For the best experience, open
https://m.punjabitribuneonline.com
on your mobile browser.
Advertisement

ਜਿਊਣ ਦਾ ਹੱਕ

04:59 AM Jan 25, 2025 IST
ਜਿਊਣ ਦਾ ਹੱਕ
Advertisement
ਬਾਲ ਕਹਾਣੀ
ਗੁਰਦੀਪ ਢੁੱਡੀਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਸਹਿਜ ਪ੍ਰੀਤ ਆਪਣੇ ਨਾਨਕੇ ਪਿੰਡ ਚੰਮੇਲੀ ਆਇਆ ਹੋਇਆ ਸੀ। ਹਰ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਦਸ ਪੰਦਰਾਂ ਦਿਨਾਂ ਵਾਸਤੇ ਆਪਣੇ ਸ਼ਹਿਰ ਤੋਂ ਆਪਣੇ ਨਾਨਕੇ ਪਿੰਡ ਆ ਕੇ ਖੁੱਲ੍ਹੇ ਮਾਹੌਲ ਵਿੱਚ ਹੱਸਦਾ, ਖੇਡਦਾ ਹੋਇਆ ਆਪਣੇ ਹਾਣੀਆਂ ਨਾਲ ਯਾਰੀ ਦੋਸਤੀ ਵੀ ਪਾ ਕੇ ਜਾਂਦਾ ਸੀ ਅਤੇ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਕਰਕੇ ਜਾਂਦਾ ਸੀ। ਇਸ ਵਾਰੀ ਛੇਵੀਂ ਜਮਾਤ ਵਿੱਚ ਹੋਣ ਕਰਕੇ ਉਹ ਆਪਣੀਆਂ ਕਿਤਾਬਾਂ ਕਾਪੀਆਂ ਵੀ ਨਾਲ ਲੈ ਕੇ ਆਇਆ ਸੀ।
Advertisement

‘‘ਜੇ ਉੱਥੇ ਜਾ ਕੇ ਪੜ੍ਹਾਈ ਵੀ ਕਰੇਂਗਾ ਤਾਂ ਅਗਲੀ ਵਾਰੀ ਤੈਨੂੰ ਜਾਣ ਦਿੱਤਾ ਜਾਵੇਗਾ, ਨਹੀਂ ਤਾਂ ਤੈਨੂੰ ਸ਼ਹਿਰ ਰਹਿ ਕੇ ਹੀ ਛੁੱਟੀਆਂ ਵਿੱਚ ਆਪਣੀ ਪੜ੍ਹਾਈ ਕਰਨੀ ਪਵੇਗੀ।’’ ਉਸ ਦੀ ਮੰਮੀ ਨੇ ਤਾਕੀਦ ਕਰਕੇ ਉਸ ਨੂੰ ਪਿੰਡ ਭੇਜਿਆ ਸੀ।

Advertisement

‘‘ਮੰਮੀ ਮੈਂ ਸਵੇਰੇ ਅਤੇ ਰਾਤ ਨੂੰ ਜ਼ਰੂਰ ਪੜ੍ਹਾਈ ਕਰਿਆ ਕਰਾਂਗਾ। ਭਾਵੇਂ ਨਾਨੀ ਨੂੰ ਫੋਨ ਕਰਕੇ ਪੁੱਛ ਲਿਆ ਕਰੋ।’’ ਉਸ ਨੇ ਮੰਮੀ ਨੂੰ ਵਚਨ ਦਿੱਤਾ ਸੀ। ਸਹਿਜ ਪ੍ਰੀਤ ਵੀ ਆਪਣਾ ਵਾਅਦਾ ਯਾਦ ਰੱਖਦਾ ਹੋਇਆ ਸਵੇਰੇ ਘੰਟਾ ਦੋ ਘੰਟੇ ਪੜ੍ਹਦਾ ਅਤੇ ਰਾਤ ਨੂੰ ਪੈਣ ਤੋਂ ਪਹਿਲਾਂ ਫਿਰ ਘੰਟਾ ਦੋ ਘੰਟੇ ਪੜ੍ਹਾਈ ਕਰਦਾ ਸੀ। ਕਈ ਵਾਰੀ ਤਾਂ ਉਹ ਦਿਨੇ ਵੀ ਦੁਪਹਿਰ ਵੇਲੇ ਆਰਾਮ ਕਰਨ ਤੋਂ ਪਹਿਲਾਂ ਆਪਣੀ ਪੜ੍ਹਾਈ ਕਰ ਲੈਂਦਾ ਸੀ।

ਇੱਥੇ ਚੰਨਾ, ਪੀਤਾ ਅਤੇ ਗੁਰੀ ਉਸ ਦੇ ਗੂੜ੍ਹੇ ਦੋਸਤ ਬਣ ਗਏ ਸਨ। ਉਹ ਵੀ ਛੁੱਟੀਆਂ ਵਿੱਚ ਸਹਿਜ ਪ੍ਰੀਤ ਦੇ ਸ਼ਹਿਰੋਂ ਆਉਣ ਦੀ ਉਡੀਕ ਕਰਦੇ ਸਨ। ਚੰਨਾ ਉਸ ਦੇ ਮਾਮੇ ਦੇ ਗੁਆਂਢੀਆਂ ਦਾ ਮੁੰਡਾ ਸੀ ਜਦੋਂ ਕਿ ਪੀਤੇ ਅਤੇ ਗੁਰੀ ਦੇ ਘਰ ਉਸੇ ਗਲੀ ਵਿੱਚ ਦੋ-ਤਿੰਨ ਮਕਾਨ ਛੱਡ ਕੇ ਸਨ। ਪਿਛਲੇ ਸਾਲ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਰਲ਼ ਕੇ ਇੱਕੋ ਘਰ ਹੀ ਖੇਡਦੇ ਰਹੇ ਸਨ ਅਤੇ ਇਸ ਵਾਰੀ ਵੀ ਉਨ੍ਹਾਂ ਨੇ ਇਵੇਂ ਕਰਨਾ ਹੀ ਸ਼ੁਰੂ ਕਰ ਦਿੱਤਾ ਸੀ। ਬੜਾ ਸਮਾਂ ਉਹ ਦਿਨੇ ਖੇਡਦੇ ਰਹਿੰਦੇ। ਕਈ ਵਾਰੀ ਤਾਂ ਉਹ ਰੋਟੀ ਵੀ ਇੱਕ ਘਰ ਵਿੱਚ ਹੀ ਖਾ ਲੈਂਦੇ ਸਨ। ਬਸ! ਦੁਪਹਿਰ ਨੂੰ ਕੁਝ ਸਮੇਂ ਵਾਸਤੇ ਆਰਾਮ ਕਰਨ ਲਈ ਆਪਣੇ ਆਪਣੇ ਘਰਾਂ ਨੂੰ ਜਾਂਦੇ ਸਨ।

ਸਹਿਜ ਪ੍ਰੀਤ ਦੇ ਮੰਮੀ-ਡੈਡੀ ਦੋਵੇਂ ਨੌਕਰੀ ਕਰਦੇ ਸਨ। ਉਸ ਦੇ ਡੈਡੀ ਦਫ਼ਤਰ ਵਿੱਚ ਨੌਕਰੀ ਕਰਦੇ ਸਨ ਜਦੋਂ ਕਿ ਮੰਮੀ ਸਕੂਲ ਵਿੱਚ ਅਧਿਆਪਕ ਸਨ। ਸਕੂਲੋਂ ਆ ਕੇ ਸਹਿਜ ਪ੍ਰੀਤ ਆਪ ਹੀ ਘਰ ਦਾ ਦਰਵਾਜ਼ਾ ਖੋਲ੍ਹਦਾ ਅਤੇ ਬੈਗ ਰੱਖ ਕੇ ਪਾਣੀ-ਧਾਣੀ ਪੀਂਦਾ ਸੀ। ਉਹ ਆਪਣੇ ਡੈਡੀ ਦਾ ਕੰਪਿਊਟਰ ਖੋਲ੍ਹਣਾ ਅਤੇ ਬੰਦ ਕਰਨਾ ਵੀ ਸਿੱਖ ਗਿਆ ਸੀ ਅਤੇ ਥੋੜ੍ਹਾ ਬਹੁਤਾ ਚਲਾ ਵੀ ਲੈਂਦਾ ਸੀ। ਉਸ ਦੇ ਜਮਾਤੀ ਖੁਸ਼ਕੀਰਤ ਨੇ ਉਸ ਨੂੰ ਕੰਪਿਊਟਰ ਦੀਆਂ ਕੁਝ ਖੇਡਾਂ ਵੀ ਦੱਸੀਆਂ ਸਨ। ਸਕੂਲ ਵਿੱਚ ਕੰਪਿਊਟਰ ਵਿਸ਼ੇ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਸੀ ਅਤੇ ਉਸ ਨੇ ਕੁਝ ਗੇਮਾਂ ਡਾਊਨਲਾਊਡ ਕਰਨੀਆਂ ਵੀ ਸਿੱਖ ਲਈਆਂ ਸਨ, ਪ੍ਰੰਤੂ ਗੇਮਾਂ ਅਜੇ ਉਸ ਨੂੰ ਖੇਡਣੀਆਂ ਨਹੀਂ ਆਉਂਦੀਆਂ ਸਨ। ਛੁੱਟੀਆਂ ਦੇ ਪਹਿਲੇ ਦਿਨਾਂ ਵਿੱਚ ਉਸ ਨੇ ਆਪਣੇ ਨਾਨਕੇ ਪਿੰਡ ਦੇ ਦੋਸਤਾਂ ਨੂੰ ਕੰਪਿਊਟਰ ਦੀਆਂ ਗੇਮਾਂ ਬਾਰੇ ਦੱਸਿਆ, ਪ੍ਰੰਤੂ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਬਾਰੇ ਪਤਾ ਨਹੀਂ ਸੀ। ਫਿਰ ਉਨ੍ਹਾਂ ਦੇ ਘਰਾਂ ਵਿੱਚ ਕੰਪਿਊਟਰ ਵੀ ਨਹੀਂ ਸਨ।

‘‘ਛੱਡ ਯਾਰ, ਸਕੂਲ ਦੇ ਦਿਨਾਂ ਵਿੱਚ ਆਪਾਂ ਇਹੋ ਜਿਹੀਆਂ ਗੇਮਾਂ ਨਹੀਂ ਖੇਡਦੇ। ਉੱਥੇ ਤਾਂ ਸਾਡੇ ਅਧਿਆਪਕ ਕੰਪਿਊਟਰ ਦੀ ਸਾਧਾਰਨ ਜਾਣਕਾਰੀ ਹੀ ਦਿੰਦੇ ਹਨ ਅਤੇ ਕੰਪਿਊਟਰ ’ਤੇ ਬੈਠ ਕੇ ਉਸ ਨਾਲ ਬਹੁਤੀ ਛੇੜ-ਛਾੜ ਕਰਨ ਦੀ ਮਨਾਹੀ ਕਰਦੇ ਹਨ। ਸਾਨੂੰ ਇਨ੍ਹਾਂ ਗੇਮਾਂ ਬਾਰੇ ਨਹੀਂ ਪਤਾ। ਤੂੰ ਸ਼ਹਿਰ ਜਾ ਕੇ ਖੇਡ ਲਿਆ ਕਰੀਂ। ਮਸਾਂ ਹੁਣ ਵਿਹਲ ਹੈ। ਚਲੋ ਭੱਜੀਏ, ਨੱਠੀਏ ਤੇ ਖ਼ੁਸ਼ੀ ਮਨਾਈਏ।’’ ਚੰਨੇ ਨੇ ਚਲਵਾਂ ਸੋਟਾ ਮਾਰਨ ਵਾਂਗ ਆਖਦਿਆਂ ਸਹਿਜ ਪ੍ਰੀਤ ਨੂੰ ਵਰਜ ਦਿੱਤਾ ਅਤੇ ਨਾਲ ਹੀ ਦੂਸਰੀਆਂ ਗੇਮਾਂ ਖੇਡਣ ਦਾ ਸੱਦਾ ਦੇ ਦਿੱਤਾ।

‘‘ਵੇਖੋ ਵੇਖੋ, ਆਹ ਚਿੜੀ ਕਿੰਨੀ ਸੋਹਣੀ ਹੈ। ਆਪਾਂ ਇਸ ਨੂੰ ਫੜੀਏ।’’ ਸਹਿਜ ਪ੍ਰੀਤ ਨੇ ਆਪਣੇ ਦੋਸਤਾਂ ਨੂੰ ਕਿਹਾ।

‘‘ਪਰ ਆਪਾਂ ਫੜਾਂਗੇ ਕਿਵੇ?’’ ਪੀਤੇ ਨੇ ਸਾਰਿਆਂ ਵੱਲ ਮੂੰਹ ਕਰਕੇ ਆਖਿਆ।

‘‘ਮੇਰੇ ਕੋਲ ਇੱਕ ਯੋਜਨਾ ਹੈ। ਆਪਾਂ ਇਨ੍ਹਾਂ ਅੱਗੇ ਚੋਗਾ ਖਿਲਾਰ ਦਿੰਦੇ ਹਾਂ। ਇਹ ਚੋਗਾ ਚੁਗਣ ਆਉਣਗੀਆਂ ਅਤੇ ਆਪਾਂ ਭੱਜ ਕੇ ਫੜ ਲਵਾਂਗੇ।’’ ਸਹਿਜ ਪ੍ਰੀਤ ਨੇ ਕਿਹਾ।

‘‘'ਵਾਹ, ਵਾਹ। ਬੱਲੇ ਉਏ ਤੇਰੇ ਸ਼ਹਿਰੀਆ। ਤੂੰ ਇਨ੍ਹਾਂ ਨੂੰ ਆਪਣੇ ਵਰਗੀਆਂ ਸਮਝਦੈਂ! ਇਹ ਸਾਡੇ ਨਾਲੋਂ ਕਿਤੇ ਸਿਆਣੀਆਂ ਨੇ। ਸਾਡੇ ਨੇੜੇ ਜਾਣ ’ਤੇ ਇਹ ਉੱਡ ਜਾਣਗੀਆਂ।’’ ਪੀਤੇ ਨੇ ਸਹਿਜ ਪ੍ਰੀਤ ਨੂੰ ਟੋਕਦਿਆਂ ਆਖਿਆ।

‘‘ਮੇਰੇ ਕੋਲ ਇੱਕ ਸਕੀਮ ਆ। ਵੇਖ ਲਓ, ਇੱਕ ਦੋ ਚਿੜੀਆਂ ਆਪਾਂ ਜ਼ਰੂਰ ਫੜ ਲਵਾਂਗੇ।’’ ਗੁਰੀ ਨੇ ਚੁਟਕੀ ਮਾਰਦਿਆਂ ਖ਼ੁਸ਼ੀ ਦੇ ਰੌਂਅ ਵਿੱਚ ਆਖਿਆ। ਚੁਟਕੀ ਮਾਰ ਕੇ ਗੱਲ ਕਰਨੀ ਉਸ ਦੀਆਂ ਆਦਤਾਂ ਵਿੱਚ ਸ਼ਾਮਲ ਸੀ।

‘‘ਲਓ ਬਈ, ਆਪਾਂ ਇਸ ਜੁਗਤੀ ਦੀ ਸਕੀਮ ਸੁਣੀਏ। ਇਹ ਹੈ ਤਾਂ ਪੂਰਾ ਸਕੀਮੀ। ਆਪਾਂ ਕਾਮਯਾਬ ਹੋ ਜਾਵਾਂਗੇ।’’ ਪੀਤੇ ਨੇ ਸਾਰਿਆਂ ਨੂੰ ਆਖਦਿਆਂ ਆਪਣਾ ਮੂੰਹ ਗੁਰੀ ਵੱਲ ਕੀਤਾ ਅਤੇ ਕਿਹਾ, ‘‘ਹਾਂ ਬਈ, ਜੁਗਤੀਆ ਦੱਸ ਆਵਦੀ ਸਕੀਮ।’’

‘‘ਲੈ ਬਈ ਸੁਣੋ ਅਤੇ ਮੰਨੋ, ਵੇਖੋ ਜੁਗਤੀ ਬਾਬੇ ਦੀ ਸਕੀਮ, ਵੇਖੋ ਆਪਾਂ ਚਿੜੀਆਂ ਫੜਨ ਵਿੱਚ ਕਾਮਯਾਬ ਕਿਵੇਂ ਹੁੰਨੇ ਆਂ।’’ ਉਸ ਨੇ ਚੁਟਕੀ ਮਾਰਦਿਆਂ ਆਖਣਾ ਸ਼ੁਰੂ ਕੀਤਾ,

‘‘ਲੈ ਬਈ ਪੀਤੇ ਤੂੰ ਆਵਦੇ ਘਰੋਂ ਲੰਮੀ ਸਾਰੀ ਰੱਸੀ ਲੈ ਕੇ ਆ, ਚੰਨਾ ਆਵਦੇ ਘਰੋਂ ਟੋਕਰਾ ਲੈ ਕੇ ਆਵੇਗਾ ਤੇ ਸ਼ਹਿਰੀਆ ਇੱਕ ਛੋਟਾ ਜਿਹਾ ਡੰਡਾ ਲੈ ਕੇ ਆਵੇਗਾ।’’

ਤਿੰਨੇ ਜਣੇ ਆਪਣੇ ਆਪਣੇ ਘਰ ਗਏ ਅਤੇ ਆਪਣਾ ਆਪਣਾ ਸਾਮਾਨ ਲੈ ਕੇ ਆਏ। ਸਹਿਜ ਪ੍ਰੀਤ ਦਾ ਮਾਮਾ ਸਹਿਜ ਦੇ ਪਿੱਛੇ ਪਿੱਛੇ ਆ ਕੇ ਥੋੜ੍ਹੀ ਦੂਰ ਖੜ੍ਹ ਕੇ ਉਨ੍ਹਾਂ ਨੂੰ ਵੇਖਣ ਲੱਗਿਆ।

ਗੁਰੀ ਨੇ ਡੰਡੇ ਦੇ ਇੱਕ ਸਿਰੇ ’ਤੇ ਰੱਸੀ ਬੰਨ੍ਹ ਲਈ। ਡੰਡੇ ਦੇ ਆਸਰੇ ਨਾਲ ਟੋਕਰੀ ਖੜ੍ਹੀ ਕਰਕੇ ਆਪ ਦੂਰ ਹੋ ਕੇ ਰੱਸੀ ਖਿੱਚ ਕੇ ਵੇਖੀ। ਇਸ ਨਾਲ ਟੋਕਰੀ ਅੱਗੇ ਨੂੰ ਆ ਕੇ ਡਿੱਗ ਪਈ।

‘‘ਲਓ ਬਈ, ਜੁਆਨੋ। ਆਪਣੀ ਸਕੀਮ ਸਫਲ ਹੋ ਜਾਵੇਗੀ। ਹਾਂ ਸੱਚ, ਆਪਾਂ ਦਾਣੇ ਲਿਆਉਣੇ ਤਾਂ ਭੁੱਲ ਹੀ ਗਏ ਸੀ। ਚੱਲ ਇਹ ਵੀ ਚੰਨਾ ਹੀ ਲੈ ਆਉਂਦਾ ਹੈ।’’ ਉਸ ਨੇ ਖ਼ੁਸ਼ੀ ਵਿੱਚ ਉਛਲਣ ਵਾਂਗ ਕੀਤਾ।

ਚੰਨਾ ਦਾਣੇ ਲੈ ਆਇਆ ਤਾਂ ਲੀਡਰ ਬਣਦਿਆਂ ਗੁਰੀ ਨੇ ਉਸ ਦੇ ਹੱਥੋਂ ਦਾਣੇ ਫੜ ਕੇ ਟੋਕਰੀ ਹੇਠਾਂ ਚੋਗ ਵਾਂਗ ਖਿਲਾਰਦਿਆਂ ਆਖਿਆ, ‘‘ਵੇਖੋ ਬਈ ਜੁਆਨੋ। ਚੋਗਾ ਵੇਖ ਕੇ ਚਿੜੀਆਂ ਟੋਕਰੀ ਹੇਠਾਂ ਆਉਣਗੀਆਂ। ਜਿਵੇਂ ਹੀ ਚਿੜੀਆਂ ਚੋਗਾ ਚੁਗਣ ਆਉਣਗੀਆਂ, ਮੈਂ ਰੱਸੀ ਖਿੱਚ ਲਵਾਂਗਾ। ਚਿੜੀਆਂ ਟੋਕਰੇ ਹੇਠ ਆ ਜਾਣਗੀਆਂ। ਸ਼ਹਿਰੀਆ ਆਪਣੀ ਬਾਂਹ ਟੋਕਰੀ ਹੇਠ ਕਰ ਕੇ ਚਿੜੀ ਫੜ ਲਵੇਗਾ। ਇਸ ਤਰ੍ਹਾਂ ਇੱਕ ਇੱਕ ਕਰਕੇ ਜਿੰਨੀਆਂ ਮਰਜ਼ੀ ਚਿੜੀਆਂ ਫੜ ਲਈਏ।’’ ਚੁਟਕੀ ਮਾਰਦਿਆਂ ਗੁਰੀ ਨੇ ਉਛਲ ਕੇ ਕਿਹਾ। ਜਿਵੇਂ ਉਹ ਆਪਣੀ ਸਕੀਮ ਵਿੱਚ ਸਫਲ ਹੋ ਗਿਆ ਹੋਵੇ।

‘‘ਨਾ ਬਈ, ਆਪਾਂ ਨੂੰ ਚਿੜੀਆਂ ਦੇ ਖੰਭਾਂ ਤੋਂ ਡਰ ਲੱਗਦੈ।’’ ਸਹਿਜ ਪ੍ਰੀਤ ਨੇ ਆਖਿਆ।

‘‘ਡਰ ਤਾਂ ਤੇਰਾ ਆਪਾਂ ਲਾਹੁਣੈ। ਪਿੰਡ ’ਚ ਆਉਂਦੈ, ਕੁਝ ਸਾਡੀ ਪਾਹ ਵੀ, ਤੈਨੂੰ ਲੱਗੇ।’’

‘‘ਪਰ ਚਿੜੀਆਂ ਫੜ ਕੇ ਆਪਾਂ ਕਰਾਂਗੇ ਕੀ?’’

‘‘ਅਗਲੀ ਗੱਲ ਤੈਨੂੰ ਫਿਰ ਦੱਸਾਂਗੇ।’’

‘‘ਓਏ ਜੁਗਤੀਆ, ਕੀ ਸਕੀਮਾਂ ਦੱਸੀ ਜਾਨੈ, ਇਨ੍ਹਾਂ ਨੂੰ।’’ ਵਾਹਵਾ ਚਿਰ ਤੋਂ ਉਨ੍ਹਾਂ ਦੀ ਗੱਲਬਾਤ ਸੁਣਦੇ ਹੋਏ, ਸਹਿਜ ਪ੍ਰੀਤ ਦੇ ਮਾਮੇ ਨੇ ਉਨ੍ਹਾਂ ਕੋਲ ਆ ਕੇ ਪੁੱਛਿਆ।

‘‘ਕੁਝ ਨ੍ਹੀਂ ਚਾਚਾ, ਕੁਝ ਨ੍ਹੀਂ। ਅਸੀਂ ਤਾਂ ਚਿੜੀਆਂ ਫੜਨੀਆਂ, ਉਨ੍ਹਾਂ ਨੂੰ ਪਿੰਜਰੇ ’ਚ ਪਾ ਕੇ ਉਨ੍ਹਾਂ ਨਾਲ ਖੇਡਿਆ ਕਰਾਂਗੇ।’’ ਕਾਹਲੀ ਕਾਹਲੀ ਨਾਲ ਗੁਰੀ ਨੇ ਸਹਿਜ ਪ੍ਰੀਤ ਦੇ ਮਾਮੇ ਨੂੰ ਆਪਣੀ ਸਕੀਮ ਦੱਸੀ।

‘‘ਵੇਖੋ ਬੱਚਿਓ, ਪੰਛੀਆਂ ਨੂੰ ਰੱਬ ਨੇ ਖੰਭ ਦਿੱਤੇ ਆ, ਉੱਡਣ ਵਾਸਤੇ। ਇਹ ਉੱਡ ਕੇ ਆਪਣਾ ਚੋਗਾ ਚੁਗਦੇ ਆ। ਆਜ਼ਾਦੀ ਨਾਲ ਰਹਿੰਦੇ ਆ। ਇਨ੍ਹਾਂ ਨੂੰ ਫੜ ਕੇ ਪਿੰਜਰੇ ’ਚ ਰੱਖਣਾ ਇਨ੍ਹਾਂ ਦਾ ਮੁੱਢਲਾ ਹੱਕ ਖੋਹਣ ਵਾਂਗ ਹੈ। ਤੁਹਾਨੂੰ ਪਤੈ, ਜੇ ਇਨ੍ਹਾਂ ਨੂੰ ਫੜ ਕੇ ਪਿੰਜਰੇ ਵਿੱਚ ਥੋੜ੍ਹੇ ਸਮੇਂ ਲਈ ਵੀ ਬੰਦ ਕਰੀ ਰੱਖੀਏ ਤਾਂ ਇਹ ਵਿਚਾਰੇ ਉੱਡਣਾ ਭੁੱਲ ਜਾਂਦੇ ਨੇ। ਸਾਨੂੰ ਇਨ੍ਹਾਂ ਤੋਂ ਜਿਊਣ ਦਾ ਹੱਕ ਨਹੀਂ ਖੋਹਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਰੱਬ ਵੀ ਸਾਡੇ ਨਾਲ ਨਾਰਾਜ਼ ਹੋ ਜਾਂਦੈ।’’ ਸਹਿਜ ਪ੍ਰੀਤ ਦੇ ਮਾਮੇ ਨੇ ਆਖਦਿਆਂ ਅੱਗੇ ਕਿਹਾ;

‘‘ਵੇਖੋ ਜਿਹੜੇ ਲੋਕ ਪਾਲਣ ਲਈ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਰੱਖਦੇ ਨੇ, ਉਹ ਤੋਤੇ ’ਤੇ ਬੜਾ ਜ਼ੁਲਮ ਕਰਦੇ ਨੇ। ਪਿੰਜਰੇ ਵਿੱਚ ਪਿਆ ਤੋਤਾ ਉਦਾਸ ਅਤੇ ਕਮਜ਼ੋਰ ਹੋ ਜਾਂਦੈ ਤੇ ਛੇਤੀ ਹੀ ਮਰ ਜਾਂਦੇ। ਮਨੁੱਖ ਉਸ ਤੋਂ ਉਸ ਦੇ ਜਿਊਣ ਦਾ ਹੱਕ ਖੋਹ ਲੈਂਦੇ ਆ। ਸਾਨੂੰ ਅਜਿਹਾ ਕਰਕੇ ਰੱਬ ਨੂੰ ਆਪਣੇ ਨਾਲ ਨਾਰਾਜ਼ ਨਹੀਂ ਕਰਨਾ ਚਾਹੀਦਾ।’’

ਉਸ ਦੀਆਂ ਗੱਲਾਂ ਚਾਰਾਂ ਜਣਿਆਂ ’ਤੇ ਡੂੰਘਾ ਅਸਰ ਕਰ ਗਈਆਂ ਅਤੇ ਉਨ੍ਹਾਂ ਨੇ ਟੋਕਰੀ, ਡੰਡਾ ਅਤੇ ਰੱਸੀ ਸੰਭਾਲਣੀ ਸ਼ੁਰੂ ਕਰ ਦਿੱਤੇ। ਚੋਗਾ ਉਨ੍ਹਾਂ ਨੇ ਉਸੇ ਤਰ੍ਹਾਂ ਖਿੱਲਰਿਆ ਰਹਿਣ ਦਿੱਤਾ। ਥੋੜ੍ਹੇ ਚਿਰ ਬਾਅਦ ਉੱਡਦੀਆਂ ਹੋਈਆਂ ਚਿੜੀਆਂ ਉੱਥੇ ਆਈਆਂ ਅਤੇ ਚੋਗਾ ਚੁਗ ਕੇ ਅਸਮਾਨ ਵੱਲ ਉਡਾਰੀ ਮਾਰਦੀਆਂ ਉੱਡ ਗਈਆਂ।

ਸੰਪਰਕ: 95010-20731

Advertisement
Author Image

Balwinder Kaur

View all posts

Advertisement