ਜਾਂਚ ਕਰਵਾਉਣ ਮਗਰੋਂ ਡੀਏਪੀ ਵੰਡੀ ਜਾਵੇ: ਕਾਂਦੀਆਂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਜੂਨ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਹਿਕਾਰੀ ਸਭਾਵਾਂ ਵਿੱਚ ਭੇਜੀ ਗਈ ਡੀਏਪੀ ਖਾਦ ਦੇ ਫੋਰਨ ਸੈਂਪਲ ਭਰ ਕੇ ਖਾਦ ਚੈੱਕ ਕੀਤੀ ਜਾਵੇ ਕਿ ਕਿਧਰੇ ਇਹ ਨਕਲੀ ਖਾਦ ਤਾਂ ਨਹੀਂ। ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਿੰਘ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵਿੱਖੇ ਜਥੇਬੰਦੀ ਦੀ ਮੀਟਿੰਗ ਦੌਰਾਨ ਪ੍ਰਧਾਨ ਕਾਦੀਆਂ ਨੇ ਕਿਹਾ ਕਿ ਡੀਏਪੀ ਦੀ ਨਕਲੀ ਖਾਦ ਮਾਰਕੀਟ ਵਿੱਚ ਵਿੱਕਣ ਦੀਆਂ ਖਬਰਾਂ ਜਥੇਬੰਦੀ ਤੱਕ ਪਹੁੰਚੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਜਦਕਿ ਡੀਏਪੀ ਖਾਦ ਸਹਿਕਾਰੀ ਸਭਾਵਾਂ ਵਿੱਚ ਆ ਗਈ ਹੈ ਤਾਂ ਇਸ ਦੇ ਫੋਰਨ ਸੈਂਪਲ ਭਰ ਕੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਸਾਨਾਂ ਨੂੰ ਖਾਦ ਦਿੱਤੀ ਜਾਵੇ ਤਾਂ ਜੋ ਕਿਸਾਨ ਡੀਏਪੀ ਖਾਦ ਦੀ ਸਹੀ ਵਰਤੋਂ ਕਰ ਸਕਣ। ਪ੍ਰਧਾਨ ਕਾਦੀਆਂ ਨੇ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਟਰਾਂਸਫਾਰਮਰ ਚੋਰੀ ਹੋ ਰਹੇ ਹਨ ਪਰ ਉਨ੍ਹਾਂ ਦੀ ਥਾਂ ਤੇ ਨਵੇਂ ਟਰਾਂਸਫਾਰਮਰ ਲਗਾਉਣ ਵਿੱਚ ਪਾਵਰਕੋਮ ਵੱਲੋਂ ਦੇਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਜਾਈ ਦੇ ਮੌਸਮ ਨੂੰ ਵੇਖਦਿਆਂ ਫੌਰਨ ਚੋਰੀ ਹੋਏ ਟਰਾਂਸਫਾਰਮਰ ਦੀ ਪੁਲੀਸ ਥਾਣੇ ਵਿੱਚ ਰਿਪੋਰਟ ਦਰਜ ਕਰਾ ਕੇ ਨਵੇਂ ਟਰਾਂਸਫਾਰਮਰ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਕਿੱਲਤ ਪੇਸ਼ ਨਾ ਆਵੇ। ਉਹਨਾਂ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਜੋ ਸੂਏ ਅਤੇ ਕੱਸੀਆਂ ਬਣਾਈਆਂ ਗਈਆਂ ਹਨ ਉਨ੍ਹਾਂ ਦੇ ਮੋਘੇ ਬਹੁਤ ਉੱਚੇ ਰੱਖੇ ਗਏ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਖੇਤਾਂ ਵਿੱਚ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਰਾਏ ਅਨੁਸਾਰ ਕੱਸੀਆਂ ਦੇ ਮੋਘੇ ਸਹੀ ਕੀਤੇ ਜਾਣ।