ਜਾਣਕਾਰੀ ਅਤੇ ਮਨੋਰੰਜਨ ਦਾ ਭੰਡਾਰ ਰੇਡੀਓ
ਗਿਆਨੀ ਗੁਰਪ੍ਰੀਤ ਸਿੰਘ ਬਿਲਿੰਗ
ਅੱਜ ਜਿਸ ਤਰ੍ਹਾਂ ਹਰ ਇੱਕ ਹੱਥ ਵਿੱਚ ਮੋਬਾਈਲ ਫੋਨ ਨਜ਼ਰ ਆ ਰਿਹਾ ਹੈ, ਠੀਕ ਉਸੇ ਤਰ੍ਹਾਂ ਇੱਕ ਸਮੇਂ ਹਰ ਘਰ ਵਿੱਚ ਇੱਕ ਰੇਡੀਓ ਸੈੱਟ ਜ਼ਰੂਰ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡਿਜੀਟਲ ਆਡੀਓ-ਵੀਡੀਓ ਨੇ ਲੈ ਲਈ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਪੌਡਕਾਸਟਾਂ ਜ਼ਰੀਏ ਆਡੀਓ ਸਮੱਗਰੀ ਤੱਕ ਲਗਭਗ ਹਰ ਇੱਕ ਬੰਦੇ ਦੀ ਪਹੁੰਚ ਵਧੀ ਹੈ। ਰੇਡੀਓ ਦੀ ਅਹਿਮ ਭੂਮਿਕਾ ਦੁਨੀਆ ਨੂੰ ਆਪਸ ਵਿੱਚ ਜੋੜਨ ਦੀ ਹੈ।
ਰੇਡੀਓ ਨੇ ਦੁਨੀਆ ਭਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਦੇ ਦੌਰ ਵਿੱਚ ਰੇਡੀਓ ਨੇ ਡਿਜੀਟਲ ਪ੍ਰਸਾਰਣ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ, ਜਿਵੇਂ DAB+, DRM, ਪਰ ਹੁਣ ਤਾਂ ਰੇਡੀਓ ਮੋਬਾਈਲ ਦੀਆਂ ਵੱਖੋ-ਵੱਖ ਐਪਾਂ ਰਾਹੀਂ ਦੇਸ਼-ਵਿਦੇਸ਼ ਵਿੱਚ ਬੈਠੇ ਵੀ ਸੁਣਿਆ ਜਾ ਸਕਦਾ ਹੈ। ਭਾਰਤ ਦੇ ਸਰਕਾਰੀ ਅਦਾਰੇ ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਲਈ ਆਪਣੀ ‘ਨਿਊਜ਼ਔਨਏਅਰ’ (NewsOnAIR) ਐਪ ਲਾਂਚ ਕੀਤੀ ਹੋਈ ਹੈ। ਬਾਕੀ ਦੁਨੀਆ ਭਰ ਵਿੱਚ ਰੇਡੀਓ ਚੈਨਲ ਸੁਣਨ ਵਾਲਿਆਂ ਵਿੱਚ ‘ਵੀਰੇਡੀਓ’ (VRadio) ਐਪ ਅਤੇ ‘ਗਾਰਡਨਰੇਡੀਓ’ (GardenRadio) ਵੈੱਬਸਾਈਟ ਮਸ਼ਹੂਰ ਹੈ।
ਕੁਝ ਕੁ ਸਮਾਂ ਪਹਿਲਾਂ ਰੇਡੀਓ ਦੀ ਦੁਨੀਆ ਵਿੱਚ ਖ਼ਬਰਾਂ ਦੀ ਜਗ੍ਹਾ ਮਨੋਰੰਜਨ ਨੇ ਥਾਂ ਜ਼ਰੂਰ ਲੈ ਲਈ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਆਡੀਓ ਪੌਡਕਾਸਟਾਂ ਜ਼ਰੀਏ ਕਾਫ਼ੀ ਗੰਭੀਰ ਸਮੱਗਰੀ ਵੀ ਨਜ਼ਰ ਆ ਰਹੀ ਹੈ। ਜੇ ਗੱਲ ਰੇਡੀਓ ਦੇ ਜਨਮ ਦੀ ਕਰੀਏ ਤਾਂ ਸਾਇੰਸਦਾਨ ਜੇਮਸ ਕਲਰਕ ਮੈਕਸਵੈੱਲ ਨੇ 1865 ਵਿੱਚ ਸਿਧਾਂਤਕ ਅਤੇ ਗਣਿਤਕ ਰੂਪ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਇੱਲੈਕਟ੍ਰੋ ਮੈਗਨੈਟਿਕ ਰੈਡੀਏਸ਼ਨ (ਤਰੰਗਾਂ) ਬਿਨਾਂ ਤਾਰ ਤੋਂ ਇੱਕ ਤੋਂ ਦੂਜੇ ਥਾਂ ਤੱਕ ਪਹੁੰਚ ਸਕਦੀ ਹੈ। 1880 ਦੇ ਦੌਰ ਦੌਰਾਨ ਹੀ ਡੇਵਿਡ ਐਡਵਰਡ ਹਿਊਸ ਨੇ ਵੀ ਇਸੇ ਵਿਚਾਰ ’ਤੇ ਪ੍ਰਯੋਗ ਕੀਤੇ ਸਨ, ਪਰ 1887 ਵਿੱਚ ਹੇਨਰੀਕ ਰੂਡੋਲਫ ਹਰਟਜ਼ ਨੇ ਮੈਕਸਵੈੱਲ ਦੀ ਇਲੈੱਕਟ੍ਰੋ ਮੈਗਨੈਟਿਜ਼ਮ ਰੈਡੀਏਸ਼ਨ ਦੀ ਥਿਊਰੀ ਦੀ ਪੂਰੇ ਪ੍ਰਯੋਗ ਨਾਲ ਪੁਸ਼ਟੀ ਕੀਤੀ। ਕਈ ਸਾਲਾਂ ਤੱਕ ਇਤਾਲਵੀ ਖੋਜੀ ਗੁਗਲਿਲੇਮੋ ਮਾਰਕੋਨੀ ਨੇ ਏਅਰਬੋਰਨ ਹਾਰਟਜ਼ਿਅਨ ਵੇਵਜ਼ (ਰੇਡੀਓ ਪ੍ਰਸਾਰਣ) ’ਤੇ ਕਈ ਪ੍ਰਯੋਗ ਕੀਤੇ ਅਤੇ ਅਖੀਰ 1896 ਵਿੱਚ ਕਾਮਯਾਬੀ ਨਾਲ ਬੇਤਾਰ ਟੈਲੀਗ੍ਰਾਫੀ ਸਿਸਟਮ ਬਣਾਇਆ। ਇਸ ਤਰ੍ਹਾਂ ਮਾਰਕੋਨੀ ਰੇਡੀਓ ਪ੍ਰਸਾਰਣ ਦਾ ਪਿਤਾਮਾ ਬਣ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਸਾਇੰਸਦਾਨ ਸਰ ਜਗਦੀਸ਼ ਚੰਦਰ ਬੋਸ ਨੇ ਵੀ ਰੇਡੀਓ ਤਰੰਗਾਂ ’ਤੇ ਬਹੁਤ ਕੰਮ ਕੀਤਾ ਸੀ।
ਇਸ ਵਕਤ ਦੁਨੀਆ ਵਿੱਚ ਲਗਭਗ 44000 ਤੋਂ ਵੱਧ ਰੇਡੀਓ ਚੈਨਲ ਹਨ ਜੋ ਦੁਨੀਆ ਦੀ 70% ਆਬਾਦੀ ਨੂੰ ਕਵਰ ਕਰ ਰਹੇ ਹਨ। ਦੁਨੀਆ ਦਾ ਸਭ ਤੋਂ ਪਹਿਲਾ ਰੇਡੀਓ ਸ਼ਟੇਸ਼ਨ ਕੇਡੀਕੇਏ (KDKA) (ਪ੍ਰਾਈਵੇਟ) 2 ਨਵੰਬਰ 1920 ਵਿੱਚ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿੱਚ ਸ਼ੁਰੂ ਹੋਇਆ ਸੀ। ਕਿਸੇ ਵੇਲੇ ਦੁਨੀਆ ਵਿੱਚ ਕਲੰਬਸ, ਓਹਾਇਓ (ਅਮਰੀਕਾ) ਸਥਿਤ WLW 700KHz AM (500 KW Power) ਪ੍ਰਾਈਵੇਟ ਰੇਡੀਓ ਚੈਨਲ ਐਨਾ ਸ਼ਕਤੀਸ਼ਾਲੀ ਸੀ ਜੋ ਰਾਤ ਦੇ ਸਮੇਂ ਅੱਧੀ ਦੁਨੀਆ ਨੂੰ ਕਵਰ ਕਰਨ ਦੇ ਯੋਗ ਸੀ। ਅੱਜ ਤਾਂ ਹਰ ਰੇਡੀਓ ਚੈਨਲ ਐਪ ਰਾਹੀਂ ਸਾਰੀ ਦੁਨੀਆ ਨੂੰ ਕਵਰ ਕਰ ਰਿਹਾ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਪਹਿਲਾਂ ਨਵੰਬਰ 1923 ਵਿੱਚ ਦੋ ਪ੍ਰਾਈਵੇਟ ਕੰਪਨੀਆਂ ਬੰਬਈ ਰੇਡੀਓ ਕਲੱਬ ਅਤੇ ਕਲਕੱਤਾ ਰੇਡੀਓ ਕਲੱਬ ਵੱਲੋਂ ਬੰਬਈ ਅਤੇ ਕਲਕੱਤਾ ਵਿੱਚ ਰੇਡੀਓ ਪ੍ਰਸਾਰਣ ਕੀਤਾ ਗਿਆ, ਜਦੋਂ ਕਿ 23 ਜੁਲਾਈ 1927 ਤੋਂ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ (ਆਈਬੀਸੀ) ਵੱਲੋਂ ਮੀਡੀਅਮਵੇਵ ਪ੍ਰਸਾਰਣ ਸ਼ੁਰੂ ਹੋਇਆ ਜਿਸ ਨੂੰ 8 ਜੂਨ 1936 ਵਿੱਚ ਆਲ ਇੰਡੀਆ ਰੇਡੀਓ (AIR) ਦਾ ਨਾਂ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਫਿਰ ਇਸ ਨੂੰ ਆਕਾਸ਼ਵਾਣੀ ਦਾ ਨਾਮ ਦਿੱਤਾ ਗਿਆ। 1947 ਦੀ ਭਾਰਤ-ਪਾਕਿ ਵੰਡ ਵੇਲੇ 9 ਰੇਡੀਓ ਸਟੇਸ਼ਨ ਸਨ, ਜਿਨ੍ਹਾਂ ਵਿੱਚੋਂ 3 ਪਾਕਿਸਤਾਨ ਵਿੱਚ ਅਤੇ 6 ਭਾਰਤ ਵਿੱਚ ਰਹਿ ਗਏ ਸਨ। ਭਾਰਤ ਵਿੱਚ 3 ਅਕਤੂਬਰ 1957 ਨੂੰ ਮਨੋਰੰਜਨ ਚੈਨਲ ਵਿਵਿਧ ਭਾਰਤੀ ਸੇਵਾ ਅਤੇ 23 ਜੁਲਾਈ 1977 ਨੂੰ ਐੱਫਐੱਮ ਬੈਂਡ ਰੇਡੀਓ ਚੈਨਲ ਦੀ ਸ਼ੁਰੂਆਤ ਹੋਈ ਸੀ।
ਹੁਣ ਗੱਲ ਕਰਦੇ ਹਾਂ 13 ਫਰਵਰੀ ਵਾਲੇ ਕੌਮਾਂਤਰੀ ਰੇਡੀਓ ਦਿਹਾੜੇ ਦੇ ਇਤਿਹਾਸ ਦੀ। 20ਵੀਂ ਸਦੀ ਦੌਰਾਨ 13 ਫਰਵਰੀ ਉਹ ਮਿਤੀ ਸੀ, ਜਦੋਂ 1946 ਨੂੰ ਸੰਯੁਕਤ ਰਾਸ਼ਟਰ (ਅਮਰੀਕਾ) ਦਾ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਸੀ। ਇਸ ਦਿਨ ਲੋਕਲ ਰੇਡੀਓ (MW) ਅਤੇ ਅੰਤਰਰਾਸ਼ਟਰੀ ਪ੍ਰਸਾਰਣ ਸੇਵਾ (SW) ਦੀ ਸਥਾਪਨਾ ਕੀਤੀ ਗਈ ਸੀ। 21ਵੀਂ ਸਦੀ ਵਿੱਚ ਸਪੇਨ ਰੇਡੀਓ ਅਕੈਡਮੀ ਨੇ ਪਹਿਲੀ ਵਾਰ 2010 ਵਿੱਚ ਰੇਡੀਓ ਦਿਹਾੜੇ ਦਾ ਪ੍ਰਸਤਾਵ ਪੇਸ਼ ਕੀਤਾ ਸੀ। 2011 ਵਿੱਚ ਯੂਨੈਸਕੋ ਦੀ ਜਨਰਲ ਅਸੈਂਬਲੀ ਦੇ 36ਵੇਂ ਸੈਸ਼ਨ ਵਿੱਚ 13 ਫਰਵਰੀ ਨੂੰ ਕੌਮਾਂਤਰੀ ਰੇਡੀਓ ਦਿਵਸ ਵਜੋਂ ਐਲਾਨਿਆ ਗਿਆ ਅਤੇ ਪਹਿਲਾ ਰੇਡੀਓ ਦਿਹਾੜਾ ਰਸਮੀ ਤੌਰ ’ਤੇ ਸੰਯੁਕਤ ਰਾਸ਼ਟਰ ਵੱਲੋਂ 2012 ਵਿੱਚ ਮਨਾਇਆ ਗਿਆ ਸੀ।
ਇਸ ਸਾਲ 2025 ਵਿੱਚ ਰੇਡੀਓ ਦਿਹਾੜੇ ਮੌਕੇ ਦਾ ਥੀਮ ਹੈ ‘ਰੇਡੀਓ ਅਤੇ ਜਲਵਾਯੂ ਪਰਿਵਰਤਨ’ ਯਾਨੀ ਕਿ ਰੇਡੀਓ ਅਤੇ ਮੌਸਮੀ ਤਬਦੀਲੀਆਂ। ਰੇਡੀਓ ਦੀ ਸ਼ਕਤੀ ਲੋਕਾਂ ਨੂੰ ਮੌਸਮੀ ਤਬਦੀਲੀਆਂ ਪ੍ਰਤੀ ਜਾਗਰੂਕ ਕਰਕੇ ਇਸ ਚੁਣੌਤੀ ’ਤੇ ਕੰਮ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ। ਰੇਡੀਓ ਮੌਸਮ ਤਬਦੀਲੀ ਉੱਤੇ ਪੱਕੀਆਂ ਕੋਸ਼ਿਸ਼ਾਂ ਕਰਨ ’ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਇੱਕ ਉੱਤਮ ਪਲੈਟਫਾਰਮ ਹੈ। ਇਸ ਮੁੱਦੇ ਸਬੰਧੀ ਵੱਖੋ-ਵੱਖ ਦ੍ਰਿਸ਼ਟੀਕੋਣਾਂ ਅਤੇ ਜ਼ਮੀਨ ਪੱਧਰ ’ਤੇ ਹੋ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇ ਕੇ ਇਸ ਵਿਸ਼ੇ ’ਤੇ ਉਤਸ਼ਾਹਿਤ ਕਰ ਸਕਦਾ ਹੈ।
ਰੇਡੀਓ ਸਰੋਤਿਆਂ ਦਾ ਮੰਨਣਾ ਹੈ ਕਿ ਰੇਡੀਓ ਇੱਕ ਅਜਿਹਾ ਦੋਸਤ ਹੈ ਜੋ ਸਾਨੂੰ ਵਿੰਭਿਨਤਾਵਾਂ ਵਿੱਚ ਰਹਿੰਦਿਆਂ ਸਟੀਕ ਜਾਣਕਾਰੀ, ਮਨੋਰੰਜਨ, ਸਿੱਖਿਆ ਦਿੰਦਾ ਹੈ ਅਤੇ ਅਪਣੱਤ ਦਾ ਅਹਿਸਾਸ ਕਰਵਾਉਂਦਾ ਹੋਇਆ ਹਰ ਰੋਜ਼ ਸਾਡੀ ਸੰਗਤ ਕਰਦਾ ਹੈ ਅਤੇ ਸਭ ਨੂੰ ਆਪਸ ਵਿੱਚ ਜੁੜਨ ਦਾ ਮੌਕਾ ਵੀ ਦਿੰਦਾ ਹੈ। ਹੁਣ ਵੀ ਰੇਡੀਓ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਰੇਡੀਓ ਮੁਫ਼ਤ ਵਿੱਚ ਆਮ ਚਰਚਾਵਾਂ, ਗੀਤਾਂ, ਨਾਟਕਾਂ, ਕਹਾਣੀਆਂ, ਮੁਸ਼ਾਇਰੇ, ਕਵੀ ਦਰਬਾਰ ਆਦਿ ਮਨੋਰੰਜਕ ਪ੍ਰੋਗਰਾਮਾਂ ਦੇ ਨਾਲ-ਨਾਲ ਦੁਨੀਆ ਭਰ ਦੀਆਂ ਖ਼ਬਰਾਂ ਜਾਣਨ ਦਾ ਇੱਕ ਖੁੱਲ੍ਹਾ ਤੇ ਅਨੰਤ ਰਸਤਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚੈਨਲ ਸਰਕਾਰੀ ਭਲਾਈ ਸਕੀਮਾਂ, ਜਨਤਕ ਮੁਹਿੰਮਾਂ, ਪਿੰਡ ਤੇ ਸ਼ਹਿਰ ਦੀ ਸਫ਼ਾਈ ਕਰਨ ਸਬੰਧੀ ਜਾਗਰੂਕ ਕਰਨ, ਟ੍ਰੈਫਿਕ ਕਾਨੂੰਨਾਂ ਦੀ ਜਾਣਕਾਰੀ ਦੇਣ ਵਰਗੀਆਂ ਵਿਸ਼ੇਸ਼ ਮੁਹਿੰਮਾਂ ਚਲਾਉਂਦੇ ਰਹਿੰਦੇ ਹਨ, ਜਿਸ ਕਾਰਨ ਦੇਸ਼ ਦੇ ਲੋਕ ਜਾਗਰੂਕ ਹੋ ਰਹੇ ਹਨ। ਕੁਲ ਮਿਲਾ ਕੇ ਰੇਡੀਓ ਦਾ ਮਤਲਬ ਹੈ ਜਾਣਕਾਰੀ, ਸੰਚਾਰ, ਸਿੱਖਿਆ ਅਤੇ ਮਨੋਰੰਜਨ ਦਾ ਭੰਡਾਰ।
ਸੰਪਰਕ: 75086-98066