ਜੀ20 ਵੀਡੀਓ ਸੰਮੇਲਨ ਦੀ ਪ੍ਰਧਾਨਗੀ ਕਰੇਗਾ ਸਾਊਦੀ ਬਾਦਸ਼ਾਹ

ਰਿਆਧ, 25 ਮਾਰਚ
ਜੀ20 ਦੇ ਸਾਰੇ ਆਗੂਆਂ ਦੇ ਵੀਰਵਾਰ ਨੂੰ ਹੋਣ ਵਾਲੇ ਸੰਮੇਲਨ ਦੀ ਪ੍ਰਧਾਨਗੀ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸੌਦ ਵੱਲੋਂ ਕੀਤੀ ਜਾਵੇਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜੀ20 ਦੇ ਆਗੂਆਂ ਵਿੱਚ ਸ਼ਾਮਲ ਹਨ। ਇਹ ਸੰਮੇਲਨ ਕਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਤਾਲਮੇਲ ਵਧਾਉਣ ਸਬੰਧੀ ਚਰਚਾ ਕਰਨ ਹਿੱਤ ਕੀਤਾ ਜਾ ਰਿਹਾ ਹੈ। ਦੁਨੀਆ ਭਰ ਵਿੱਚ ਜੀ20 ਦੀ ਆਲੋਚਨਾ ਹੋ ਰਹੀ ਸੀ ਕਿ ਪ੍ਰਮੁੱਖ ਅਰਥਚਾਰਿਆਂ ਦਾ ਤਾਕਤਵਰ ਸਮੂਹ ਹੋਣ ਦੇ ਬਾਵਜੂਦ ਆਲਮੀ ਸੰਕਟ ਐਲਾਨੀ ਜਾ ਚੁੱਕੀ ਕਰੋਨਾਵਾਇਰਸ ਮਹਾਮਾਰੀ ਕਾਰਨ ਦਰਪੇਸ਼ ਸਮੱਸਿਆਵਾਂ ਤੋਂ ਨਜਿੱਠਣ ਸਬੰਧੀ ਇਹ ਕੁਝ ਨਹੀਂ ਕਰ ਰਿਹਾ ਹੈ। ਇਸ ਆਲੋਚਨਾ ਤੋਂ ਬਾਅਦ ਜੀ20 ਦੀ ਪ੍ਰਧਾਨਗੀ ਪ੍ਰਾਪਤ ਸਾਊਦੀ ਅਰਬ ਵੱਲੋਂ ਇਹ ਵੀਡੀਓ ਸੰਮੇਲਨ ਸੱਦਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਵੀਡੀਓ ਕਾਨਫ਼ਰੰਸ ਰਾਹੀਂ ਹੋਣ ਵਾਲੇ ਜੀ20 ਵਾਇਰਸ ਸੰਮੇਲਨ ਦੀ ਉਡੀਕ ਕਰ ਰਹੇ ਹਨ।
-ਪੀਟੀਆਈ