ਜ਼ਿੰਦਗੀ
ਕਹਾਣੀ
ਗੁਰਪ੍ਰੀਤ ਸਿੰਘ
ਇੱਕ ਦਸ ਸਾਲ ਦਾ ‘ਦੀਪ’ ਨਾਂ ਦਾ ਲੜਕਾ ਇੱਕ ਛੋਟੇ ਜਿਹੇ ਘਰ ਵਿੱਚ ਇਕੱਲਾ ਬੈਠਾ ਹੈ। ਉਸ ਦੇ ਪੁਰਾਣੇ ਕੱਪੜੇ ਅਤੇ ਉਸ ਦੀਆਂ ਅੱਖਾਂ ਮੁਸ਼ਕਿਲਾਂ ਨੂੰ ਦਰਸਾਉਂਦੀਆਂ ਹਨ। ਦੀਪ ਦਾ ਜਨਮ ਸੰਘਰਸ਼ ਭਰੇ ਹਾਲਾਤ ਵਿੱਚ ਹੋਇਆ ਸੀ, ਜਿੱਥੇ ਹਰ ਦਿਨ ਉਸ ਨੂੰ ਇੱਕ ਲੜਾਈ ਵਾਂਗ ਮਹਿਸੂਸ ਹੁੰਦਾ ਸੀ। ਉਸ ਦੇ ਪਿਤਾ ਦੀ ਮੌਤ ਬਹੁਤ ਛੋਟੀ ਉਮਰ ਵਿੱਚ ਹੋ ਗਈ ਸੀ। ਉਸ ਦੀ ਮਾਂ ਸਿਰਫ਼ ਦੋ ਵਕਤ ਦੀ ਰੋਟੀ ਲਈ ਸਵੇਰੇ ਸ਼ਾਮ ਕੰਮ ਕਰਨ ਲਈ ਉਸ ਨੂੰ ਘਰ ਛੱਡ ਕੇ ਚਲੀ ਜਾਂਦੀ ਸੀ। ਇੱਕ ਛੋਟੇ ਜਿਹੇ ਮੁੰਡੇ ਲਈ ਦੁਨੀਆ ਬਹੁਤ ਵੱਡੀ ਜਾਪਦੀ ਸੀ। ਇੱਕ ਦਿਨ ਦੀਪ ਅਪਣੇ ਘਰ ਦੇ ਬਾਹਰ ਖੜ੍ਹਾ ਹੁੰਦਾ ਹੈ ਤਾਂ ਉਸ ਦਾ ਗੁਆਂਢੀ ਬੱਚਾ ਆਪਣੀ ਕਾਰ ਖਿਡੌਣੇ ਨਾਲ ਖੇਡ ਰਿਹਾ ਹੁੰਦਾ ਹੈ। ਦੀਪ ਉਸ ਕੋਲ ਚਲਾ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਖਿਡੌਣੇ ਨਾਲ ਖੇਡਣ ਦੀ ਤਾਂਘ ਸਾਫ਼ ਦਿਖਾਈ ਦਿੰਦੀ ਹੈ। ਦੀਪ ਉਸ ਬੱਚੇ ਨੂੰ ਮੱਧਮ ਜਿਹੀ ਆਵਾਜ਼ ਵਿੱਚ ਕਹਿੰਦਾ ਹੈ।
“ਬਾਈ ਬਣ ਕੇ ਦਿਖਾਈਂ ਮੈਨੂੰ। ਕਿੰਨੀ ਸੋਹਣੀ ਆ ਤੇਰੀ ਕਾਰ।’’
ਉਹ ਬੱਚਾ ਉਸ ਨੂੰ ਗੁੱਸੇ ਨਾਲ ਦੇਖਦਾ ਹੈ ਅਤੇ ਦੂਜੇ ਪਾਸੇ ਘੁੰਮ ਜਾਂਦਾ ਹੈ। ਦੀਪ ਫਿਰ ਤੋਂ ਉਸ ਨੂੰ ਕਾਰ ਦਿਖਾਉਣ ਲਈ ਕਹਿੰਦਾ ਹੈ। ਜਦੋਂ ਬੱਚਾ ਫਿਰ ਤੋਂ ਘੁੰਮਦਾ ਹੈ ਤਾਂ ਕਾਰ ਹੇਠਾਂ ਡਿੱਗ ਜਾਂਦੀ ਹੈ ਅਤੇ ਟੁੱਟ ਜਾਂਦੀ ਹੈ। ਬੱਚਾ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ। ਬੱਚੇ ਦੇ ਮਾਤਾ-ਪਿਤਾ ਭੱਜ ਕੇ ਬਾਹਰ ਆਉਂਦੇ ਹਨ। ਉਹ ਬੱਚਾ ਆਪਣੀ ਕਾਰ ਤੋੜਨ ਦਾ ਇਲਜ਼ਾਮ ਦੀਪ ’ਤੇ ਲਗਾ ਦਿੰਦਾ ਹੈ। ਬੱਚੇ ਦੀ ਮਾਂ ਦੀਪ ਨੂੰ ਬਹੁਤ ਝਿੜਕਦੀ ਹੈ ਤੇ ਥੱਪੜ ਮਾਰਦੀ ਹੈ। ਦੀਪ ਇਸ ਸਾਰੀ ਘਟਨਾ ਨੂੰ ਆਪਣੇ ਮਨ ਵਿੱਚ ਦੱਬ ਲੈਂਦਾ ਹੈ। ਉਹ ਆਪਣੀ ਮਾਂ ਨੂੰ ਇਸ ਬਾਰੇ ਨਹੀਂ ਦੱਸਦਾ ਅਤੇ ਆਪਣੇ ਘਰ ਦੇ ਪਿੱਛੇ ਜਾ ਕੇ ਬਹੁਤ ਰੋਂਦਾ ਹੈ।
ਦੀਪ ਆਪਣੇ ਮਨ ਵਿੱਚ ਇੱਕ ਦ੍ਰਿੜ ਸੰਕਲਪ ਲੈਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਖਿਡੌਣਾ ਕਾਰ ਨਹੀਂ ਬਲਕੀ ਅਸਲੀ ਕਾਰ ਲਵੇਗਾ। ਉਹ ਸਕੂਲ ਨੂੰ ਤੁਰਦਾ ਹੈ ਤਾਂ ਉਸ ਦੇ ਹੱਥਾਂ ਵਿੱਚ ਬਸਤਾ ਹੈ, ਪਰ ਉਸ ਦੇ ਜੁੱਤੇ ਪਾਟੇ ਹੋਏ ਅਤੇ ਫਿੱਕੇ ਪੈ ਗਏ ਹਨ। ਉਹ ਦੂਜੇ ਬੱਚਿਆਂ ਦੇ ਬੂਟਾਂ ਵੱਲ ਤਰਸਦਾ ਹੋਇਆ ਦੇਖਦਾ ਹੈ। ਉਸ ਨੇ ਇੱਕ ਅਜਿਹੇ ਭਵਿੱਖ ਦਾ ਸੁਪਨਾ ਦੇਖਿਆ ਜਿੱਥੇ ਜ਼ਿੰਦਗੀ ਇੱਕ ਪਹਾੜ ਦੀ ਚੜ੍ਹਾਈ ਵਾਂਗ ਮਹਿਸੂਸ ਹੁੰਦੀ ਸੀ, ਪਰ ਕਦੇ ਕਦੇ ਸੁਪਨਿਆਂ ਵਿੱਚ ਉਹ ਉਸ ਭਵਿੱਖ ਦੀ ਸੈਰ ਵਿੱਚ ਚਲਾ ਜਾਂਦਾ ਸੀ ਜਿਸ ਬਾਰੇ ਉਹ ਅਕਸਰ ਸੋਚਦਾ ਰਹਿੰਦਾ ਸੀ।
ਉਹ ਹੁਣ 16 ਸਾਲ ਦਾ ਹੈ। ਸਕੂਲ ਦੀ ਕਲਾਸ ਵਿੱਚ ਉਹ ਆਪਣੀ ਕਿਤਾਬ ’ਤੇ ਧਿਆਨ ਕੇਂਦਰਿਤ ਕਰਦਾ ਹੈ, ਆਪਣੇ ਸਹਿਪਾਠੀਆਂ ਦੀਆਂ ਫੁਸਫਸਾਉਂਦੀਆਂ ਆਵਾਜ਼ਾਂ ਅਤੇ ਨਜ਼ਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਦੂਸਰਿਆਂ ਦੀ ਬੇਰਹਿਮੀ ਲਈ ਕੋਈ ਅਜਨਬੀ ਨਹੀਂ ਸੀ। ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਪੈਸਾ ਉੱਚੀ ਆਵਾਜ਼ ਵਿੱਚ ਬੋਲਦਾ ਸੀ। ਉਸ ਨੂੰ ਅਕਸਰ ਅਣਸੁਣਿਆ, ਅਣਜਾਣ ਛੱਡ ਦਿੱਤਾ ਜਾਂਦਾ ਸੀ, ਸਿਵਾਏ ਜਦੋਂ ਉਹ ਉਨ੍ਹਾਂ ਲੋਕਾਂ ਦਾ ਨਿਸ਼ਾਨਾ ਬਣ ਜਾਂਦਾ ਜਿਨ੍ਹਾਂ ਕੋਲ ਉਸ ਤੋਂ ਵੱਧ ਸੀ।
ਇੱਕ ਅਮੀਰ ਸਹਿਪਾਠੀ, ਵਰਿੰਦਰਜੀਤ, ਦੀਪ ’ਤੇ ਮੁਸਕਰਾਉਂਦਾ ਹੋਇਆ ਕਹਿੰਦਾ ਹੈ। ‘‘ਓਏ, ਦੀਪ! ਤੂੰ ਇਹ ਬੂਟ ਕਿੰਨੇ ਦੇ ਲੈ ਕੇ ਆਇਆ ਸੀ? ਜਾਂ ਕਿਸੇ ਦੇ ਕਬਾੜ ’ਚੋਂ ਚੱਕ ਲਿਆਇਆ?’’
ਕਲਾਸਰੂਮ ਹਾਸੇ ਨਾਲ ਗੂੰਜ ਉੱਠਿਆ। ਦੀਪ ਆਪਣੇ ਗੁੱਸੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ, ਆਪਣੀਆਂ ਮੁੱਠੀਆਂ ਨੂੰ ਬੰਦ ਕਰ ਲੈਂਦਾ ਹੈ। ਦੀਪ ਬਹੁਤ ਮਜ਼ਬੂਤ ਹੋ ਕੇ ਬੋਲਿਆ:
‘‘ਮੈਨੂੰ ਇਕੱਲਾ ਛੱਡ ਦਿਓ ਵਰਿੰਦਰਜੀਤ।’’
ਵਰਿੰਦਰਜੀਤ ਉੱਚੀ ਆਵਾਜ਼ ਵਿੱਚ ਬੋਲਿਆ, “ਕੀ ਗੱਲ ਹੈ, ਗਰੀਬ ਮੁੰਡੇ? ਤੂੰ ਡਰਦਾਂ ਏ ਕਿ ਜੇ ਤੂੰ ਮੇਰੇ ਨਾਲ ਲੜੇਂਗਾ ਤਾਂ ਤੇਰੇ ਹੱਥ ਗੰਦੇ ਹੋ ਜਾਣਗੇ?’’
ਵਰਿੰਦਰਜੀਤ ਦੀਪ ਦੀ ਕਿਤਾਬ ਨੂੰ ਚੁੱਕਦਾ ਹੋਇਆ ਦੀਪ ਵੱਲ ਗੁੱਸੇ ਨਾਲ ਦੇਖਦਾ ਹੈ। ਸਾਲਾਂ ਦੀ ਬੇਇੱਜ਼ਤੀ, ਸਾਲਾਂ ਤੋਂ ਨੀਵਾਂ ਦਿਖਾਇਆ ਜਾਣਾ, ਸਭ ਉਸ ਪਲ ਵਿੱਚ ਵਿਸਫੋਟਕ ਰੂਪ ਲੈ ਗਿਆ। ਦੀਪ ਹਿੰਸਕ ਸੁਭਾਅ ਦਾ ਲੜਕਾ ਨਹੀਂ ਸੀ, ਪਰ ਉਹ ਹੁਣ ਵਰਿੰਦਰ ਨੂੰ ਆਪਣੀ ਇੱਜ਼ਤ ਨੂੰ ਕੁਚਲਣ ਨਹੀਂ ਦੇਣਾ ਚਾਹੁੰਦਾ ਸੀ। ਉਸ ਨੇ ਵਰਿੰਦਰ ਦੀ ਛਾਤੀ ਵਿੱਚ ਮੁੱਕਾ ਮਾਰਿਆ। ਦੋਵੇਂ ਲੜਾਈ ਕਰਦੇ ਹੋਏ ਕੁਰਸੀਆਂ ’ਤੇ ਡਿੱਗ ਪਏ ਤਾਂ ਕਲਾਸ ਦੇ ਬੱਚੇ ਰੌਲਾ ਪਾਉਣ ਲੱਗੇ। ਇੱਕ ਅਧਿਆਪਕ ਲੜਾਈ ਨੂੰ ਹਟਾਉਣ ਲਈ ਦੌੜਦਾ ਹੋਇਆ ਆਇਆ। ਅਧਿਆਪਕ ਦੀਪ ਦੇ ਜ਼ੋਰ ਨਾਲ ਥੱਪੜ ਮਾਰ ਦਿੰਦਾ ਹੈ ਅਤੇ ਫੜ ਕੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਲੈ ਜਾਂਦਾ ਹੈ।
ਪ੍ਰਿੰਸੀਪਲ ਦਫ਼ਤਰ ਵਿੱਚ ਦੀਪ ਕੁਰਸੀ ’ਤੇ ਬੈਠਾ, ਫਰਸ਼ ਵੱਲ ਵੇਖ ਰਿਹਾ ਹੈ। ਉਸ ਦੀ ਮਾਂ, ਥੱਕੀ ਹੋਈ ਪਰ ਮਜ਼ਬੂਤ, ਉਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੇ ਸਾਹਮਣੇ ਵਰਿੰਦਰ ਦੇ ਮਾਤਾ-ਪਿਤਾ, ਅਮੀਰ ਅਤੇ ਪ੍ਰਭਾਵਸ਼ਾਲੀ ਦਿੱਖ ਵਾਲੇ ਹਨ।
ਪ੍ਰਿੰਸੀਪਲ ਸਰ ਦੀਪ ਨੂੰ ਕਹਿੰਦੇ ਹਨ। ‘‘ਦੀਪ, ਤੂੰ ਲੜਾਈ ਕਰਕੇ ਸਕੂਲ ਦਾ ਮਾਹੌਲ ਖ਼ਰਾਬ ਕੀਤਾ ਹੈ। ਸਕੂਲ ਦੀ ਕਮੇਟੀ ਵੱਲੋਂ ਇੱਕ ਸਖ਼ਤ ਨੀਤੀ ਬਣਾਈ ਹੋਈ ਹੈ ਅਤੇ ਮੇਰੇ ਕੋਲ ਤੈਨੂੰ ਸਕੂਲ ਵਿੱਚੋਂ ਕੱਢਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ।’’
ਦੀਪ ਦੀ ਮਾਂ ਮਿੰਨਤਾਂ ਕਰਦੀ ਹੋਈ ਕਹਿੰਦੀ ਹੈ, ‘‘ਸਰ ਕਿਰਪਾ ਕਰਕੇ ਅਜਿਹਾ ਨਾ ਕਰੋ। ਦੀਪ ਚੰਗਾ ਮੁੰਡਾ ਹੈ। ਉਹ ਸਿਰਫ਼ ਆਪਣਾ ਬਚਾਅ ਕਰ ਰਿਹਾ ਸੀ।’’
ਦੂਜੇ ਪਾਸੇ ਵਰਿੰਦਰ ਦੀ ਅਮੀਰ ਮਾਂ ਹੰਕਾਰ ਨਾਲ ਭਰੀ ਹੋਈ ਹੈ। ਉਹ ਕਹਿੰਦੀ ਹੈ, ‘‘ਅਸੀਂ ਆਪਣੇ ਇਕਲੌਤੇ ਬੇਟੇ ਨਾਲ ਕੀਤੀ ਲੜਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਬੇਟੇ ਨੂੰ ਸਕੂਲ ਵਿੱਚ ਸੁਰੱਖਿਅਤ ਰੱਖਣਾ ਸਕੂਲ ਦਾ ਫਰਜ਼ ਹੈ। ਇਸ ਮੁੰਡੇ ਦਾ ਵਿਹਾਰ ਸਾਡੇ ਬੱਚੇ ਲਈ ਖ਼ਤਰਾ ਹੈ।’’
ਉਂਝ ਤਾਂ ਪ੍ਰਿੰਸੀਪਲ ਦਾ ਵਤੀਰਾ ਦੀਪ ਅਤੇ ਸਾਰੇ ਬੱਚਿਆਂ ਨਾਲ ਬਹੁਤ ਪਿਆਰ ਵਾਲਾ ਹੈ, ਪਰ ਉਸ ਵੇਲੇ ਪ੍ਰਿੰਸੀਪਲ ਦੀ ਕੁਰਸੀ ’ਤੇ ਬੈਠਿਆਂ ਬਦਲ ਜਾਂਦਾ ਹੈ, ਸਪੱਸ਼ਟ ਤੌਰ ’ਤੇ ਅਮੀਰ ਮਾਪਿਆਂ ਦੁਆਰਾ ਦਬਾਅ ਪਾਇਆ ਜਾਂਦਾ ਹੈ।
ਪ੍ਰਿੰਸੀਪਲ ਝਿਜਕਦਾ ਹੋਇਆ ਕਹਿੰਦਾ ਹੈ, ‘‘ਮੈਨੂੰ ਅਫ਼ਸੋਸ ਹੈ, ਪਰ ਮੈਨੂੰ ਸਕੂਲ ਦੀ ਕਮੇਟੀ ਦੀ ਪਾਲਣਾ ਕਰਨੀ ਪਵੇਗੀ।’’
ਦੀਪ ਉੱਪਰ ਦੇਖਦਾ ਹੈ। ਉਸ ਦੀਆਂ ਅੱਖਾਂ ਨਿਰਾਸ਼ਾ ਅਤੇ ਬੇਵਸੀ ਨਾਲ ਭਰੀਆਂ ਹੋਈਆਂ ਹਨ। ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਉਸ ਦੇ ਕੀਤੇ ਕਾਰਨ ਨਹੀਂ, ਸਗੋਂ ਇਸ ਲਈ ਕਿ ਉਹ ਕੌਣ ਸੀ। ਗਰੀਬ ਘਰ ਦਾ ਮੁੰਡਾ ਜੋ ਇਸ ਹਨੇਰ ਭਰੀ ਦੁਨੀਆ ਵਿੱਚ ਆਪਣਾ ਭਵਿੱਖ ਤਲਾਸ਼ ਰਿਹਾ ਹੈ।
ਸਕੂਲ ਵਿੱਚ ਕੀਤੇ ਇੱਕ ਤਰਫ਼ਾ ਫ਼ੈਸਲੇ ਦੇ ਭਾਰ ਹੇਠ, ਦੀਪ ਅਜਿਹਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਚੱਕੀ ਵਿੱਚ ਪਿਸ ਰਿਹਾ ਹੋਵੇ। ਬੇਇੱਜ਼ਤ ਕੀਤਾ ਗਿਆ, ਅਤੇ ਇੱਕ ਪਾਸੇ ਸੁੱਟ ਦਿੱਤਾ। ਉਸ ਨੇ ਦੁਨੀਆ ਦੀ ਬੇਰਹਿਮ ਸੱਚਾਈ ਦੇਖੀ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਕਦੇ ਕਦੇ ਤੁਹਾਨੂੰ ਉਹ ਕੁਝ ਵੀ ਝੱਲਣਾ ਪੈਂਦਾ ਹੈ ਜਿਸ ਲਈ ਤੁਸੀਂ ਜ਼ਿੰਮੇਵਾਰ ਨਹੀਂ ਹੋ।
ਦੀਪ ਅਤੇ ਉਸ ਦੀ ਮਾਂ ਸਿਰ ਨੀਵਾਂ ਕਰਕੇ ਸਕੂਲ ਤੋਂ ਬਾਹਰ ਨਿਕਲਦੇ ਹਨ। ਅਸਮਾਨ ਸਲੇਟੀ ਹੈ ਜੋ ਦੀਪ ਦੇ ਮੋਢਿਆਂ ’ਤੇ ਲੱਦੇ ਬੇਵਸੀ ਦੇ ਭਾਰ ਨਾਲ ਮੇਲ ਖਾਂਦਾ ਹੈ। ਉਹ ਹੁਣ ਆਪਣੇ ਸਕੂਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਆਪਣੇ ਦੋਸਤਾਂ ਤੋਂ ਸਕੂਲ ਦਾ ਕੰਮ ਮੰਗਵਾ ਕੇ ਰਾਤ ਨੂੰ ਜਾਗ ਕੇ ਪੜ੍ਹਾਈ ਕਰਦਾ ਹੈ ਅਤੇ ਸਵੇਰੇ ਦੋ ਨੌਕਰੀਆਂ ਕਰਦਾ ਹੈ। ਉਹ ਥੱਕਿਆ ਹੋਇਆ ਦਿਖਾਈ ਦਿੰਦਾ ਹੈ, ਪਰ ਉਹ ਇਰਾਦਾ ਦ੍ਰਿੜ ਰੱਖਦਾ ਹੈ। ਭਾਵੇਂ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ, ਪਰ ਇਸ ਨੇ ਉਸ ਦੇ ਭਵਿੱਖ ਨੂੰ ਚਮਕਣ ਤੋਂ ਰੋਕਿਆ ਨਹੀਂ ਸਗੋਂ ਜੋ ਕੁਝ ਵੀ ਹੋਇਆ, ਉਸ ਦੇ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ। ਉਸ ਨੇ ਇੱਕ ਹੋਰ ਸਕੂਲ ਲੱਭਿਆ, ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਮਿਹਨਤ ਕੀਤੀ, ਇਹ ਸਾਬਤ ਕਰਨ ਲਈ ਦ੍ਰਿੜ ਇਰਾਦਾ ਕੀਤਾ ਕਿ ਹੁਣ ਪੈਸਾ ਜਾਂ ਤਾਕਤ ਉਸ ਦੀ ਕਾਮਯਾਬੀ ਨੂੰ ਉਸ ਤੋਂ ਦੂਰ ਨਹੀਂ ਕਰ ਸਕਦੇ।
ਦੀਪ ਮਨ ਹੀ ਮਨ ਕਹਿੰਦਾ ਹੈ, ‘ਮੈਂ ਇੱਕ ਟਾਈਮ ਦੀ ਰੋਟੀ ਖਾ ਕੇ ਦੇਰ ਤੱਕ ਕੰਮ ਕਰਾਂਗਾ, ਫਿਰ ਦੇਰ ਰਾਤ ਤੱਕ ਪੜ੍ਹਾਈ ਕਰਾਂਗਾ, ਕਦੇ ਥਕਾਵਟ ਨਹੀਂ ਮੰਨਾਗਾ।”
ਇਸ ਤਰ੍ਹਾਂ ਦੀਪ ਅੱਗੇ ਪੜ੍ਹਦਾ ਗਿਆ ਅਤੇ ਕਾਲਜ ਵਿੱਚ ਚਲਾ ਗਿਆ। ਕਿਸੇ ਵੀ ਕੰਮ ਨੂੰ ਕਰਨ ਵਿੱਚ ਆਉਣ ਵਾਲੀ ਮੁਸ਼ਕਿਲ ਦੌਰਾਨ ਉਹ ਇਸ ਸੱਚ ਨੂੰ ਫੜੀ ਰੱਖਦਾ ਸੀ ਕਿ ਜੇ ਉਹ ਇਸ ਕੰਮ ਨੂੰ ਪੂਰਾ ਕਰ ਸਕਦਾ ਹੈ ਤਾਂ ਉਹ ਕਿਸੇ ਵੀ ਕੰਮ ਨੂੰ ਕਰ ਸਕਦਾ ਹੈ। ਉਸ ਦਾ ਦ੍ਰਿੜ ਇਰਾਦਾ ਉਸ ਦੀ ਤਾਕਤ ਬਣ ਗਿਆ ਅਤੇ ਇਹ ਤਾਕਤ ਉਸ ਦਾ ਮਾਰਗ ਬਣ ਗਈ।
ਕਾਲਜ ਦੀ ਲਾਇਬ੍ਰੇਰੀ ਵਿੱਚ ਨਵਰੋਜ਼ ਨਾਂ ਦੀ ਮੁਟਿਆਰ ਉਸ ਦੀ ਦੋਸਤ ਬਣੀ। ਨਵਰੋਜ਼ ਦੇ ਮਿਲਣ ਕਰਕੇ ਪਹਿਲੀ ਵਾਰ ਜ਼ਿੰਦਗੀ ਉਸ ’ਤੇ ਮਿਹਰਬਾਨ ਜਾਪ ਰਹੀ ਸੀ। ਨਵਰੋਜ਼ ਦਿਆਲੂ, ਸਮਝਦਾਰ ਅਤੇ ਉਹ ਸਭ ਗੁਣਾਂ ਨਾਲ ਭਰੀ ਹੋਈ ਸੀ ਜਿਸ ਬਾਰੇ ਦੀਪ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਇਹੋ ਜਿਹੀ ਕੁੜੀ ਮਿਲੇਗੀ। ਦੀਪ ਅਤੇ ਨਵਰੋਜ਼ ਦਾ ਰਿਸ਼ਤਾ ਗਹਿਰਾ ਹੁੰਦਾ ਗਿਆ। ਨਵਰੋਜ਼ ਉਸ ਦੀ ਬਹੁਤ ਮਦਦ ਕਰਦੀ ਸੀ। ਉਹ ਦੇਰ ਰਾਤ ਤੱਕ ਪੜ੍ਹਾਈ ਵਿੱਚ ਲੱਗਾ ਰਹਿੰਦਾ ਅਤੇ ਥਕਾਵਟ ਦੇ ਬਾਵਜੂਦ ਹੱਸਦੇ ਹੋਏ ਸਾਰੇ ਦੋਸਤਾਂ ਨੂੰ ਮਿਲਦਾ। ਇਸ ਤਰ੍ਹਾਂ ਪੂਰੀ ਮਿਹਨਤ ਨਾਲ ਦੀਪ ਗ੍ਰੈਜੂਏਸ਼ਨ ਪੂਰੀ ਕਰ ਗਿਆ।
ਦੀਪ ਗ੍ਰੈਜੂਏਟ ਹੋਵੇਗਾ, ਟੋਪੀ ਅਤੇ ਗਾਊਨ ਪਹਿਨੇਗਾ। ਇਹ ਸਭ ਸੋਚ ਕੇ ਨਵਰੋਜ਼ ਭੀੜ ਵਿੱਚ ਉਸ ਲਈ ਖ਼ੁਸ਼ ਹੋ ਰਹੀ ਹੈ। ਦੀਪ ਅੱਜ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਉਹ ਪ੍ਰਾਪਤ ਕਰੇਗਾ ਜੋ ਇੱਕ ਵਾਰ ਅਸੰਭਵ ਜਾਪਦਾ ਸੀ। ਉਸ ਨੇ ਆਪਣੇ ਹੱਥਾਂ ਨਾਲ ਆਪਣਾ ਭਵਿੱਖ ਬਣਾਇਆ ਸੀ ਜਿਸ ਦੇ ਉਹ ਸੁਪਨੇ ਲੈਂਦਾ ਸੀ। ਕੁਝ ਸਮੇਂ ਬਾਅਦ ਦੀਪ ਨੂੰ ਇੱਕ ਨੌਕਰੀ ਮਿਲ ਗਈ। ਆਪਣੀ ਪਹਿਲੀ ਦਫ਼ਤਰੀ ਨੌਕਰੀ ਵਿੱਚ ਲਗਨ ਨਾਲ ਕੰਮ ਕਰਨਾ, ਆਪਣੇ ਕਰੀਅਰ ਵਿੱਚ ਅੱਗੇ ਵਧਣਾ ਅਤੇ ਆਪਣੀ ਮਿਹਨਤ ਨੂੰ ਸਾਬਤ ਕਰਨਾ ਦੀਪ ਦਾ ਨਿਸ਼ਾਨਾ ਬਣ ਗਿਆ ਸੀ।
ਕਈ ਸਾਲ ਬੀਤ ਗਏ। ਜ਼ਿੰਦਗੀ ਵਿੱਚ ਸੰਘਰਸ਼ ਕਰਨ ਵਾਲਾ ਲੜਕਾ ਤਾਕਤ ਵਾਲਾ, ਉਦੇਸ਼ ਵਾਲਾ ਅਮੀਰ ਆਦਮੀ ਬਣ ਗਿਆ। ਹੁਣ 30ਵੇਂ ਦਹਾਕੇ ਵਿੱਚ ਨਵਰੋਜ਼ ਉਸ ਦੇ ਨਾਲ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਉਹ ਇੱਕ ਨਿੱਘੇ ਅਤੇ ਖੁਸ਼ਹਾਲ ਘਰ ਵਿੱਚ ਇਕੱਠੇ ਬੈਠੇ ਹਨ। ਇਕੱਠੇ ਮਿਲ ਕੇ ਉਨ੍ਹਾਂ ਨੇ ਪਿਆਰ ਅਤੇ ਸਥਿਰਤਾ ਦਾ ਜੀਵਨ ਬਣਾਇਆ, ਇੱਕ ਅਜਿਹੀ ਜ਼ਿੰਦਗੀ ਜੋ ਕਦੇ ਵੀ ਉਸ ਛੋਟੇ ਲੜਕੇ ਨੂੰ ਮਿਲਣ ਦੀ ਆਸ ਨਹੀਂ ਸੀ, ਪਰ ਹਮੇਸ਼ਾਂ ਉਸ ਬਾਰੇ ਸੁਪਨੇ ਵਿੱਚ ਸੋਚਿਆ ਸੀ।
ਦੀਪ ਜਦੋਂ ਵਿਹੜੇ ਵਿੱਚ ਆਪਣੇ ਬੱਚਿਆਂ ਨਾਲ ਖੇਡਦਾ, ਹੱਸਦਾ ਹੈ ਤਾਂ ਨਵਰੋਜ਼ ਉਸ ਵੱਲ ਮੁਸਕਰਾ ਕੇ ਦੇਖਦੀ ਹੈ। ਉਹ ਹੁਣ ਸੰਘਰਸ਼ ਕਰਨ ਵਾਲਾ ਲੜਕਾ ਨਹੀਂ ਰਿਹਾ ਸਗੋਂ ਇੱਕ ਪਤੀ, ਪਿਤਾ ਅਤੇ ਇੱਕ ਅਜਿਹਾ ਆਦਮੀ ਸੀ ਜਿਸ ਨੇ ਸਖ਼ਤ ਮਿਹਨਤ ਨਾਲ ਹਰ ਖ਼ੁਸ਼ੀ ਪ੍ਰਾਪਤ ਕੀਤੀ। ਉਸ ਦੇ ਅਤੀਤ ਨੇ ਉਸ ਨੂੰ ਪਰਿਭਾਸ਼ਿਤ ਨਹੀਂ ਕੀਤਾ, ਪਰ ਇਸ ਨੇ ਉਸ ਆਦਮੀ ਨੂੰ ਆਕਾਰ ਦਿੱਤਾ ਜੋ ਉਹ ਬਣਨਾ ਚਾਹੁੰਦਾ ਸੀ।
ਇੱਕ ਦਿਨ ਦੀਪ ਉੱਗਦੇ ਸੂਰਜ ਨੂੰ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ, ‘ਕਦੇ-ਕਦੇ ਸਫ਼ਰ ਔਖਾ ਹੁੰਦਾ ਹੈ, ਰਾਹ ਅਨਿਸ਼ਚਿਤ ਹੁੰਦਾ ਹੈ, ਪਰ ਦ੍ਰਿੜ੍ਹ ਇਰਾਦੇ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰਦੇ ਹਨ ਜੋ ਉਹ ਕਰਨਾ ਚਾਹੁੰਦੇ ਹਨ। ਉਹ ਮੁਸਕਰਾਉਂਦਾ ਹੈ, ਇਹ ਜਾਣਦੇ ਹੋਏ ਕਿ ਹੁਣ ਜੋ ਜ਼ਿੰਦਗੀ ਉਸ ਕੋਲ ਹੈ, ਉਹ ਸਭ ਕੁਝ ਉਸ ਨੇ ਹਾਲਾਤ ਨਾਲ ਲੜਕੇ ਪ੍ਰਾਪਤ ਕੀਤਾ ਹੈ।’
ਫਿਰ ਉਹ ਆਪਣੇ ਵੱਡੇ ਬੇਟੇ ਨੂੰ ਸਕੂਲ ਛੱਡਣ ਲਈ ਕਾਰ ’ਤੇ ਚਲਾ ਜਾਂਦਾ ਹੈ। ਜਿਸ ਰਾਹ ਤੋਂ ਦੀਪ ਹਰ ਰੋਜ਼ ਗੁਜ਼ਰਦਾ ਹੈ। ਇੱਕ ਰਿਕਸ਼ੇ ਵਾਲੇ ਨੂੰ ਦੇਖਦਾ ਹੈ ਜੋ ਬੱਚਿਆਂ ਨੂੰ ਸਕੂਲ ਛੱਡਣ ਦਾ ਕੰਮ ਕਰਦਾ ਹੈ। ਉਹ ਰਿਕਸ਼ੇ ਵਾਲਾ ਅਕਸਰ ਆਪਣੇ-ਆਪ ਨਾਲ ਬੋਲਦਾ ਜਾਂਦਾ ਹੈ। ਦੀਪ ਉਸ ਨੂੰ ਦੇਖ ਕੇ ਹੈਰਾਨ ਹੁੰਦਾ ਹੈ।
‘ਇਸ ਨੂੰ ਕੋਈ ਬਿਮਾਰੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਜਿਹੜਾ ਇਹ ਇਸ ਤਰ੍ਹਾਂ ਬੋਲਦਾ ਜਾਂਦਾ ਹੈ।’
ਸ਼ਹਿਰ ਦੀਆਂ ਭੀੜ ਭਰੀਆਂ ਗਲੀਆਂ ਵਿੱਚ ਇੱਕ ਪੁਰਾਣਾ ਰਿਕਸ਼ਾ ਹੌਲੀ-ਹੌਲੀ ਚੱਲ ਰਿਹਾ ਸੀ। ਰਿਕਸ਼ਾ ਚਲਾਉਣ ਵਾਲਾ ਆਦਮੀ, ਜਿਸ ਦੇ ਹੱਥ ਖੁਰਦਰੇ ਸਨ, ਅੱਖਾਂ ਚਿੰਤਾ ਨਾਲ ਭਰੀਆਂ ਹੋਈਆਂ ਸਨ, ਪਰ ਫਿਰ ਵੀ ਦ੍ਰਿੜਤਾ ਨਾਲ ਭਰੀਆਂ ਹੋਈਆਂ ਸਨ। ਉਹ ਸਕੂਲ ਦੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਹੈ ਤਾਂ ਅਚਾਨਕ ਉਸ ਦੇ ਰਿਕਸ਼ੇ ਦਾ ਅੱਗੇ ਵਾਲਾ ਟਾਇਰ ਟੋਏ ਵਿੱਚ ਵੱਜਦਾ ਹੈ। ਰਿਕਸ਼ੇ ਦਾ ਅੱਗੇ ਵਾਲਾ ਚੱਕਾ ਟੁੱਟ ਜਾਂਦਾ ਹੈ, ਉਸੇ ਵੇਲੇ ਦੀਪ ਉੱਥੋਂ ਆਪਣੇ ਬੇਟੇ ਨੂੰ ਛੱਡਣ ਲਈ ਲੰਘਦਾ-ਲੰਘਦਾ ਉਸ ਨੂੰ ਦੇਖ ਕੇ ਰੁਕ ਜਾਂਦਾ ਹੈ। ਦੀਪ ਅਤੇ ਰਿਕਸ਼ੇ ਵਾਲੇ ਦਾ ਰਾਹ ਅਤੇ ਇੱਕੋ ਸਕੂਲ ਵਿੱਚ ਜਾਣ ਕਰਕੇ ਉਹ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ-ਪਹਿਚਾਣਦੇ ਹਨ। ਜਿਸ ਕਰਕੇ ਦੀਪ ਉਸ ਨੂੰ ਕਹਿੰਦਾ ਹੈ,
“ਬਾਈ ਇੰਜ ਕਰ ਤੇਰੇ ਨਾਲ ਜਿਹੜੇ ਬੱਚੇ ਜਾਂਦੇ ਆ, ਇਨ੍ਹਾਂ ਨੂੰ ਮੇਰੇ ਨਾਲ ਕਾਰ ਵਿੱਚ ਬੈਠਾ ਦੇ, ਮੈਂ ਸਕੂਲ ਹੀ ਜਾ ਰਿਹਾਂ, ਉਨ੍ਹਾਂ ਨੂੰ ਵੀ ਛੱਡ ਦੇਵਾਂਗਾ।’’
ਰਿਕਸ਼ੇ ਵਾਲਾ ਚਿੰਤਾ ਭਰੀ ਆਵਾਜ਼ ਵਿੱਚ ਝਿਜਕਦਾ ਹੋਇਆ ਬੋਲਦਾ ਹੈ, “ਹੈਂ ਵੀਰ! ਕੋਈ ਗੱਲ ਨ੍ਹੀਂ ਮੈਂ ਕਿਸੇ ਹੋਰ ਰਿਕਸ਼ੇ ’ਤੇ ਭੇਜ ਦਿੰਨਾਂ।’’
ਦੀਪ ਫਿਰ ਥੋੜ੍ਹਾ ਜ਼ੋਰ ਪਾ ਕੇ ਕਹਿੰਦਾ ਹੈ, “ਕੋਈ ਗੱਲ ਨ੍ਹੀਂ ਅੰਕਲ ਜੀ ਮੇਰਾ ਬੇਟਾ ਵੀ ਉਸ ਸਕੂਲ ਵਿੱਚ ਹੀ ਪੜ੍ਹਦਾ ਹੈ, ਇਹ ਬੱਚੇ ਵੀ ਮੇਰੇ ਬੇਟੇ ਨੂੰ ਜਾਣਦੇ ਹਨ।’’
ਆਸੇ-ਪਾਸੇ ਖੜ੍ਹੇ ਹੋਏ ਲੋਕ ਵੀ ਉਸ ਨੂੰ ਕਹਿ ਦਿੰਦੇ ਹਨ। ਫਿਰ ਉਸੇ ਤਰ੍ਹਾਂ ਮੂੰਹ ਵਿੱਚ ਬੋਲਦਾ ਹੋਇਆ ਉਹ ਬੱਚਿਆਂ ਨੂੰ ਦੀਪ ਦੀ ਕਾਰ ਵਿੱਚ ਬੈਠਾ ਦਿੰਦਾ ਹੈ, ਆਪਣੇ ਰਿਕਸ਼ੇ ਦੀ ਫ਼ਿਕਰ ਛੱਡ ਕੇ ਦੀਪ ਦੀ ਕਾਰ ਨੂੰ ਦੂਰ ਤੱਕ ਦੇਖਦਾ ਹੈ। ਫਿਰ ਉਹ ਨਾਲ ਦੀ ਹੀ ਇੱਕ ਸਾਈਕਲ ਠੀਕ ਕਰਨ ਵਾਲੀ ਦੁਕਾਨ ’ਤੇ ਰਿਕਸ਼ਾ ਲੈ ਜਾਂਦਾ ਹੈ ।
ਦੀਪ ਬੱਚਿਆਂ ਨੂੰ ਸਕੂਲ ਤੋਂ ਛੱਡ ਕੇ ਵਾਪਸ ਆਉਂਦਾ ਹੋਇਆ ਉੱਥੇ ਆ ਕੇ ਰੁਕ ਗਿਆ, “ਹਾਂ ਫਿਰ ਅੰਕਲ ਹੋ ਗਿਆ ਰਿਕਸ਼ਾ ਠੀਕ। ਅੱਜ ਤਾਂ ਸੱਟ ਵੱਜ ਜਾਣੀ ਸੀ, ਤੇਰੇ ਨਾਲੇ ਜਵਾਕਾਂ ਦੇ।’’
ਰਿਕਸ਼ੇ ਵਾਲਾ ਆਪਣਾ ਮੂੰਹ ਪਰਨੇ ਨਾਲ ਪੂੰਝ ਕੇ ਠੰਢਾ ਹਉਕਾ ਭਰਦਾ ਹੋਇਆ ਬੋਲਦਾ ਹੈ, “ਹਾਂ ਵੀਰ, ਅੱਜ ਤਾਂ ਰੱਬ ਨੇ ਰੱਖ ਲਏ। ਤੇਰਾ ਵੀ ਧੰਨਵਾਦ ਭਰਾਵਾ ਬੱਚਿਆਂ ਦੇ ਸਕੂਲ ਦਾ ਫ਼ਿਕਰ ਮੁਕਾ ਦਿੱਤਾ।’’
“ਕੋਈ ਗੱਲ ਨ੍ਹੀਂ ਅੰਕਲ, ਅਜੇ ਰਿਕਸ਼ੇ ਨੂੰ ਠੀਕ ਹੋਣ ਵਿੱਚ ਟਾਈਮ ਲੱਗਣਾ, ਆਜਾ ਚਾਹ ਪੀ ਲੈਂਨੇ ਆਂ।’’
ਦੀਪ ਚਾਹ ਵਾਲੀ ਦੁਕਾਨ ਤੋਂ ਦੋ ਕੱਪ ਚਾਹ ਮੰਗਵਾ ਲੈਂਦਾ ਹੈ ਅਤੇ ਰਿਕਸ਼ੇ ਵਾਲੇ ਨੂੰ ਆਪਣੇ ਕੋਲ ਬੈਠਣ ਲਈ ਕਹਿੰਦਾ ਹੈ। ਰਿਕਸ਼ੇ ਵਾਲਾ ਦੀਪ ਦੇ ਨਾਲ ਬੈਠਣ ਦੀ ਬਜਾਏ ਹੇਠਾਂ ਬੈਠ ਜਾਂਦਾ ਹੈ ਕਿਉਂਕਿ ਦੀਪ ਅੱਜ ਇੱਕ ਸਫਲ ਬਿਜਨਸਮੈਨ ਹੈ। ਰਿਕਸ਼ੇ ਵਾਲੇ ਨੂੰ ਉਸ ਨਾਲ ਬੈਠਣ ਵਿੱਚ ਡਰ ਲੱਗਦਾ ਹੈ, ਪਰ ਦੀਪ ਉਸ ਨੂੰ ਨਾਲ ਹੀ ਬੈਠਾ ਲੈਂਦਾ ਹੈ ਅਤੇ ਕਹਿੰਦਾ ਹੈ;
“ਕੋਈ ਗੱਲ ਨ੍ਹੀਂ ਅੰਕਲ ਮੇਰੇ ਨਾਲ ਬੈਠ। ਮੈਂ ਵੀ ਤੇਰੇ ਵਾਂਗ ਬਹੁਤ ਗ਼ਰੀਬੀ ਦੇਖੀ ਹੈ।’’
ਚਾਹ ਵਾਲਾ ਚਾਹ ਫੜਾ ਜਾਂਦਾ ਹੈ, ਚਾਹ ਹੱਥਾਂ ਵਿੱਚ ਫੜ ਕੇ ਦੀਪ ਰਿਕਸ਼ੇ ਵਾਲੇ ਨੂੰ ਉਸ ਬਾਰੇ ਪੁੱਛਦਾ ਹੈ ਕਿ ਉਹ ਜਦੋਂ ਵੀ ਆਉਂਦਾ- ਜਾਂਦਾ ਹੈ, ਆਪਣੇ ਆਪ ਨਾਲ ਕੀ ਬੋਲਦਾ ਰਹਿੰਦਾ ਹੈ? ਰਿਕਸ਼ੇ ਵਾਲਾ ਹਲਕਾ ਜਿਹਾ ਹੱਸਦਾ ਹੋਇਆ ਕਹਿੰਦਾ ਹੈ ‘‘ਕੁਛ ਨਹੀਂ ਵੀਰ, ਐਵੇਂ ਹੀ ਬੋਲਦਾ ਰਹਿੰਦਾ ਹਾਂ।” ਦੀਪ ਦੁਬਾਰਾ ਫਿਰ ਥੋੜ੍ਹਾ ਜ਼ੋਰ ਪਾ ਕੇ ਪੁੱਛਦਾ ਹੈ। ਰਿਕਸ਼ੇ ਵਾਲਾ ਚੁੱਪ ਹੋ ਜਾਂਦਾ ਅਤੇ ਅੱਖਾਂ ਵਿੱਚ ਹੰਝੂ ਭਰ ਲੈਂਦਾ ਹੈ ਕਿ ਅੱਜ ਤੱਕ ਕਿਸੇ ਨੇ ਉਸ ਨੂੰ ਪੁੱਛਿਆ ਹੀ ਨਹੀਂ, ਦੀਪ ਪਹਿਲਾ ਇਨਸਾਨ ਹੈ ਜਿਸ ਨੇ ਉਸ ਨੂੰ ਉਸ ਦੇ ਹਾਲਾਤ ਬਾਰੇ ਪੁੱਛਿਆ ਅਤੇ ਰਿਕਸ਼ੇ ਵਾਲਾ ਆਪਣੀ ਗੱਲ ਸ਼ੁਰੂ ਕਰਦਾ ਹੈ।
ਉਹ ਦੱਸਦਾ ਹੈ, ‘‘ਮੈਂ ਅਕਸਰ ਆਪਣੇ ਪਿਤਾ ਦੇ ਨਾਲ ਬਾਜ਼ਾਰ ਜਾਂਦਾ ਸੀ, ਉਨ੍ਹਾਂ ਦਾ ਛੋਟਾ ਜਿਹਾ ਸਬਜ਼ੀ ਦਾ ਠੇਲ੍ਹਾ ਸੀ। ਉਹ ਸਬਜ਼ੀ ਸਪਲਾਈ ਕਰਨ ਵਿੱਚ ਆਪਣੇ ਪਿਤਾ ਦੀ ਮਦਦ ਕਰਦਾ ਸੀ। ਇੱਕ ਸ਼ਾਮ, ਜਦੋਂ ਉਹ ਬਾਜ਼ਾਰ ਤੋਂ ਵਾਪਸ ਆ ਰਹੇ ਸਨ ਤਾਂ ਅਚਾਨਕ ਮੀਂਹ ਪੈਣ ਲੱਗਾ। ਉਸ ਨੇ ਆਪਣੇ ਸਾਮਾਨ ਨੂੰ ਢਕਣ ਲਈ ਕਾਹਲੀ ਕੀਤੀ, ਪਰ ਜਿਵੇਂ ਹੀ ਉਨ੍ਹਾਂ ਨੇ ਕਾਹਲੀ ਕੀਤਾ, ਸਬਜ਼ੀਆਂ ਵਾਲਾ ਠੇਲ੍ਹਾ ਉਸ ਦੇ ਹੱਥੋਂ ਖਿਸਕ ਗਿਆ ਅਤੇ ਉਲਟ ਗਿਆ। ਉਸ ਦੇ ਪਿਤਾ, ਜੋ ਕਦੇ-ਕਦਾਈਂ ਹੀ ਉੱਚੀ ਬੋਲਦੇ ਸਨ, ਉਸ ਨੇ ਚਿੱਕੜ ਵਾਲੀ ਗਲੀ ਵਿੱਚ ਖਿੱਲਰੀ ਹੋਈ ਆਪਣੀ ਮਿਹਨਤ ਦੀ ਕਮਾਈ ਨੂੰ ਵੇਖ ਕੇ ਡੂੰਘਾ ਸਾਹ ਲਿਆ। ਉਸ ਨੂੰ ਝਿੜਕਣ ਦੀ ਬਜਾਏ, ਉਸ ਦੇ ਪਿਤਾ ਨੇ ਝੁਕ ਕੇ ਧੀਰਜ ਨਾਲ ਸਬਜ਼ੀਆਂ ਇਕੱਠੀਆਂ ਕੀਤੀਆਂ। ਉਸ ਨੂੰ ਸਿਖਾਇਆ ਕਿ ਕਦੇ-ਕਦਾਈਂ ਮੁਸ਼ਕਿਲ ਵਿੱਚ ਸਥਿਰਤਾ ਕਿਸੇ ਨਿਰਾਸ਼ਾ ਨਾਲੋਂ ਵੱਧ ਮਾਅਨੇ ਰੱਖਦੀ ਹੈ। ਉਸ ਸ਼ਾਮ, ਉਸ ਨੂੰ ਮੁਸ਼ਕਿਲਾਂ ਦੇ ਸਾਹਮਣੇ ਖੜ੍ਹੇ ਆਪਣੇ ਪਿਤਾ ਦੀ ਸ਼ਾਂਤ ਅਵਸਥਾ ਦੀ ਯਾਦ ਆਈ। ਅੱਜ ਵੀ ਉਨ੍ਹਾਂ ਬੋਲਾਂ ਦੇ ਹੌਸਲੇ ਨਾਲ ਉਹ ਔਖੇ ਸਮੇਂ ਨੂੰ ਬਾਖੂਬੀ ਹੰਢਾਅ ਰਿਹਾ ਹੈ।
‘‘ਉਸ ਦਾ ਸੁਪਨਾ ਸੀ ਕਿ ਉਹ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੇ ਸੀਮਤ ਸਾਧਨਾਂ ਤੋਂ ਪਰੇ ਕੁਝ ਹੋਰ ਬਣ ਸਕਦਾ ਸੀ, ਪਰ ਉਸ ਦੇ ਪਿਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਛੇਤੀ ਹੀ ਕੋਈ ਵਪਾਰ ਸਿੱਖ ਲਵੇ ਜਾਂ ਰਿਕਸ਼ਾ ਚਲਾ ਲਵੇ ਤਾਂਕਿ ਉਨ੍ਹਾਂ ਦੇ ਵਿੱਤੀ ਹਾਲਾਤ ਨੂੰ ਬਦਲਿਆ ਜਾ ਸਕੇ। ਨਿਰਾਸ਼ ਹੋ ਕੇ, ਉਸ ਨੇ ਆਪਣੇ ਪਿਤਾ ਨਾਲ ਬਹਿਸ ਕੀਤੀ, ਉਸ ਨੂੰ ਥੋੜ੍ਹਾ ਹੋਰ ਪੜ੍ਹਨ ਦੇਣ ਅਤੇ ਕੋਈ ਹੋਰ ਸੁਪਨਾ ਵੇਖਣ ਲਈ ਬੇਨਤੀ ਕੀਤੀ। ਉਸ ਦੇ ਪਿਤਾ ਨੇ ਭਾਵੇਂ ਹਮਦਰਦੀ ਨਾਲ, ਪਰ ਘਰ ਦੀ ਸਥਿਤੀ ਦੀ ਕਠੋਰ ਹਕੀਕਤ ਨੂੰ ਸਮਝਾਇਆ। ਉਸ ਦੇ ਸੁਪਨੇ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋਣ। ਆਖ਼ਿਰਕਾਰ, ਉਸ ਨੇ ਇਸ ਸੱਚਾਈ ਨੂੰ ਸਵੀਕਾਰ ਕਰ ਲਿਆ, ਪਰ ਉਸ ਦੇ ਮਨ ਦੇ ਇੱਕ ਛੋਟੇ ਜਿਹੇ ਹਿੱਸੇ ਨੇ ਕਦੇ ਵੀ ਉਸ ਨੂੰ ਉਮੀਦ ਨਾ ਛੱਡਣ ਦਿੱਤੀ।
‘‘ਆਖ਼ਿਰਕਾਰ ਜਦੋਂ ਉਸ ਨੇ ਰਿਕਸ਼ੇ ਨਾਲ ਕੰਮ ਕਰਨਾ ਸ਼ੁਰੂ ਕੀਤਾ, ਉਸ ਨੂੰ ਯਾਦ ਹੈ ਕਿ ਉਸ ਨੇ ਪਹਿਲੇ ਦਿਨ ਦੀ ਕਮਾਈ ਆਪਣੀ ਮਾਂ ਨੂੰ ਸੌਂਪੀ ਸੀ। ਉਸ ਨੇ ਖ਼ੁਸ਼ੀ ਅਤੇ ਉਦਾਸੀ ਦੇ ਮਿਸ਼ਰਨ ਨਾਲ ’ਕੱਲੇ ’ਕੱਲੇ ਨੋਟ ਨੂੰ ਸਿੱਧਾ ਕੀਤਾ। ਉਸ ਰਾਤ, ਉਸ ਨੇ ਮਾਂ ਨੂੰ ਇੱਕ ਪ੍ਰਾਰਥਨਾ ਕਰਦੇ ਹੋਏ ਸੁਣਿਆ ਜੋ ਉਸ ਨੂੰ ਭੀੜ ਭਰੀਆਂ ਸੜਕਾਂ ’ਤੇ ਸੁਰੱਖਿਅਤ ਰੱਖਣ ਲਈ ਤਾਕਤ ਦੇਣ ਦੀ ਬੇਨਤੀ ਕਰ ਰਹੀ ਸੀ। ਉਸ ਦਾ ਚੁੱਪ ਆਸ਼ੀਰਵਾਦ ਉਸ ਦੀ ਤਾਕਤ ਬਣ ਗਿਆ ਅਤੇ ਉਸ ਦਿਨ ਤੋਂ ਉਸ ਦਾ ਕਮਾਇਆ ਹਰ ਇੱਕ ਰੁਪਿਆ ਹੋਰ ਅਰਥ ਰੱਖਦਾ ਗਿਆ ਕਿਉਂਕਿ ਇਹ ਉਸ ਪਰਿਵਾਰ ਦੀਆਂ ਉਮੀਦਾਂ ਅਤੇ ਕੁਰਬਾਨੀਆਂ ਨਾਲ ਜੁੜਿਆ ਹੋਇਆ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ।
‘‘ਉਸ ਦੇ ਮਾਤਾ-ਪਿਤਾ ਦੇ ਨਾਲ ਇਨ੍ਹਾਂ ਪਲਾਂ ਨੇ ਉਸ ਦੇ ਚਰਿੱਤਰ ਨੂੰ ਆਕਾਰ ਦਿੱਤਾ, ਉਸ ਨੂੰ ਲਚਕੀਲੇਪਣ, ਸ਼ੁਕਰਗੁਜ਼ਾਰੀ ਅਤੇ ਸਖ਼ਤ ਮਿਹਨਤ ਦੇ ਮੁੱਲਾਂ ਨਾਲ ਜੋੜਿਆ ਭਾਵੇਂ ਕਿ ਜ਼ਿੰਦਗੀ ਨੇ ਉਸ ਨੂੰ ਬਹੁਤ ਪਰਖਿਆ। ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ, ਉਹ ਆਪਣੇ ਕੰਮ ਤੋਂ ਸੰਤੁਸ਼ਟ ਹੁੰਦਾ ਗਿਆ, ਪਰ ਪੜ੍ਹਾਈ ਛੱਡਣ ਦਾ ਦੁੱਖ ਹਰ ਵੇਲੇ ਉਸ ਦੇ ਮਨ ਵਿੱਚ ਚੁਭਦਾ ਰਿਹਾ, ਜਦੋਂ ਵੀ ਕੋਈ ਪੜ੍ਹਿਆ ਲਿਖਿਆ ਉਸ ਦੇ ਰਿਕਸ਼ੇ ਦੀ ਸਵਾਰੀ ਕਰਦਾ ਤਾਂ ਉਹ ਦਿਲਚਸਪੀ ਨਾਲ ਉਸ ਕੋਲੋਂ ਸਵਾਲ ਜਵਾਬ ਕਰਦਾ ਅਤੇ ਨਵੀਂ ਜਾਣਕਾਰੀ ਮਿਲਣ ਨਾਲ ਮਨ ਨੂੰ ਤਸੱਲੀ ਦੇ ਲੈਂਦਾ। ਮਾਂ-ਬਾਪ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ।
ਉਸ ਦੀ ਜ਼ਿੰਦਗੀ ਆਪਣੇ ਬੱਚੇ ਦੇ ਭਵਿੱਖ ਦੇ ਸੁਪਨਿਆਂ ਨਾਲ ਭਰੀ ਹੋਈ ਸੀ। ਚੰਗੀ ਪੜ੍ਹਾਈ ਦੇ ਬਿਹਤਰੀ ਜੀਵਨ ਦੇਣ ਲਈ ਉਹ ਭਵਿੱਖ ਦੀ ਤਸਵੀਰ ਸਿਰਜਦਾ ਰਹਿੰਦਾ, ਜਿੱਥੇ ਉਸ ਦਾ ਬੱਚਾ ਧੂੜ ਭਰੀਆਂ ਗਲੀਆਂ ਅਤੇ ਰਿਕਸ਼ੇ ਦੇ ਪੈਡਲਾਂ ਦੀ ਸਖ਼ਤ ਮਿਹਨਤ ਤੋਂ ਦੂਰ ਵੱਖਰੇ ਰਾਹ ’ਤੇ ਤੁਰਦਾ ਨਜ਼ਰ ਆਉਂਦਾ।
ਉਹ ਅਣਥੱਕ ਮਿਹਨਤ ਕਰਦਾ, ਹਰ ਵਾਧੂ ਰੁਪਏ ਦੀ ਬੱਚਤ ਕਰਦਾ, ਕਿਤਾਬਾਂ ਨਾਲ ਆਪਣੇ ਬੱਚੇ ਦੀ ਤਸਵੀਰ ਬਣਾਉਂਦਾ, ਹਰ ਉਸ ਵਿਅਕਤੀ ਤੋਂ ਸਲਾਹ ਲੈਂਦਾ ਜੋ ਉਸ ਲਈ ਬਿਹਤਰ ਹੋਵੇ, ਪਰ ਕਿਸਮਤ ਦੀਆਂ ਆਪਣੀਆਂ ਯੋਜਨਾਵਾਂ ਹੁੰਦੀਆਂ ਹਨ। ਅਚਾਨਕ ਜਣੇਪੇ ਵੇਲੇ ਉਸ ਦੀ ਪਤਨੀ ਦੀ ਸਿਹਤ ਵਿਗੜ ਗਈ। ਉਹ ਵੱਡੀ ਬਿਮਾਰੀ ਦਾ ਸ਼ਿਕਾਰ ਸੀ ਜਿਸ ਦਾ ਉਸ ਦੇ ਬੱਚੇ ’ਤੇ ਵੀ ਅਸਰ ਪਿਆ। ਡਾਕਟਰ ਉਸ ਨੂੰ ਦੱਸਦਾ ਹੈ ਕਿ ਉਨ੍ਹਾਂ ਦੀ ਨਵਜੰਮੀ ਧੀ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ ਜਿਸ ਨੂੰ ਬਹੁਤ ਦੇਖਭਾਲ ਦੀ ਲੋੜ ਪਵੇਗੀ। ਇਹ ਸੁਣ ਕੇ ਉਹ ਨਿਰਾਸ਼ ਹੋ ਗਿਆ।
ਹੁਣ, ਉਸ ਦੇ ਮੋਢਿਆਂ ’ਤੇ ਅਸਹਿ ਭਾਰ ਮਹਿਸੂਸ ਹੁੰਦਾ ਹੈ। ਉਹ ਆਪਣੀ ਬਿਮਾਰ ਪਤਨੀ ਅਤੇ ਧੀ ਦੀ ਦੇਖਭਾਲ ਦੇ ਵਿਚਕਾਰ ਫਸ ਗਿਆ ਜਿਸ ਨੂੰ ਉਹ ਅਜੇ ਵੀ ਪਿਆਰ ਅਤੇ ਸਨਮਾਨ ਨਾਲ ਪਾਲਣ ਦਾ ਸੁਪਨਾ ਦੇਖਦਾ ਹੈ। ਜ਼ਿੰਦਗੀ ਵੱਡਾ ਸੰਘਰਸ਼ ਬਣ ਗਈ, ਫਿਰ ਵੀ ਉਹ ਉਮੀਦ ਨਾਲ ਜੁੜਿਆ ਰਿਹਾ ਅਤੇ ਹਰ ਸਵੇਰ ਇੱਕ ਚਮਤਕਾਰ ਦੀ ਉਮੀਦ ਕਰਦਾ ਹੈ ਜਿਸ ਨੂੰ ਉਸ ਨੇ ਅੱਜ ਤੱਕ ਬਰਕਰਾਰ ਰੱਖਿਆ ਹੋਇਆ ਹੈ।
ਆਪਣੀ ਕਹਾਣੀ ਬਿਆਨ ਕਰਦੇ ਕਰਦੇ ਹੋਏ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਦੀਪ ਨੇ ਹੌਸਲਾ ਦਿੱਤਾ ਤਾਂ ਰਿਕਸ਼ੇ ਵਾਲਾ ਅੱਖਾਂ ਸਾਫ਼ ਕਰਕੇ ਬੋਲਿਆ,
“ਰਹੀ ਗੱਲ ਮੂੰਹ ਵਿੱਚ ਬੋਲਣ ਦੀ। ਉਹ ਤਾਂ ਸਮੇਂ ਦੇ ਥਪੇੜਿਆਂ ਦੀ ਮਾਰ ਨੇ ਮੇਰੀ ਯਾਦਦਾਸ਼ਤ ਕਮਜ਼ੋਰ ਕਰ ਦਿੱਤੀ ਹੈ। ਘਰਵਾਲੀ ਅਤੇ ਧੀ ਦੀ ਕੋਈ ਦਵਾਈ ਦੇਣ ਤੋਂ ਰਹਿ ਨਾ ਜਾਵੇ, ਇਸ ਲਈ ਮੈਂ ਸਾਰਾ ਦਿਨ ਮੂੰਹ ਵਿੱਚ ਬੋਲ ਕੇ ਯਾਦ ਕਰਦਾ ਰਹਿੰਦਾ ਹਾਂ। ਘਰਵਾਲੀ ਨੂੰ ਸਵੇਰੇ ਦੋ ਗੋਲੀਆਂ, ਨੀਲੇ ਢੱਕਣ ਵਾਲੀ ਸ਼ੀਸ਼ੀ ਦਾ ਇੱਕ ਚਮਚਾ, ਧੀ ਨੂੰ ਇੱਕ ਦਿਨ ਛੱਡ ਕੇ ਅੱਜ ਕਿਹੜੀ ਦਵਾਈ ਦੇਣੀ ਹੈ, ਉਹੀ ਯਾਦ ਕਰਦਾ ਰਹਿੰਦਾ ਹਾਂ।’’
ਉਹ ਮੂੰਹ ਹੇਠ ਕਰਕੇ ਹੱਸ ਕੇ ਕਹਿੰਦਾ ਹੈ, ‘‘ਬਸ ਆਹੀ ਚੱਲੀ ਜਾਂਦਾ ਹੈ ਵੀਰ।’’
ਦੀਪ ਉਸ ਦੇ ਹਾਲਾਤ ਦੇ ਦਰਦ ਨੂੰ ਸੁਣ ਕੇ ਬਹੁਤ ਦੁਖੀ ਹੋਇਆ ਅਤੇ ਰਿਕਸ਼ੇ ਵਾਲੇ ਦੀ ਮਦਦ ਕਰਨ ਬਾਰੇ ਸੋਚਣ ਲੱਗਿਆ। ਇੰਨੇ ਨੂੰ ਰਿਕਸ਼ਾ ਠੀਕ ਹੋ ਜਾਂਦਾ ਹੈ। ਰਿਕਸ਼ੇ ਵਾਲਾ ਦਵਾਈਆਂ ਦਾ ਹਿਸਾਬ ਲਗਾਉਂਦਾ ਹੋਇਆ ਦੀਪ ਨੂੰ “ਚੰਗਾ ਵੀਰ” ਕਹਿ ਕੇ ਰਿਕਸ਼ਾ ਲੈ ਕੇ ਚਲਾ ਜਾਂਦਾ ਹੈ।
ਰਿਕਸ਼ੇ ਵਾਲਾ ਘਰ ਪਹੁੰਚਦਾ ਹੈ ਤਾਂ ਘਰ ਵਿੱਚ ਉਸ ਦੀ ਪਤਨੀ ਟੁੱਟੇ ਜਿਹੇ ਮੰਜੇ ’ਤੇ ਪਈ ਹੈ। ਉਸ ਦੀ ਸਿਹਤ ਹਰ ਗੁਜ਼ਰਦੇ ਦਿਨ ਨਾਲ ਵਿਗੜਦੀ ਜਾ ਰਹੀ ਹੈ। ਉਹ ਹੁਣ ਬਿਸਤਰੇ ਤੱਕ ਹੀ ਸੀਮਤ ਹੈ। ਜਦੋਂ ਉਹ ਘਰ ਆਉਂਦਾ ਹੈ ਤਾਂ ਉਹ ਆਪਣਾ ਦਰਦ ਲੁਕਾਉਂਦੀ ਹੈ। ਉਹ ਫਿੱਕੀ ਜਿਹੀ ਮੁਸਕਰਾਹਟ ਦੇ ਪਿੱਛੇ ਆਪਣੇ ਸੰਘਰਸ਼ ਨੂੰ ਲੁਕਾ ਲੈਂਦੀ ਹੈ।
ਉਸ ਦੀ ਧੀ ਉਸ ਕੋਲ ਬੈਠੀ ਸੀ। ਉਸ ਦੀਆਂ ਵੱਡੀਆਂ, ਆਸ ਭਰੀਆਂ ਅੱਖਾਂ ਚਮਕਦੀਆਂ ਹਨ, ਹਾਲਾਂਕਿ ਉਸ ਦੇ ਹੱਥਾਂ ’ਚ ਕੰਬਣ ਵਾਲਾ ਰੋਗ ਹੈ। ਉਸ ਦਾ ਹਾਸਾ ਅਤੇ ਮਾਸੂਮ ਸਵਾਲ ਘਰ ਨੂੰ ਨਿੱਘ ਨਾਲ ਭਰ ਦਿੰਦੇ ਹਨ, ਉਹ ਮੁਸਕਰਾਹਟ ਨਾਲ ਉਸ ਦਾ ਹੱਥ ਫੜਦੀ ਹੈ, ਜਿਵੇਂ ਕਿ ਉਸ ਨੂੰ ਪੂਰੇ ਦਿਨ ਲਈ ਤਾਕਤ ਦੇਣੀ ਹੋਵੇ।
ਉਸ ਨੇ ਕਿਹਾ; “ਪਾਪਾ!” ਉਸ ਦੇ ਚਿਹਰੇ ’ਤੇ ਮੁਸਕਾਨ ਸੀ। ਉਹ ਉਸ ਕੋਲ ਮੁੜ ਬੈਠ ਗਿਆ। ਉਸ ਦੇ ਵਾਲ ਸੰਵਾਰਦਾ ਹੋਇਆ ਬੋਲਿਆ, “ਪੁੱਤ! ਤੂੰ ਅੱਜ ਆਪਣੀ ਦਵਾਈ ਲਈ?”
ਉਸ ਨੇ ਹੌਲੀ ਜਿਹਾ ਸਿਰ ਹਿਲਾਇਆ, ਜਦੋਂ ਉਸ ਨੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਕੰਬ ਰਹੇ ਸਨ। ਉਸ ਦੀ ਸਿਹਤ ਲਗਾਤਾਰ ਦੇਖਭਾਲ ਦੀ ਮੰਗ ਕਰਦੀ ਹੈ। ਰਿਕਸ਼ੇ ਵਾਲਾ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ। ਹਰ ਸਵੇਰ ਜਾਣ ਤੋਂ ਪਹਿਲਾਂ ਉਹ ਹੰਝੂਆਂ ਨਾਲ ਲੜਦਾ ਹੈ। ਉਹ ਚਾਹੁੰਦਾ ਹੈ ਕਿ ਉਹ ਹੋਰ ਕੀ ਕਰ ਸਕਦੈ, ਉਸ ਨੂੰ ਹੋਰ ਕੀ ਦੇ ਸਕਦਾ ਹੈ। ਉਹ ਉਸ ਦੇ ਇਲਾਜ ਲਈ ਕਾਫ਼ੀ ਕਮਾਈ ਕਰਨ ਦੀ ਉਮੀਦ ਵਿੱਚ ਅਣਥੱਕ ਮਿਹਨਤ ਕਰਦਾ ਹੈ, ਫਿਰ ਵੀ ਅਜਿਹਾ ਲੱਗਦਾ ਹੈ ਕਿ ਭਾਵੇਂ ਉਹ ਕਿੰਨੀ ਵੀ ਸਖ਼ਤ ਮਿਹਨਤ ਕਰੇ, ਮੰਜ਼ਿਲ ਪਹੁੰਚ ਤੋਂ ਬਾਹਰ ਹੈ।
ਜਿਸ ਦਿਨ ਤੋਂ ਦੀਪ ਦੀ ਰਿਕਸ਼ੇ ਵਾਲੇ ਨਾਲ ਗੱਲ ਹੋਈ ਸੀ, ਉਸ ਤੋਂ ਬਾਅਦ ਦੀਪ ਉਸ ਦੀ ਮਦਦ ਕਰਨ ਲਈ ਸਾਰੀ ਰਾਤ ਸੋਚਦਾ ਰਿਹਾ। ਇੱਕ ਸਵੇਰ ਦੀਪ ਨੇ ਰਿਕਸ਼ੇ ਵਾਲੇ ਨੂੰ ਰਾਹ ਵਿੱਚ ਰੋਕ ਕੇ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ। ਦੀਪ ਅੱਜ ਗਿੱਲ ਟਰਾਂਸਪੋਰਟ ਦਾ ਮਾਲਕ ਹੈ। ਬਚਪਨ ਵਿੱਚ ਕਾਰ ਖਿਡੌਣੇ ਦੀ ਠੋਕਰ ਵੇਲੇ ਕੀਤੇ ਦ੍ਰਿੜ ਇਰਾਦੇ ਨੇ ਉਸ ਨੂੰ ਅੱਜ ਇੱਕ ਟਰਾਂਸਪੋਰਟ ਦਾ ਮਾਲਕ ਬਣਾ ਦਿੱਤਾ ਸੀ। ਰਿਕਸ਼ੇ ਵਾਲਾ ਟਰਾਂਸਪੋਰਟ ਦਫ਼ਤਰ ਵਿੱਚ ਆ ਜਾਂਦਾ ਹੈ ਤਾਂ ਦੀਪ ਰਿਕਸ਼ੇ ਵਾਲੇ ਵੱਲ ਨਿੱਘੀ ਮੁਸਕਰਾਹਟ ਨਾਲ ਦੇਖਦਾ ਹੈ।
“ਕੀ ਹਾਲ ਐ ਅੰਕਲ। ਤੁਹਾਡੀ ਘਰਵਾਲੀ, ਤੇ ਕੁੜੀ ਕਿਵੇਂ ਹੈ?”
“ਠੀਕ ਐ ਬਸ ਵੀਰ, ਦਵਾਈਆਂ ਦੇਈ ਜਾਨਾਂ।”
ਦੀਪ, ਟਰਾਂਸਪੋਰਟ ਵਾਲੀਆਂ ਕਾਰਾਂ ਵਿੱਚੋਂ ਇੱਕ ਕਾਰ ਦੀ ਚਾਬੀ ਰੱਖ ਦਿੰਦਾ ਹੈ;
“ਲੈ ਅੰਕਲ ਬਹੁਤ ਪੈਡਲ ਮਾਰਲੇ ਹੁਣ ਤੂੰ ਕਾਰ ਚਲਾਇਆ ਕਰ, ਨਾਲੇ ਚੜ੍ਹਦੇ ਮਹੀਨੇ ਤਨਖਾਹ ਲੈ ਜਾਇਆ ਕਰ।’’
ਰਿਕਸ਼ੇ ਵਾਲੇ ਨੂੰ ਆਪਣੀ ਕਿਸਮਤ ’ਤੇ ਵਿਸ਼ਵਾਸ ਕਰਨਾ ਔਖਾ ਲੱਗ ਰਿਹਾ ਸੀ, ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਭਾਵੁਕਤਾ ’ਤੇ ਕਾਬੂ ਪਾਇਆ। ਅੱਜ ਉਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਚਮਤਕਾਰ ਮਹਿਸੂਸ ਹੋ ਰਿਹਾ ਸੀ। ਉਸੇ ਪਲ ਰਿਕਸ਼ੇ ਵਾਲੇ ਨੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ, ਸ਼ੁਕਰਾਨਾ ਕੀਤਾ ਅਤੇ ਦੀਪ ਨੂੰ ਅਸੀਸਾਂ ਦੇ ਕੇ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਲੈ ਕੇ ਆਪਣੇ ਘਰ ਚਲਾ ਗਿਆ।
ਦੀਪ ਹਲਕਾ ਜਿਹਾ ਸਾਹ ਭਰਕੇ ਆਪਣੇ ਖ਼ਿਆਲਾਂ ਵਿੱਚ ਡੁੱਬ ਗਿਆ ਕਿ ਉਸੇ ਵੇਲੇ ਫੋਨ ਦੀ ਘੰਟੀ ਵੱਜਦੀ ਹੈ। ਦੀਪ ਦੇ ਬੇਟੇ ਦੇ ਸਕੂਲ ਤੋਂ ਫੋਨ ਆਉਂਦਾ ਹੈ। ਦੀਪ ਉਦੋਂ ਹੀ ਸਕੂਲ ਨੂੰ ਚਲਾ ਜਾਂਦਾ ਹੈ। ਪ੍ਰਿੰਸੀਪਲ ਦਫ਼ਤਰ ਵਿੱਚ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਸ ਦੇ ਬੇਟੇ ਦੀ ਇੱਕ ਗ਼ਰੀਬ ਪਰਿਵਾਰ ਦੇ ਬੱਚੇ ਨਾਲ ਲੜਾਈ ਹੋ ਜਾਂਦੀ ਹੈ ਜਿਸ ਦੇ ਮਾਤਾ-ਪਿਤਾ ਆਪਣੇ ਬੱਚੇ ਦਾ ਪੱਖ ਬੜੀ ਨਰਮੀ ਨਾਲ ਲੈਂਦੇ ਹਨ। ਪ੍ਰਿੰਸੀਪਲ ਸਰ ਦੀਪ ਨੂੰ ਸੋਫੇ ’ਤੇ ਬੈਠਣ ਲਈ ਕਹਿੰਦੇ ਹਨ, ਚਾਹ ਮੰਗਵਾਉਂਦੇ ਹਨ ਅਤੇ ਉਸ ਦੇ ਬੇਟੇ ਦੀ ਲੜਾਈ ਬਾਰੇ ਦੱਸਦੇ ਹਨ। ਪ੍ਰਿੰਸੀਪਲ ਗਰੀਬ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟਣ ਦੀ ਗੱਲ ਕਰਦੇ ਹਨ। ਜਦੋਂਕਿ ਗ਼ਲਤੀ ਦੀਪ ਦੇ ਬੇਟੇ ਦੀ ਹੁੰਦੀ ਹੈ।
ਦੀਪ ਨੂੰ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ। ਦੀਪ ਪ੍ਰਿੰਸੀਪਲ ਸਰ ਨੂੰ ਕਹਿੰਦਾ ਹੈ, “ਸਰ ਮੈਂ ਬੇਟੇ ਨਾਲ ਗੱਲ ਕਰ ਲਵਾਂ।” ਉਹ ਬੇਟੇ ਨੂੰ ਬਾਹਰ ਲੈ ਜਾਂਦਾ ਹੈ। ਉਹ, ਉਸ ਨੂੰ ਸਮਝਾਉਂਦਾ ਹੈ ਅਤੇ ਆਪਣੇ ਅਤੀਤ ਤੋਂ ਜਾਣੂ ਕਰਵਾਉਂਦਾ ਹੈ। ਬੇਟਾ ਸਾਰੀ ਕਹਾਣੀ ਸੁਣ ਕੇ ਹੈਰਾਨ ਹੁੰਦਾ ਹੈ ਅਤੇ ਆਪਣੇ ਪਿਤਾ ਤੋਂ ਮੁਆਫ਼ੀ ਮੰਗਦਾ ਹੈ। ਦੋਵੇਂ ਵਾਪਸ ਦਫ਼ਤਰ ਵਿੱਚ ਆਉਂਦੇ ਹਨ ਤਾਂ ਉਸ ਦਾ ਬੇਟਾ ਉਸ ਲੜਕੇ ਤੋਂ ਮੁਆਫ਼ੀ ਮੰਗਦਾ ਹੈ ਅਤੇ ਉਸ ਦੇ ਮਾਤਾ-ਪਿਤਾ ਤੋਂ ਵੀ ਮੁਆਫ਼ੀ ਮੰਗਦਾ ਹੈ। ਪ੍ਰਿੰਸੀਪਲ ਸਰ ਵੀ ਖ਼ੁਸ਼ ਹੁੰਦੇ ਹਨ। ਉਹ ਦੀਪ ਨਾਲ ਹੱਥ ਮਿਲਾ ਕੇ ਕਹਿੰਦੇ ਹਨ; “ਅੱਜ ਤੱਕ ਅਜਿਹੇ ਮਾਮਲੇ ਵਿੱਚ ਜਿੰਨੇ ਵੀ ਮਾਪੇ ਆਏ ਸਭ ਨੇ ਸ਼ਿਕਾਇਤ ਕੀਤੀ ਹੈ, ਪਰ ਤੁਸੀਂ ਕਿਵੇਂ?’’
ਦੀਪ ਉਦੇਸ਼ਪੂਰਨ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ। ਉਸ ਦੇ ਤੁਰਨ ਵਿੱਚ ਇੱਕ ਸ਼ਾਂਤ ਸ਼ਕਤੀ ਲੁਕੀ ਹੋਈ ਸੀ, ਇੱਕ ਸੂਖਮ ਸ਼ਕਤੀ ਜੋ ਬਿਨਾਂ ਕਿਸੇ ਦੇ ਬੋਲੇ ਤੋਂ ਹਰ ਇੱਕ ਦਾ ਧਿਆਨ ਖਿੱਚਦੀ ਸੀ।
ਸੰਪਰਕ: 95011-32056