ਜੀਤੀ ਪਡਿਆਲਾ ਵੱਲੋਂ ਵਿਧਾਇਕ ਜ਼ੀਰਾ ’ਤੇ ਹਮਲੇ ਦੀ ਨਿਖੇਧੀ
ਸ਼ਸ਼ੀ ਪਾਲ ਜੈਨ
ਖਰੜ, 4 ਫਰਵਰੀ
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਬਕਾ ਵਿਧਾਇਕ ’ਤੇ ਦਿਨ ਦਿਹਾੜੇ ਹਮਲਾ ਹੋਣਾ ਇਹ ਦਰਸਾਉਂਦਾ ਹੈ ਕਿ ਆਮ ਲੋਕ ਆਪਣੀ ਸੁਰੱਖਿਆ ਲਈ ਕਿੰਨੇ ਚਿੰਤਤ ਹੋਣਗੇ। ਇਹ ਘਟਨਾ ਸਿਰਫ ਕਿਸੇ ਇੱਕ ਵਿਅਕਤੀ ’ਤੇ ਹਮਲਾ ਨਹੀਂ, ਸਗੋਂ ਲੋਕਤੰਤਰ ’ਤੇ ਹੋਇਆ ਵੱਡਾ ਹਮਲਾ ਹੈ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਪਰਾਧੀਆਂ ’ਤੇ ਸਖ਼ਤ ਤਰੀਕੇ ਨਾਲ ਨਿਯੰਤਰਣ ਪਾਇਆ ਜਾਵੇ ਤਾਂ ਜੋ ਪੰਜਾਬ ਦੀ ਸਾਂਤੀ ਪਸੰਦ ਜਨਤਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਬਹਾਲ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਇਸਦੇ ਵਿਰੁੱਧ ਤਿੱਖਾ ਰੁੱਖ ਅਪਣਾਉਣ ਤੋਂ ਨਹੀਂ ਝਿਜਕੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਨੂੰ ਤੁਰੰਤ ਕੰਮ ’ਚ ਸੁਧਾਰ ਲਿਆਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।