਵੋਟਾਂ ਭੁਗਤੀਆਂ ਤੇ ਵਿਦਿਆਰਥੀਆਂ ਨੇ ‘ਨੋਟਾ’ ਨੂੰ ਵੀ ਹੁੰਗਾਰਾ ਦਿੱਤਾ ਸੀ। 2014 ਮਗਰੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਇਸ ਵਰਸਿਟੀ ਵਿੱਚ ਹਵਾਵਾਂ ਦਾ ਰੁਖ਼ ਬਦਲਣ ਦੀਆਂ ਕੋਸ਼ਿਸ਼ਾਂ ਹੋਈਆਂ ਤਾਂ ਖੱਬੀਆਂ ਧਿਰਾਂ ਨੇ ਮਿਲ ਕੇ ਆਰਐੱਸਐੱਸ ਦੀ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ ਨਾਲ ਟਾਕਰਾ ਕਰਨ ਦੀ ਨੀਤੀ ਅਪਣਾਈ।