ਜਾਤੀ ਵਿਤਕਰਾ ਖ਼ਤਮ ਕੀਤੇ ਬਿਨਾਂ ਬਿਹਤਰ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ: ਗੜ੍ਹੀ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਦੋਂ ਤੱਕ ਸਮਾਜ ’ਚੋਂ ਜਾਤ ਆਧਾਰਿਤ ਵਿਤਕਰੇ ਨੂੰ ਖ਼ਤਮ ਨਹੀਂ ਕੀਤਾ ਜਾਂਦਾ,ਓਦੋਂ ਤੱਕ ਉਹ ਬਿਹਤਰ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਡਾ. ਭੀਮ ਰਾਓ ਅੰਬੇਡਕਰ ਨੇ ’ਪੜ੍ਹੋ-ਜੁੜੋ-ਸੰਘਰਸ਼ ਕਰੋੋ ਦਾ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ ਅਤੇ ਇਸ ਸੰਦੇਸ਼ ’ਤੇ ਅਮਲ ਕਰਨ ਦੀ ਲੋੜ ਹੈ। ਉਹ ਇਥੇ ਡਾ. ਅੰਬੇਡਕਰ ਦੀ 134ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਚੇਤਨਾ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਸ੍ਰੀ ਗੜ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮੰਤਵ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਦੂਰਅੰਦੇਸ਼ੀ ਅਤੇ ਸੁਚੱਜੀ ਅਗਵਾਈ ਨਾਲ ਤਿਆਰ ਸੰਵਿਧਾਨ ਵਿਚ ਸਮਾਜ ਦੇ ਹਰ ਵਰਗ ਦੇ ਹੱਕਾਂ-ਅਧਿਕਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਬਿਹਤਰ ਨਿਰਮਾਣ ਲਈ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਗ੍ਰਹਿਣ ਕਰਨ ਅਤੇ ਚੰਗੀ ਸਿੱਖਿਆ ਪ੍ਰਾਪਤ ਕਰ ਕੇ ਸਮਾਜ ਵਿੱਚ ਉਚਾ ਮੁਕਾਮ ਹਾਸਲ ਕਰਨ।
ਖਾਦੀ ਬੋਰਡ ਦੇ ਨੋਡਲ ਅਫ਼ਸਰ ਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਸਮਾਜ ਨੂੰ ਇੱਕ-ਦੂਜੇ ਨਾਲ ਮਿਲਕੇ ਚੱਲਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ, ਜਦੋਂ ਉਹ ਉਨ੍ਹਾਂ ਦੇ ਦੱਸੇ ਰਾਹ ’ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕਿਸੇ ਇੱਕ ਜਾਤ ਜਾਂ ਵਰਗ ਦੇ ਰਹਿਬਰ ਨਹੀਂ ਸਨ, ਸਗੋਂ ਉਹ ਤਾਂ ਸਮੁੱਚੇ ਸੰਸਾਰ ਲਈ ਇੱਕ ਚਾਨਣ ਮੁਨਾਰਾ ਹਨ।
ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਹਰ ਘਰ ਤੱਕ ਜਾਣੀ ਲਾਜ਼ਮੀ ਹੈ ਤਾਂ ਜੋ ਹਰ ਇਕ ਨੌਜਵਾਨ ਸਿੱਖਿਅਤ ਹੋ ਸਕੇ।
ਸਮਾਗਮ ਦੇ ਅਖੀਰ ਵਿਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਲਿਖ਼ਤੀ ਸ਼ਿਕਾਇਤਾਂ ਪ੍ਰਾਪਤ ਕਰਦਿਆਂ ਹਰ ਸ਼ਿਕਾਇਤ ਦਾ ਯੋਗ ਪ੍ਰਕਿਰਿਆ ਅਨੁਸਾਰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ ਰਿੰਕੂ, ਪਵਨ ਕੁਮਾਰ, ਅਮਨਦੀਪ ਸਿੰਘ ਸਿਵੀਆ, ਕੌਸਲਰ ਤਾਰਾ ਚੰਦ, ਕੁਲਵੰਤ ਸਿੰਘ ਕਾਲਝਰਾਣੀ, ਆਤਮਾ ਸਿੰਘ ਪਮਾਰ,ਬਲਵੰਤ ਸਿੰਘ ਭੀਖੀ ਵੀ ਮੌਜੂਦ ਸਨ।