ਜੀਜੀਐੱਨਆਈਐੱਮਟੀ ਦੇ ਵਿਦਿਆਰਥੀਆਂ ਵੱਲੋਂ ਸਫ਼ਾਈ ਮੁਹਿੰਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੂਨ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀਜੀਐੱਨਆਈਐੱਮਟੀ), ਘੁਮਾਰ ਮੰਡੀ ਦੇ ਐੱਨਐੱਸਐੱਸ ਯੂਨਿਟ ਦੇ ਮੈਂਬਰਾਂ ਨੇ ਲੁਧਿਆਣਾ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿਉਂਸੀਪਲ ਕਾਰਪੋਰੇਸ਼ਨ ਨਾਲ ਮਿਲ ਕੇ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਸਫ਼ਾਈ ਮੁਹਿੰਮ ਚਲਾਈ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਆਰਤੀ ਚੌਕ ਤੋਂ ਫੁਹਾਰਾ ਚੌਕ ਤੱਕ ਦੌੜ ਲਗਾਈ ਸਗੋਂ ਵੱਖ ਵੱਖ ਥਾਵਾਂ ’ਤੇ ਪਿਆ ਕੂੜਾ ਵੀ ਸਾਫ ਕੀਤਾ।
ਬੀਐੱਸਸੀ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀ ਸਾਹਿਲ ਤਿਸ਼ਾਵਰ, ਬੀਸੀਏ ਦੇ ਅਨਿਲ, ਮੁਸਕਾਨ ਤੇ ਹੋਟਲ ਮੈਨੇਜਮੈਂਟ ਦੇ ਧਰੁਵ ਨੇ ਦੱਸਿਆ ਕਿ ਅੱਜ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਤੇ ਇਕੱਠੇ ਕੀਤੇ ਕੂੜੇ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਣ ਦੀਆਂ ਸੰਭਾਵਨਾਵਾਂ ਲੱਭਣ ਵਿੱਚ ਵੀ ਖੁਸ਼ੀ ਮਹਿਸੂਸ ਹੋਈ।
ਜੀਜੀਐੱਨਆਈਐੱਮਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪਲੌਗਿੰਗ ਨੂੰ ਸਾਲ ਵਿੱਚ ਇੱਕ ਵਾਰ ਦੀ ਗਤੀਵਿਧੀ ਨਾ ਸਮਝ ਕੇ ਆਪਣੀ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨ ਤਾਂ ਜੋ ਉਨ੍ਹਾਂ ਦੀ ਸਿਹਤ ਵੀ ਚੰਗੀ ਰਹੇ ਤੇ ਲੁਧਿਆਣਾ ਦੇ ਵਾਤਾਵਰਨ ਨੂੰ ਵੀ ਸੁਧਾਰਿਆ ਜਾ ਸਕੇ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਐੱਨਐੱਸਐੱਸ ਫੈਕਲਟੀ ਕੋਆਰਡੀਨੇਟਰਾਂ ਪ੍ਰੋ. ਜਗਮੀਤ ਸਿੰਘ, ਪ੍ਰੋ. ਗੁਰਲੀਨ ਕੌਰ ਅਤੇ ਪ੍ਰੋ. ਹਨੀ ਚਾਵਲਾ ਦੀ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਵਾਸਤੇ ਪ੍ਰਸ਼ੰਸਾ ਕੀਤੀ।