ਜੀਤੀ ਪਡਿਆਲਾ ਵੱਲੋਂ ਮਾਜਰੀ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਜਾਰੀ
ਮਿਹਰ ਸਿੰਘ
ਕੁਰਾਲੀ, 10 ਜੂਨ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਪਿੰਡ ਮਾਜਰੀ ਵਿੱਚ 12 ਤੋਂ 15 ਜੂਨ ਤੱਕ ਹੋਣ ਜਾ ਰਹੇ ਸੀਮਿਤ ਓਵਰਾਂ ਦੇ ਕ੍ਰਿਕਟ ਕੱਪ ਪੋਸਟਰ ਜਾਰੀ ਕੀਤਾ ਗਿਆ।
ਪਡਿਆਲਾ ਵਿੱਚ ਪੋਸਟਰ ਜਾਰੀ ਕਰਦਿਆਂ ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਵਸੀਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਦਗਾਰੀ ਟੂਰਨਾਮੈਂਟਾਂ ਨਾਲ ਹੀ ਨੌਜਵਾਨ ਵਰਗ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਸ਼ਹੀਦਾਂ ਦੀ ਕਦਰ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਟੂਰਨਾਮੈਂਟ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਸੈਨਿਕਾਂ ਸਾਦ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਖੇਡਾਂ ਰਾਹੀਂ ਨੌਜਵਾਨਾਂ ਵਿੱਚ ਜੋਸ਼ ਅਤੇ ਦੇਸ਼ ਭਗਤੀ ਦਾ ਸੰਦੇਸ਼ ਫੈਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਤੂ ਤੇ ਉਪ ਜੇਤੂ ਟੀਮ ਨੂੰ ਟਰਾਫ਼ੀ ਤੋਂ ਇਲਾਵਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਗੌਤਮ ਮਾਜਰੀ, ਸਚਿਨ ਮਾਜਰੀ ਤੇ ਹੋਰ ਵੀ ਹਾਜ਼ਰ ਸਨ।