ਜਿੰਦੀ ਕਤਲ ਕਾਂਡ: ਪੀੜਤ ਪਰਿਵਾਰ ਪੁਲੀਸ ਕਮਿਸ਼ਨਰ ਨੂੰ ਮਿਲਿਆ

ਗਗਨਦੀਪ ਅਰੋੜਾ
ਲੁਧਿਆਣਾ, 28 ਜਨਵਰੀ
ਜਵਾਹਰ ਨਗਰ ਕੈਂਪ ’ਚ ਹੋਟਲ ਕਾਰੋਬਾਰੀ ਤੇ ਫਾਇਨਾਂਸਰ ਹਰਿੰਦਰਪਾਲ ਸਿੰਘ ਜਿੰਦੀ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਸੁਖਵਿੰਦਰ ਸਿੰਘ ਮੋਨੀ ਦੀ ਹਾਲੇ ਤੱਕ ਸੂਹ ਨਹੀਂ ਮਿਲ ਸਕੀ। ਇਸ ਕਤਲ ਦੇ 6 ਦਿਨ ਬੀਤਣ ਦੇ ਬਾਵਜੂਦ ਪੁਲੀਸ ਦੇ ਹੱਥ ਅਜਿਹਾ ਕੋਈ ਸਬੂਤ ਨਹੀਂ ਲੱਗਿਆ ਜਿਸ ਤੋਂ ਗੈਂਗਸਟਰ ਮੋਨੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲੀਸ ਨੇ ਮੁੱਖ ਮੁਲਜ਼ਮ ਗੈਂਗਸਟਰ ਮੋਨੀ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ ਪਰ ਉਸ ਦਾ ਵੀ ਕੁਝ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਕਤਲ ਕਾਂਡ ਨੂੰ ਹੱਲ ਕਰਨ ਲਈ ਪੁਲੀਸ ਦੀਆਂ ਇੱਕ ਦਰਜਨ ਟੀਮਾਂ ਲੱਗੀਆਂ ਹੋਈਆਂ ਹਨ, ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਨਾਲ ਰਾਜਸਥਾਨ, ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸ਼ਹਿਰਾਂ ’ਚ ਛਾਪੇ ਮਾਰ ਰਹੀਆਂ ਹਨ ਪਰ ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ। ਜਿੰਦੀ ਕਤਲ ਕਾਂਡ ਤੋਂ ਬਾਅਦ ਪਰਿਵਾਰ ਵੀ ਦਹਿਸ਼ਤ ਹੇਠ ਹੈ ਜਿਸ ਕਾਰਨ ਪਰਿਵਾਰਕ ਮੈਂਬਰ ਅੱਜ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮਿਲੇ। ਜਿੰਦੀ ਦੇ ਭਰਾ ਕਮਲਜੀਤ ਦੀ ਅਗਵਾਈ ’ਚ ਪਰਿਵਾਰ ਵਾਲਿਆਂ ਨੇ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਗੈਂਗਸਟਰ ਮੋਨੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ। ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।