ਜਿਮਖਾਨਾ ਕਲੱਬ ’ਚ ਅਚਾਨਕ ਅੱਗ ਲੱਗੀ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੂਨ
ਇੱਥੇ ਸਥਿਤ ਮਹਾਰਾਣੀ ਕਲੱਬ-ਕਮ-ਜਿਮਖਾਨਾ ਕਲੱਬ ਵਿੱਚ ਅਚਾਨਕ ਅੱਗ ਲੱਗਣ ਕਾਰਨ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਲਪਟਾਂ ਵਧੇਰੇ ਉਚੀਆਂ ਨਿਕਲਣ ਕਾਰਨ ਇੱਕ ਵਾਰ ਤਾਂ ਲੋਕਾਂ ਨੂੰ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਪਰ ਜਲਦੀ ਹੀ ਇਥੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ’ਤੇ ਕਾਬੂ ਪਾ ਲਿਆ। ਭਾਵੇਂ ਅਜੇ ਇਸ ਸਬੰਧੀ ਮੁਕੰਮਲ ਤਹਿਕੀਕਾਤ ਹੋਣੀ ਬਾਕੀ ਹੈ, ਪਰ ਮੁਢਲੀ ਜਾਣਕਾਰੀ ਮੁਤਾਬਿਕ ਇਹ ਅੱਗ ਏਸੀ ਦੀਆਂ ਤਾਰਾਂ ਨਾਲ ਹੋਏ ਸ਼ਾਰਟ ਸਰਕਟ ਤੋਂ ਲੱਗੀ ਦੱਸੀ ਜਾਂਦੀ ਹੈ। ਇਸ ਦੌਰਾਨ ਭਾਵੇਂ ਫਰਨੀਚਰ ਵਗੈਰਾ ਤਾਂ ਜ਼ਰੂਰ ਸੜ ਗਿਆ, ਪਰ ਹੋਰ ਕੋਈ ਵੱਡੀ ਘਟਨਾ ਨਹੀਂ ਵਾਪਰੀ। ਇਸ ਦੀ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਨੇ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਫਾਇਰ ਅਫਸਰ ਲਵ ਕੁਸ਼ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਰੀਬ ਸਾਢੇ ਪੰਜ ਵਜੇ ਇਤਲਾਹ ਮਿਲੀ ਸੀ, ਜਿਸ ’ਤੇ ਉਨ੍ਹਾਂ ਤੁਰੰਤ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਭੇਜ ਦਿਤੀਆਂ ਤੇ ਫਾਇਰ ਸਟਾਫ਼ ਨੇ ਬੜੀ ਫੁਰਤੀ ਅਤੇ ਮਿਹਨਤ ਨਾਲ ਕੰਮ ਕਰਦਿਆਂ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਵੀ ਦੱਸਿਆ ਕਿ ਇਥੇ ਬਾਕਾਇਦਾ ਫਾਇਰ ਸਿਸਟਮ ਵੀ ਲੱਗਿਆ ਹੋਇਆ ਸੀ ਪਰ ਲਵ ਕੁਸ਼ ਨੇ ਇਹ ਸੁਝਾਅ ਵੀ ਦਿੱਤਾ ਕਿ ਫਾਇਰ ਸਿਸਟਮ ਨੂੰ ਚਲਾਉਣ ਵਾਲਾ ਯੋਗ ਵਿਅਕਤੀ ਰੱਖਿਆ ਜਾਣਾ ਚਾਹੀਦਾ ਹੈ।