ਜੇਐੱਨਯੂਐੱਸਯੂ ਵੱਲੋਂ ’ਵਰਸਿਟੀ ਵਿੱਚ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਾਰਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਦੀਆਂ ਚੋਣਾਂ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ। ਨਾਲ ਹੀ ਉਨ੍ਹਾਂ ਬਰਾਕ ਹੋਸਟਲ ਮੁੜ ਖੋਲ੍ਹਣ ਦੀ ਮੰਗ ਕੀਤੀ। ਯੂਨੀਅਨ ਨੇ ਮੰਗਾਂ ਸਬੰਧੀ ਦੁਪਹਿਰ 3 ਵਜੇ ਡੀਓਐੱਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲਿੰਗਦੋਹ ਕਮੇਟੀ ਦੀ ਰਿਪੋਰਟ ਅਤੇ ਜੇਐੱਨਯੂਐੱਸਯੂ ਦੇ ਸੰਵਿਧਾਨ ਦੇ ਅਨੁਸਾਰ ਜੇਐੱਨਯੂਐੱਸਯੂ ਚੋਣ ਪ੍ਰਕਿਰਿਆ ਦਾਖ਼ਲਾ ਪ੍ਰਕਿਰਿਆ ਪੂਰੀ ਹੋਣ ਦੇ 6-8 ਹਫ਼ਤਿਆਂ ਦੇ ਅੰਦਰ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀਐੱਚ ਡੀ ਦੇ ਦਾਖ਼ਲੇ ਬੰਦ ਹੋਣ ਤੋਂ ਬਾਅਦ ਇਸ ਸੈਸ਼ਨ ਦੀ ਦਾਖ਼ਲਾ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਯੂਨੀਅਨ ਨੇ ਕਿਹਾ ਕਿ ਪ੍ਰਸ਼ਾਸਨ ਨੇ ਜੇਐੱਨਯੂਐੱਸਯੂ ਸੰਵਿਧਾਨ ਅਤੇ ਐੱਲਸੀਆਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਐੱਨਯੂਐੱਸਯੂ ਚੋਣ 2024-25 ਲਈ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ ਅਤੇ ਰੋਕ ਦਿੱਤੀ ਗਈ ਹੈ। ਵਿਦਿਆਰਥੀ ਜਥੇਬੰਦੀ ‘ਆਇਸਾ’ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਪ੍ਰਸ਼ਾਸਨ ਨੇ ਜੇਐੱਨਯੂਐੱਸਯੂ ਚੋਣਾਂ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਬਿਨਾਂ ਦਸਤਖ਼ਤ ਕੀਤੇ ਇੱਕ ਨੋਟਿਸ ਜਾਰੀ ਕੀਤਾ ਤੇ ਯੂਨੀਅਨ ਅਤੇ ਵਿਦਿਆਰਥੀਆਂ ਨੂੰ ਇਹ ਮਾਮਲਾ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨ ਅਤੇ ਪ੍ਰਦਰਸ਼ਨ ਨਾ ਕਰਨ ਦੀ ਧਮਕੀ ਦਿੱਤੀ। ਯੂਨੀਅਨ ਦੀਆਂ ਮੰਗਾਂ ਵਿੱਚ ਜੇਐੱਨਯੂਐੱਸਯੂ ਚੋਣ 2024-25 ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ, ਬਰਾਕ ਹੋਸਟਲ ਨੂੰ ਤੁਰੰਤ ਖੋਲ੍ਹਣਾ ਸ਼ਾਮਲ ਹੈ। ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਨ੍ਹਾਂ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।