ਜਿੰਦਲ ਨੇ ਬਹਿਲੋਲਪੁਰ ਦੀ ਸਿਖਲਾਈ ਸੰਸਥਾ ਨੂੰ ਅਪਣਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜੂਨ
ਕੁਰੂਕਸ਼ੇਤਰ ਸੰਸਦੀ ਹਲਕੇ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵੱਲ ਇਤਿਹਾਸਕ ਕਦਮ ਚੁੱਕਦੇ ਹੋਏ ਸੰਸਦ ਮੈਂਬਰ ਨਵੀਨ ਜਿੰਦਲ ਨੇ ਪਿੰਡ ਬਹਿਲੋਲਪੁਰ ਵਿਚ ਸਥਿਤ ਮਹਾਤਮਾ ਜੋਤੀਬਾ ਫੂਲੇ ਸਰਕਾਰੀ ਸਿਖਲਾਈ ਸੰਸਥਾ ਨੂੰ ਅਪਨਾਇਆ। ਇਸ ਪਹਿਲਕਦਮੀ ਦੇ ਤਹਿਤ ਬੀਤੇ ਮੰਗਲਵਾਰ ਨੂੰ ਹਰਿਆਣਾ ਸਰਕਾਰ ਤੇ ਨਵੀਨ ਜਿੰਦਲ ਫਾਊਂਡੇਸ਼ਨ ਵਿਚਕਾਰ ਸਮਝੌਤਾ ਹੋਇਆ। ਹੁਣ ਇਸ ਸੰਸਥਾ ਨੂੰ ਸੰਸਦ ਮੈਂਬਰ ਨਵੀਨ ਜਿੰਦਲ ਵੱਲੋਂ ਅੰਤਰਰਾਸ਼ਟਰੀ ਹੁਨਰ ਵਜੋਂ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਨਵੀਨ ਜਿੰਦਲ ਫਾਊਂਡੇਸ਼ਨ ਦੀ ਪ੍ਰਤੀਨਿਧੀ ਟੀਮ ਮਹਾਤਮਾ ਜੋਤੀਬਾ ਫੂਲੇ ਸਰਕਾਰੀ ਸੰਸਥਾ ਬਹਿਲੋਲਪੁਰ ਪੁੱਜੀ। ਜਿਥੇ ਸਰਪੰਚ ਅਮਨ ਸੈਣੀ ਤੇ ਪਿੰਡ ਵਾਸੀਆਂ ਨੇ ਟੀਮ ਦਾ ਸਵਾਗਤ ਕੀਤਾ। ਸਰਪੰਚ ਨੇ ਇਸ ਦੂਰਦਰਸ਼ੀ ਫੈਸਲੇ ਲਈ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦ ਕੀਤਾ। ਇਸ ਮੌਕੇ ਨਵੀਨ ਜਿੰਦਲ ਫਾਊਂਡੇਸ਼ਨ ਦੇ ਧਰਮਵੀਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਤੋਂ ਇਲਾਵਾ ਮੰਗਲਵਾਰ ਨੂੰ ਕੁਰੂਕਸ਼ੇਤਰ ਵਿਚ ਕਰਵਾਏ ਪ੍ਰੋਗਰਾਮ ਵਿਚ ਨਵੀਨ ਜਿੰਦਲ ਫਾਊਂਡੇਸ਼ਨ ਨੇ 11 ਨਾਮਵਰ ਕੰਪਨੀਆਂ ਨਾਲ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਕੰਪਨੀਆਂ ਦੀ ਮਦਦ ਨਾਲ ਨੌਜਵਾਨਾਂ ਨੂੰ ਆਧੁਨਿਕ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਉਦਯੋਗਾਂ ਲਈ ਤਿਆਰ ਕੀਤਾ ਜਾਏਗਾ।