For the best experience, open
https://m.punjabitribuneonline.com
on your mobile browser.
Advertisement

ਜ਼ੋਹਰਾਨ ਮਾਮਦਾਨੀ ’ਚ ਕੁਝ ਖ਼ਾਸ ਤਾਂ ਜ਼ਰੂਰ ਹੈ...

04:05 AM Jun 28, 2025 IST
ਜ਼ੋਹਰਾਨ ਮਾਮਦਾਨੀ ’ਚ ਕੁਝ ਖ਼ਾਸ ਤਾਂ ਜ਼ਰੂਰ ਹੈ
Advertisement

ਜਯੋਤੀ ਮਲਹੋਤਰਾ

Advertisement

ਜ਼ੋਹਰਾਨ ਕਵਾਮੇ ਮਾਮਦਾਨੀ ਤੋਂ ਆਖਰ ਕਿਸ ਨੂੰ ਡਰ ਹੈ? ਨਿਊਯਾਰਕ ਦੇ ਮੇਅਰ ਲਈ 33 ਸਾਲਾਂ ਦਾ ਡੈਮੋਕਰੈਟ ਉਮੀਦਵਾਰ, ਜਿਸ ਦੇ ਕਈ ਨਾਂ ਸਪੱਸ਼ਟ ਤੌਰ ’ਤੇ ਨਾਂ ਦੇ ਵੱਖ-ਵੱਖ ਹਿੱਸਿਆਂ ਦੇ ਜੋੜ ਤੋਂ ਕਿਤੇ ਵੱਧ ਮਾਰ ਕਰ ਰਹੇ ਹਨ, ਨੇ ਹਾਲ ਹੀ ’ਚ ਅੱਧੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ—- ਡੋਨਲਡ ਟਰੰਪ (‘ਉਹ ਇੱਕ ਕਮਿਊਨਿਸਟ ਪਾਗਲ ਹੈ’) ਤੋਂ ਲੈ ਕੇ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ (‘ਜਦੋਂ ਉਹ ਆਪਣਾ ਮੂੰਹ ਖੋਲ੍ਹਦਾ ਹੈ, ਪਾਕਿਸਤਾਨੀ ਪੀਆਰ ਛੁੱਟੀ ’ਤੇ ਚਲੀ ਜਾਂਦੀ ਹੈ’), ਅਤੇ ਕੰਗਨਾ ਰਣੌਤ (‘ਉਹ ਹਿੰਦੂ ਧਰਮ ਨੂੰ ਖਤਮ ਕਰਨ ਲਈ ਤਿਆਰ ਹੈ’) ਵਰਗੇ ਗੁੱਸੇਖੋਰ ਸੱਜੇ-ਪੱਖੀਆਂ ਤੱਕ।
ਸੂਟ-ਬੂਟ ’ਚ ਸਜੇ ਇਸ ਨੌਜਵਾਨ ਵਿੱਚ ਅਜਿਹਾ ਕੀ ਹੈ ਜਿਸ ਨੇ ਤੂਫਾਨ ਲਿਆ ਦਿੱਤਾ ਹੈ? ਆਓ ਨਾਵਾਂ ਤੋਂ ਹੀ ਸ਼ੁਰੂ ਕਰੀਏ- ਵਿਚਕਾਰਲਾ ਨਾਂ ਘਾਨਾ ਦੇ ਪਹਿਲੇ ਮਾਰਕਸਵਾਦੀ ਤੇ ਸਮਾਜਵਾਦੀ ਪ੍ਰਧਾਨ ਮੰਤਰੀ ਦੇ ਹਵਾਲੇ ਤੋਂ ਹੈ; ਆਖਰੀ ਨਾਂ ਉਸ ਦੇ ਪਿਤਾ ਨਾਲ ਜੁੜਿਆ ਹੈ, ਜੋ ਯੁਗਾਂਡਾ ਦੇ ਇੱਕ ਗੁਜਰਾਤੀ-ਮੁਸਲਿਮ ਵਿਦਵਾਨ ਹਨ, ਤੇ ਹੁਣ ਕੋਲੰਬੀਆ ਯੂਨੀਵਰਸਿਟੀ ਵਿੱਚ ਕੌਮਾਂਤਰੀ ਮਾਮਲਿਆਂ ਅਤੇ ਮਾਨਵ ਵਿਗਿਆਨ ਦੇ ਪ੍ਰੋਫੈਸਰ ਹਨ; ਪਹਿਲਾ ਨਾਮ ਇੱਕ ਅਰਬੀ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਰੌਸ਼ਨੀ ਦੀ ਕਿਰਨ।’ ਜਿੱਥੋਂ ਤੱਕ ਉਸ ਦੀ ਮਾਂ ਦਾ ਸਵਾਲ ਹੈ, ਉਹ ਹਿੰਦੂ-ਪੰਜਾਬੀ ਡਾਕੂਮੈਂਟਰੀ ਫਿਲਮ ਨਿਰਮਾਤਾ ਮੀਰਾ ਨਾਇਰ ਹੈ, ਜਿਸ ਨੂੰ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਉਸ ਨੇ ‘ਮਾਨਸੂਨ ਵੈਡਿੰਗ’ ਅਤੇ ‘ਮਿਸੀਸਿਪੀ ਮਸਾਲਾ’ ਫਿਲਮਾਂ ਬਣਾਈਆਂ ਹਨ। ਜ਼ੋਹਰਾਨ ਦੀ ਪਤਨੀ ਸੀਰਿਆਈ ਮੂਲ ਦੀ ਹੈ ਅਤੇ ਐਨੀਮੇਸ਼ਨ ਖੇਤਰ ’ਚ ਕੰਮ ਕਰਦੀ ਹੈ।
ਇਹ ਨੌਜਵਾਨ ਖੁਦ ਨੂੰ ‘ਲੋਕਤੰਤਰੀ ਸਮਾਜਵਾਦੀ’ ਵਜੋਂ ਪੇਸ਼ ਕਰਦਾ ਹੈ। ਉਸ ਨੇ ਨਿਊਯਾਰਕ ਸ਼ਹਿਰ ਦੀਆਂ ਕਈ ਨਸਲੀ ਵੰਡੀਆਂ- ਸਿਆਹਫਾਮ ਤੇ ਦੱਖਣੀ ਏਸ਼ਿਆਈ, ਲਾਤੀਨੀ ਤੇ ਗੋਰੇ ਅਤੇ ਚੀਨੀ- ਨੂੰ ਪਾਰ ਕਰਦਿਆਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਾਰਟੀ ਉਮੀਦਵਾਰ ਵਜੋਂ ਆਪਣੀ ਸੀਟ ਪੱਕੀ ਕਰਨ ਲਈ 92 ਪ੍ਰਤੀਸ਼ਤ ਡੈਮੋਕਰੈਟਿਕ ਵੋਟਾਂ ਹਾਸਲ ਕੀਤੀਆਂ ਹਨ। ਉਸ ਨੇ ਮੁਫ਼ਤ ਬੱਸ ਕਿਰਾਏ, ਮੁਫ਼ਤ ਬਾਲ-ਸੰਭਾਲ ਅਤੇ ਨਿਯਮਤ ਜਨਤਕ ਰਿਹਾਇਸ਼ੀ ਕਿਰਾਇਆਂ ਵਰਗੇ ਬੁਨਿਆਦੀ ਮੁੱਦਿਆਂ ਲਈ ਸੰਘਰਸ਼ ਕੀਤਾ ਹੈ। ਉਸ ਨੇ ਅਤੇ ਉਸ ਦੇ ਵਿਆਪਕ ਵਾਲੰਟੀਅਰ ਸਮੂਹ ਨੇ ਰਾਜਨੀਤੀ ਦੇ ਪੁਰਾਣੇ ਸਿਧਾਂਤ ਨੂੰ ਅਪਣਾ ਕੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਹਨ- ਕੁਝ ਉਸੇ ਤਰ੍ਹਾਂ ਜਿਵੇਂ ਆਰਐੱਸਐੱਸ ਅਜੇ ਵੀ ਕਰਦੀ ਹੈ, ਜੋ ਕਾਂਗਰਸ ਕਰਨਾ ਭੁੱਲ ਗਈ ਹੈ ਅਤੇ ਜੋ ਆਮ ਆਦਮੀ ਪਾਰਟੀ ਨੇ ਇੱਕ ਵਾਰ ਪਹਿਲਾਂ ਕੀਤਾ ਸੀ।
ਜ਼ੋਹਰਾਨ ਦੀਆਂ ਕੁਝ ਟਿੱਪਣੀਆਂ ਸਪੱਸ਼ਟ ਤੌਰ ’ਤੇ ਤੱਥਾਂ ਆਧਾਰਿਤ ਘੱਟ ਪਰ ਸੁਣੀਆਂ-ਸੁਣਾਈਆਂ ਵੱਧ ਹਨ- ਅਤੇ ਹਾਂ, ਉਸ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ, ਭਾਵੇਂ ਉਹ ਹੁਣ 33 ਸਾਲਾਂ ਦਾ ਹੈ। ਮਿਸਾਲ ਵੱਜੋਂ ਉਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2002 ਦੇ ਗੁਜਰਾਤ ਦੰਗਿਆਂ ਵਿੱਚ ਐਨੇੇੇ ਮੁਸਲਮਾਨ ਮਾਰੇ ਗਏ ਸਨ ਕਿ ‘ਲੋਕ ਹੁਣ ਇਹ ਯਕੀਨ ਵੀ ਨਹੀਂ ਕਰਦੇ ਕਿ ਸਾਡੀ ਕੋਈ ਹੋਂਦ ਬਚੀ ਹੈ।’ (ਦਰਅਸਲ, ਗੁਜਰਾਤ ਵਿੱਚ 58 ਲੱਖ ਮੁਸਲਮਾਨ ਹਨ।) ਉਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਬੈਂਜਾਮਿਨ ਨੇਤਨਯਾਹੂ ਨਾਲ ਕੀਤੀ, ਜਿਨ੍ਹਾਂ ਨੂੰ ਉਸ ਨੇ ‘ਜੰਗੀ ਅਪਰਾਧੀ’ ਦੱਸਿਆ। (2022 ਵਿੱਚ, ਸੁਪਰੀਮ ਕੋਰਟ ਨੇ ਐੱਸਆਈਟੀ ਦੀ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਸੀ ਅਤੇ ਪ੍ਰਧਾਨ ਮੰਤਰੀ ਨੂੰ 2002 ਦੇ ਦੰਗਿਆਂ ਨਾਲ ਕਿਸੇ ਵੀ ਸਬੰਧ ਤੋਂ ਦੋਸ਼ਮੁਕਤ ਕਰ ਦਿੱਤਾ ਸੀ।)
ਮਿਜ਼ੋਰਮ ਵਰਗੇ ਰਾਜਾਂ ’ਚ ਖੂਨ-ਖਰਾਬੇ ਦੇ ਬਾਵਜੂਦ- ਭਾਰਤੀ ਹਵਾਈ ਸੈਨਾ ਨੇ 1966 ਵਿਚ ਭਾਰਤ ਤੋਂ ਵੱਖ ਹੋਣ ਲਈ ਲੜ ਰਹੇ ਮਿਜ਼ੋਆਂ ’ਤੇ ਹਮਲਾ ਕੀਤਾ- ਪਰ ਬਾਅਦ ਵਿੱਚ ਜੰਮੂ-ਕਸ਼ਮੀਰ, ਪੰਜਾਬ ਤੇ ਛੱਤੀਸਗੜ੍ਹ ’ਚ, ਭਾਰਤ ਸਰਕਾਰ ਨੇ ਆਪਣੇ ਹੀ ਲੋਕਾਂ ਵਿਰੁੱਧ ਵੱਡੇ ਪੱਧਰ ’ਤੇ ਜਨਤਕ ਹਿੰਸਾ ਕਰਨ ਤੋਂ ਗੁਰੇਜ਼ ਕੀਤਾ ਹੈ; ਛੱਤੀਸਗੜ੍ਹ ਵਿੱਚ ਵੀ ਕਾਂਗਰਸ ਸਰਕਾਰ ਨੇ 2005 ਵਿੱਚ ਖੱਬੇ-ਪੱਖੀ ਕੱਟੜਵਾਦ ਨੂੰ ਰੋਕਣ ਲਈ ਸ਼ੁਰੂ ਕੀਤੇ ‘ਸਲਵਾ ਜੂਡਮ’ ਚੌਕਸੀ ਮੁਹਿੰਮ ਨੂੰ ਇੱਕ ਬੁਰਾ ਵਿਚਾਰ ਮੰਨਦਿਆਂ ਛੱਡ ਦਿੱਤਾ ਸੀ। ਇਸ ਦਾ ਮੰਤਵ ‘ਕਬਾਇਲੀਆਂ ਵੱਲੋਂ ਕਬਾਇਲੀਆਂ ਨੂੰ ਖਤਮ ਕਰਨਾ’ ਸੀ। ਮਨੀਪੁਰ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਇੱਕ ਅਪਵਾਦ ਬਣਿਆ ਹੋਇਆ ਹੈ।
ਤੇ ਫਿਰ ਵੀ ਜ਼ੋਹਰਾਨ ਬਾਰੇ ਕੁਝ ਖਾਸ ਜ਼ਰੂਰ ਹੈ। 2023 ਵਿੱਚ, ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਵਜੋਂ, ਉਸ ਨੇ ਭਾਰਤੀ ਜੇਲ੍ਹ ਵਿੱਚ ਬੰਦ ਵਿਦਿਆਰਥੀ ਉਮਰ ਖਾਲਿਦ ਦੇ ‘ਤਿਹਾੜ ਜੇਲ੍ਹ ਅੰਦਰਲੇ ਸੰਨਾਟੇ’ ਸਬੰਧੀ ਨੋਟਸ ਪੜ੍ਹੇ- ਜਿੱਥੇ ਉਹ ਦਿੱਲੀ ਦੰਗਿਆਂ ਵਿੱਚ ਉਸ ਦੀ ਕਥਿਤ ਭੂਮਿਕਾ ਲਈ ਪਿਛਲੇ ਪੰਜ ਸਾਲਾਂ ਤੋਂ ਯੂਏਪੀਏ ਦੀਆਂ ਕਈ ਧਾਰਾਵਾਂ ਤਹਿਤ ਬੰਦ ਹੈ। ਅੱਜ ਖਾਲਿਦ ਨੂੰ ਕੈਦ ਕੀਤਿਆਂ 1749 ਦਿਨ ਹੋ ਗਏ ਹਨ, ਉਹ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਇਕੋ ਸੈੱਲ ਵਿੱਚ ਰਹਿ ਰਿਹਾ ਹੈ, ਪਰ ਅਜੇ ਤੱਕ ਇਸ ਨੌਜਵਾਨ ਵਿਰੁੱਧ ਦੋਸ਼ ਤੈਅ ਨਹੀਂ ਕੀਤੇ ਜਾ ਸਕੇ।
ਸ਼ਾਇਦ ਜ਼ੋਹਰਾਨ ਦੀ ਲਾਮਿਸਾਲ ਪ੍ਰਸਿੱਧੀ ਦਾ ਕੁਝ ਹਿੱਸਾ ਸਾਨੂੰ ਸਿਰਫ਼ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਕਿਸੇ ਵੇਲੇ ਅਸੀਂ ਕੀ ਸੀ- ਘੱਟ ਬੇਰਹਿਮ, ਵਧੇਰੇ ਬਹਾਦਰ ਅਤੇ ਆਪਣੇ ਸਮਾਜ ਨੂੰ ਵਧੇਰੇ ਸਮਾਨਤਾਵਾਦੀ ਬਣਾਉਣ ਲਈ ਦ੍ਰਿੜ। ਉਹ ਸਪੱਸ਼ਟ ਤੌਰ ’ਤੇ ਰੋਕਾਂ ਨੂੰ ਤੋੜਨਾ ਪਸੰਦ ਕਰਦਾ ਹੈ, ਜਿਵੇਂ ਕਿ ਰੌਬਰਟ ਫਰੌਸਟ ਨੇ ਇੱਕ ਵਾਰ ਇਹ ਸੋਚਦਿਆਂ-ਸੋਚਦਿਆਂ ਲਿਖਿਆ ਕਿ ਕੰਧਾਂ ਦੇ ਕੀ ਕੰਮ ਹਨ- ਇਹ ਕੀ ਬੰਦ ਕਰ ਰਹੀਆਂ ਸਨ, ਜਾਂ ਕੀ ਬਾਹਰ ਕੱਢ ਰਹੀਆਂ ਸਨ। ਉਹ ਖਿੜਕੀਆਂ ਖੋਲ੍ਹਣਾ ਅਤੇ ਹਵਾ ਦਾ ਆਰ-ਪਾਰ ਹੋਣਾ ਪਸੰਦ ਕਰਦਾ ਹੈ, ਜਿਵੇਂ ਕਿ ਗਾਂਧੀ ਨੇ ਇੱਕ ਵਾਰ ਕਿਹਾ ਸੀ ਕਿ ਖਿੜਕੀਆਂ ਦਾ ਇਹੀ ਕੰਮ ਹੈ।
ਸਾਲ 2020 ਵਿੱਚ ‘ਵੋਗ ਇੰਡੀਆ’ ਨਾਲ ਇੱਕ ਇੰਟਰਵਿਊ ਵਿੱਚ, ਨਿਊਯਾਰਕ ਅਸੈਂਬਲੀ ਦੇ ਮੈਂਬਰ ਬਣਨ ਤੋਂ ਤੁਰੰਤ ਬਾਅਦ, ਜ਼ੋਹਰਾਨ ਨੇ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਦੱਸੀ, ਜਦ ਉਸ ਨੂੰ ‘ਘੱਟ ਦੇਸੀ’ ਦਿਖਣ ਦੀ ਸਲਾਹ ਦਿੱਤੀ ਗਈ ਸੀ। ਇਸ ਦੀ ਬਜਾਏ, ਉਸ ਨੇ ਆਪਣੇ ਖੁਦ ਦੇ ਪਰਵਾਸੀ ਅਨੁਭਵ ਬਾਰੇ ਗੱਲ ਕੀਤੀ ਅਤੇ ਇਸ ਨੂੰ ‘ਰੋਟੀ ਐਂਡ ਰੋਜ਼ਿਜ਼’ ਕਿਹਾ। ਇੱਕ ਵੀਡੀਓ ਸੀ ਜਿਸ ਦਾ ਨਾਮ ‘ਨਾਨੀ’ ਸੀ, ਇੱਕ ‘ਵੋਕ ਗ੍ਰੈਨੀ’, ਜਿਸ ਵਿੱਚ ਸਟਾਰ ਮਧੁਰ ਜਾਫਰੀ ਸੀ। ਉਹ ਦੱਸਦਾ ਹੈ ਕਿ ਜਦੋਂ ਉਹ ਸ਼ਹਿਰ ਵਿੱਚ ਘੁੰਮਦਾ ਸੀ, ਤਾਂ ਮੀਸ਼ਾ ਸਫ਼ੀ, ਅਲੀ ਸੇਠੀ ਤੇ ਡਾ. ਜ਼ਿਊਸ ਨੂੰ ਸੁਣਦਾ ਸੀ।
ਸ਼ਾਇਦ ਇਹ ਗੱਲ ਕਿ ਉਹ ਥੋੜ੍ਹਾ ਜਿਹਾ ਏਦਾਂ ਦਾ ਤੇ ਥੋੜ੍ਹਾ ਜਿਹਾ ਓਦਾਂ ਦਾ ਹੋਣ ਵਿੱਚ ਬਿਲਕੁਲ ਸ਼ਰਮ ਮਹਿਸੂਸ ਨਹੀਂ ਕਰਦਾ ਤੇ ਇਹੀ ਗੱਲ ਜ਼ੋਹਰਾਨ ਨੂੰ ਮਨਮੋਹਕ ਬਣਾਉਂਦੀ ਹੈ। ਉਹ ਸਾਨੂੰ ਉਸ ਨਿਰੰਤਰ ਉਤਰਾਅ-ਚੜ੍ਹਾਅ ਦੀ ਯਾਦ ਦਿਵਾਉਂਦਾ ਹੈ ਜੋ ਭਾਰਤੀ ਉਪ-ਮਹਾਦੀਪ ’ਚ ਧਰਮ ਦੀ ਤਰ੍ਹਾਂ ਹੈ- ਅਹਮ ਬ੍ਰਹਮਾਸਮੀ, ਮੈਂ ਹੀ ਬ੍ਰਹਮ ਹਾਂ, ਇੱਕ ਅਜਿਹੇ ਫਲਸਫੇ ਦਾ ਵਿਚਾਰ ਜਿਸ ਵਿਚ ਲੜੀਵਾਰਤਾ ਨੂੰ ਰੱਦ ਕਰਨ, ਕਈ ਦੇਵਤਿਆਂ ਜਾਂ ਕਿਸੇ ਦੀ ਵੀ ਪੂਜਾ ਕਰਨ ਦੀ ਪ੍ਰਵਿਰਤੀ, ਵਿਰਾਸਤੀ ਜਾਤ, ਵਰਗ, ਲਿੰਗ ਦੁਆਰਾ ਪਰਿਭਾਸ਼ਿਤ ਹੋਣ ਤੋਂ ਇਨਕਾਰ ਕਰਨਾ ਸ਼ਾਮਲ ਹੈ।
ਜ਼ੋਹਰਾਨ ਦੇ ਪਿਤਾ ਨੇ ਇਸ ਹਫ਼ਤੇ ‘ਨਿਊਯਾਰਕ ਟਾਈਮਜ਼’ ਨੂੰ ਦੱਸਿਆ ਕਿ ਜਦੋਂ ਉਹ ਬਚਪਨ ਵਿੱਚ ਦੱਖਣੀ ਅਫਰੀਕਾ ਵਿੱਚ ਰਹਿੰਦੇ ਸਨ ਅਤੇ ਜ਼ੋਹਰਾਨ ਦੀ ਕਲਾਸ ਦੇ ਸਾਰੇ ਬੱਚਿਆਂ ਨੂੰ ਖ਼ੁਦ ਦੀ ਸ਼ਨਾਖਤ ਗੋਰੇ, ਕਾਲੇ ਜਾਂ ਹੋਰਨਾਂ ਰੰਗਾਂ ਦੇ ਬੱਚਿਆਂ ਵਜੋਂ ਕਰਨ ਲਈ ਕਿਹਾ ਗਿਆ ਸੀ, ਤਾਂ ਜ਼ੋਹਰਾਨ ਨੇ ਆਪਣੇ ਆਪ ਨੂੰ ‘ਸਰ੍ਹੋਂ’ ਰੰਗਾ ਦੱਸਿਆ। ਪੀਲਾ-ਖਿਚੜੀ ਵਿਚਲਾ ਹਲਦੀ ਦਾ ਰੰਗ।
ਸ਼ਾਇਦ ਇਹ ‘ਖਿਚੜੀ’ ਦਾ ਵਿਚਾਰ ਹੀ ਅਸਲ ਵਿੱਚ ਭਾਰਤ ਦਾ ਵਿਚਾਰ ਹੈ, ਇੱਕ ਅਲੱਗ ਕਿਸਮ ਦਾ ਰਾਸ਼ਟਰ, ਅਪਾਰ ਵੰਨ-ਸਵੰਨਤਾ। ਜ਼ੋਹਰਾਨ ਕੇ. ਸਾਨੂੰ ਯਾਦ ਦਿਵਾ ਰਿਹਾ ਹੈ ਕਿ ਸੰਭਾਵਨਾਵਾਂ ਬੇਅੰਤ ਹਨ।
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
Advertisement

Advertisement
Author Image

joginder kumar

View all posts

Advertisement