ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤੀਆਂ ਦਾ ਚੰਗਾ ਪ੍ਰਦਰਸ਼ਨ

ਤਸਨੀਮ ਮੀਰ

ਕਜ਼ਾਨ (ਰੂਸ), 8 ਅਕਤੂਬਰ
ਤਸਨੀਮ ਮੀਰ ਅਤੇ ਮਿਕਸਡ ਡਬਲਜ਼ ਜੋੜੀ ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਤੋ ਨੇ ਬੀਡਬਲਿਊਐਫ ਸੰਸਾਰ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੈਚ ਜਿੱਤ ਲਏ ਹਨ। ਵਿਅਕਤੀਗਤ ਈਵੈਂਟ ਵਿਚ ਅੱਜ ਦੂਜੇ ਦਿਨ ਮਿਕਸਡ ਡਬਲਜ਼ ਜੋੜੀ ਸਤੀਸ਼ ਕੁਮਾਰ ਕੇ ਅਤੇ ਰਮਯਾ ਵੈਂਕਟੇਸ਼ ਵੀ ਅਗਲੇ ਗੇੜ ਵਿਚ ਦਾਖ਼ਲ ਹੋ ਗਏ ਹਨ। ਮਿਕਸਡ ਟੀਮ ਈਵੈਂਟ ਵਿਚ ਆਪਣੀ ਚੰਗੀ ਕਾਰਗੁਜ਼ਾਰੀ ਨੂੰ ਜਾਰੀ ਰੱਖਦਿਆਂ ਤਨੀਸ਼ਾ ਤੇ ਇਸ਼ਾਨ ਨੇ ਵਿਅਕਤੀਗਤ ਮੁਕਾਬਲਿਆਂ ਵਿਚ ਜਿੱਤਾਂ ਹਾਸਲ ਕੀਤੀਆਂ। ਉਨ੍ਹਾਂ ਇਟਲੀ ਦੀ ਜੋੜੀ ਐਨਰੀਕੋ ਬਰੋਨੀ ਤੇ ਕਿਆਰਾ ਪਸੇਰੀ ਨੂੰ 21-12 ਤੇ 21-10 ਨਾਲ ਮਾਤ ਦੇ ਕੇ ਦੂਜੇ ਗੇੜ ਵਿਚ ਦਾਖ਼ਲਾ ਹਾਸਲ ਕੀਤਾ। ਕੁੜੀਆਂ ਦੇ ਸਿੰਗਲਜ਼ ਮੁਕਾਬਲਿਆਂ ਵਿਚ ਤਸਨੀਮ ਨੇ ਫਿਨਲੈਂਡ ਦੀ ਤੂਲੀ ਵਸੀਕੱਨੀਏਮੀ ਨੂੰ 21-4 ਤੇ 21-8 ਨਾਲ ਮਾਤ ਦਿੱਤੀ। ਆਪਣੀ ਪਹਿਲੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਖੇਡ ਰਹੀ ਤਸਨੀਮ ਨੇ 15 ਮਿੰਟ ਵਿਚ ਹੀ ਮੈਚ ਜਿੱਤ ਲਿਆ ਤੇ ਤੀਜੇ ਗੇੜ ਵਿਚ ਦਾਖ਼ਲਾ ਹਾਸਲ ਕੀਤਾ। ਤਿੰਨ ਹੋਰ ਭਾਰਤੀ ਕੁੜੀਆਂ- ਆਦਿਤੀ ਭੱਟ, ਤ੍ਰਿਸ਼ਾ ਹੇਗੜੇ ਤੇ ਉੱਨਤੀ ਬਿਸ਼ਟ ਵੀ ਅਗਲੇ ਗੇੜ ਵਿਚ ਪੁੱਜ ਗਈਆਂ। ਅਦਿਤੀ ਨੇ ਸਪੇਨ ਦੀ ਲੌਰਾ ਸੋਲਿਸ ਨੂੰ 21-16, 21-10 ਨਾਲ ਹਰਾਇਆ ਜਦਕਿ ਤ੍ਰਿਸ਼ਾ ਨੇ ਮਲੇਸ਼ੀਆ ਦੀ ਜ਼ਿੰਗ ਯੀ ਤਾਨ ਨੂੰ 21-13, 21-12 ਨਾਲ ਮਾਤ ਦਿੱਤੀ ਤੇ 27 ਮਿੰਟ ਵਿਚ ਮੁਕਾਬਲਾ ਜਿੱਤ ਲਿਆ। ਉਤਰਾਖੰਡ ਦੀ ਉੱਨਤੀ ਬਿਸ਼ਟ ਨੇ ਚੈੱਕ ਗਣਰਾਜ ਦੀ ਕੈਟਰੀਨਾ ਮਾਈਕਲੋਵਾ ਨੂੰ 21-17, 21-16 ਨਾਲ ਹਰਾਇਆ। ਮਿਕਸਡ ਡਬਲਜ਼ ਵਿਚ ਸਤੀਸ਼ ਕੁਮਾਰ ਕਰੁਣਾਕਰਨ ਤੇ ਰਮਯਾ ਵੈਂਕਟੇਸ਼ ਨੇ ਸਕਾਟਲੈਂਡ ਦੀ ਜੋਸ਼ੂਯਾ ਅਪੀਲੀਗਾ ਤੇ ਰੇਛਲ ਸੁਗਦਨ ਨੂੰ 21-19, 21-8 ਨਾਲ ਹਰਾਇਆ। ਇਕ ਹੋਰ ਮੈਚ ਵਿਚ ਸੰਕਰ ਪ੍ਰਸਾਦ ਉਦੈਕੁਮਾਰ ਤੇ ਨਫ਼ੀਸਾ ਸਾਰਾ ਸਿਰਾਜ ਨੇ ਜਿੱਤ ਹਾਸਲ ਕੀਤੀ।

-ਪੀਟੀਆਈ

Tags :