ਜਾਫ਼ਰ ਵੱਲੋਂ ਭਾਰਤੀ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣ ਦਾ ਮਸ਼ਵਰਾ

ਵਸੀਮ ਜਾਫ਼ਰ

ਨਵੀਂ ਮੁੰਬਈ, 27 ਫਰਵਰੀ
ਘਰੇਲੂ ਕ੍ਰਿਕਟ ਵਿਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਵਸੀਮ ਜਾਫ਼ਰ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਜਦੋਂ ਤੱਕ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਤਬਦੀਲ ਨਹੀਂ ਕਰਦੇ ਉਦੋਂ ਤੱਕ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਲੜੀ ਵਿਚ ਵਾਪਸੀ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਭਾਰਤ ਨੂੰ ਸ਼ੁਰੂਆਤੀ ਟੈਸਟ ਵਿੱਚ ਨਿਊਜ਼ੀਲੈਂਡ ਹੱਥੋਂ 10 ਵਿਕਟਾਂ ਤੋਂ ਹਾਰ ਝੱਲਣੀ ਪਈ ਜਿਸ ਵਿੱਚ ਟਿਮ ਸਾਊਦੀ, ਟਰੈਂਟ ਬੋਲਟ ਤੇ ਕਾਈਲ ਜੈਮਸੀਨ ਨੇ ਕਹਿਰ ਢਾਹਿਆ। ਜਾਫ਼ਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਵਿਰਾਟ ਥੋੜੇ ਸਮੇਂ ਤੋਂ ਖ਼ਰਾਬ ਫਾਰਮ ’ਚ ਚੱਲ ਰਿਹਾ ਹੈ ਇਸ ਵਾਸਤੇ ਮੈਨੂੰ ਉਸ ਦੇ ਸ਼ਾਨਦਾਰ ਤਰੀਕੇ ਤੋਂ ਵਾਪਸੀ ਕਰਨ ਦੀ ਆਸ ਹੈ। ਪੁਜਾਰਾ ਨੂੰ ਕੁਝ ਦੌੜਾਂ ਜੋੜਨੀਆਂ ਹੋਣਗੀਆਂ। ਸਭ ਤੋਂ ਅਹਿਮ ਗੱਲ ਹੈ ਕਿ ਉਸ ਨੂੰ ਆਪਣੀ ਸ਼ੁਰੂਆਤ ਨੂੰ ਤਿੰਨ ਅੰਕਾਂ ਦੇ ਸਕੋਰ ਵਿਚ ਤਬਦੀਲ ਕਰਨਾ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਅਤੇ ਜੇਕਰ ਅਸੀਂ 350 ਤੋਂ 400 ਦੌੜਾਂ ਤੱਕ ਸਕੋਰ ਨਹੀਂ ਬਣਾਉਂਦੇ ਹਾਂ ਤਾਂ ਕਾਫੀ ਮੁਸ਼ਕਿਲ ਹੋਵੇਗੀ।’’ ਇਸ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ, ‘‘200 ਤੋਂ 250 ਦੌੜਾਂ ਦੇ ਸਕੋਰ ਨਾਲ ਤੁਸੀਂ ਟੈਸਟ ਮੈਚ ਨਹੀਂ ਜਿੱਤ ਸਕਦੇ, ਜਦੋਂ ਤੱਕ ਕੇ ਤੁਹਾਨੂੰ ਪਿੱਚ ਤੋਂ ਮੱਦਦ ਨਾ ਮਿਲੇ। ਜਦੋਂ ਅਸੀਂ ਪਹਿਲੀ ਜਾਂ ਦੂਜੀ ਵਾਰ ਬੱਲੇਬਾਜ਼ੀ ਕਰਦੇ ਹਾਂ ਤਾਂ ਸਾਨੂੰ 400 ਤੋਂ 450 ਤੱਕ ਦੌੜਾਂ ਬਣਾਉਣੀਆਂ ਹੋਣਗੀਆਂ।’’ ਉਹ ਇੱਥੇ ਚੱਲ ਰਹੇ ਡੀਵਾਈ ਪਾਟਿਲ ਟੀ20 ਕੱਪ ਵਿੱਚ ਇਕ ਟੀਮ ਨੂੰ ਕੋਚਿੰਗ ਦੇ ਰਹੇ ਹਨ।
ਜਾਫ਼ਰ ਨੂੰ ਇਹ ਵੀ ਲੱਗਦਾ ਹੈ ਕਿ ਭਾਰਤੀ ਟੀਮ ਦਾ ਪਹਿਲੇ ਟੈਸਟ ਵਿੱਚ 200 ਦੌੜਾਂ ਤੋਂ ਘੱਟ ਸਕੋਰ ’ਤੇ ਆਊਟ ਹੋਣਾ ਖੇਡ ਦੇ ਲੰਬੇ ਰੂਪ ’ਚ ਉਸ ਦੀ ਨੰਬਰ ਇਕ ਰੈਂਕਿੰਗ ਮੁਤਾਬਕ ਨਹੀਂ ਸੀ। ਉਸ ਨੇ ਕਿਹਾ, ‘‘ਉਨ੍ਹਾਂ ਨੇ ਸਾਡੀ ਦੌੜਾਂ ਦੀ ਰਫ਼ਤਾਰ ’ਤੇ ਰੋਕ ਲਗਾ ਦਿੱਤਾ ਅਤੇ ਲੰਬੇ ਸਮੇਂ ਤੱਕ ਸਾਡੇ ਬੱਲੇਬਾਜ਼ਾਂ ਨੂੰ ਦਬਾਅ ’ਚ ਰੱਖਿਆ। ਮੈਨੂੰ ਲੱਗਦਾ ਹੈ ਕਿ ਪਹਿਲੀ ਪਾਰੀ ਵਿਚ ਹਾਲਾਤ ਗੇਂਦਬਾਜ਼ਾਂ ਲਈ ਮੱਦਦਗਾਰ ਸਨ ਪਰ ਉਨ੍ਹਾਂ ਨੇ ਬਾਊਂਸਰ ਪਾਉਣ ਦੀ ਰਣਨੀਤੀ ਅਪਣਾਈ। ਸਾਨੂੰ ਦੂਜੀ ਪਾਰੀ ’ਚ ਚੰਗੀ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਦੋਵੇਂ ਪਾਰੀਆਂ ’ਚ 200 ਤੋਂ ਘੱਟ ਸਕੋਰ ’ਤੇ ਆਊਟ ਹੋਣ ਨੰਬਰ ਇਕ ਟੈਸਟ ਟੀਮ ਮੁਤਾਬਕ ਨਹੀਂ ਹੈ।’’
ਜਾਫ਼ਰ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਟੀਮ ਵਾਪਸੀ ਕਰੇਗੀ ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਹੈ। ਉਸ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਗਲੇ ਕ੍ਰਾਈਸਟਚਰਚ ’ਚ ਹੋਣ ਵਾਲੇ ਟੈਸਟ ਮੈਚ ’ਚ ਵਾਪਸੀ ਕਰਨਗੇ, ਜੋ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ ਅਤੇ ਬੀਤੇ ਸਮੇਂ ਵਿੱਚ ਉਨ੍ਹਾਂ ਨੇ ਹਮੇਸ਼ਾਂ ਅਜਿਹਾ ਕੀਤਾ ਹੈ। ਜਦੋਂ ਵੀ ਉਨ੍ਹਾਂ ਨੂੰ ਦਬਾਅ ਵਿੱਚ ਲਿਆਂਦਾ ਜਾਂਦਾ ਹੈ, ਉਹ ਹਮੇਸ਼ਾਂ ਮਜ਼ਬੂਤੀ ਨਾਲ ਵਾਪਸੀ ਕਰਦੇ ਹਨ।

-ਪੀਟੀਆਈ