ਜ਼ਿੰਦਗੀ ਦੇ ਰਾਹਾਂ ’ਤੇ...
ਨਰਿੰਦਰ ਸਿੰਘ ਕਪੂਰ
ਵੇਲਣਾ ਤੇ ਪਤੀ
ਭਾਂਡਿਆਂ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਸਿੱਧ ਕੰਪਨੀ ਨੇ ਸਟੇਨਲੈਸ ਸਟੀਲ ਦੇ ਵੇਲਣੇ ਦਾ ਇਸ਼ਤਿਹਾਰ ਛਪਵਾਇਆ। ਵੇਲਣਾ ਹੈ ਤਾਂ ਰਸੋਈ ਵਿੱਚ ਰੋਟੀਆਂ ਵੇਲਣ ਵਾਲਾ ਯੰਤਰ ਪਰ ਇਸ ਨੂੰ ਪਤਨੀਆਂ ਅਕਸਰ ਪਤੀਆਂ ਵਿਰੁੱਧ ਹਥਿਆਰ ਵਜੋਂ ਵੀ ਵਰਤਦੀਆਂ ਹਨ। ਕਾਰਨ ਇਹ ਹੈ ਕਿ ਵੇਲਣੇ ਨੂੰ ਸੱਜੇ ਹੱਥ ਵਿੱਚ ਫੜ ਕੇ, ਪਤਨੀਆਂ ਖੱਬੇ ਹੱਥ ਨਾਲ ਪਤੀ ਦੀ ਕਮੀਜ਼ ਜਾਂ ਉਸ ਦੀ ਬਾਂਹ ਫੜ ਕੇ ਇਸ ਹਥਿਆਰ ਨੂੰ ਚਲਾਉਂਦੀਆਂ ਹਨ। ਇਸ ਨਾਲੋਂ ਵੀ ਵੱਡਾ ਕਾਰਨ ਇਹ ਹੁੰਦਾ ਹੈ ਕਿ ਇਸਤਰੀਆਂ ਨੂੰ ਇਸ ਹਥਿਆਰ ਨੂੰ ਵਰਤਣ ਦੀ ਮੁਹਾਰਤ ਹੁੰਦੀ ਹੈ ਅਤੇ ਵਰਤਣ ਦਾ ਉਹ ਅਭਿਆਸ ਵੀ ਕਰਦੀਆਂ ਰਹਿੰਦੀਆਂ ਹਨ। ਇਸ ਨੂੰ ਹਥਿਆਰ ਵਜੋਂ ਵਰਤਣ ਦੀ ਹਿੰਮਤ ਅਤੇ ਲੋੜੀਂਦਾ ਸਵੈ-ਵਿਸ਼ਵਾਸ ਇਸਤਰੀ ਵਿੱਚ ਉਸ ਦੇ ਪਤਨੀ ਹੋਣ ਕਾਰਨ ਹੁੰਦਾ ਹੈ। ਬਹੁਤੀਆਂ ਇਸਤਰੀਆਂ ਆਪਣੇ ਪਤੀ ਨੂੰ ਵਿਗੜਿਆ ਹੋਇਆ ਬੰਦਾ ਸਮਝਦੀਆਂ ਹਨ ਜਿਸ ਨੂੰ ਸੋਧਣਾ ਅਤੇ ਸਿੱਧਾ ਕਰਨਾ ਉਹ ਆਪਣਾ ਅਧਿਕਾਰ ਸਮਝਦੀਆਂ ਹਨ। ਜਦੋਂ ਇਸਤਰੀ ਨੂੰ ਗੁੱਸਾ ਚੜ੍ਹਦਾ ਹੈ ਤਾਂ ਇਹ ਵੇਲਣੇ ਨੂੰ ਵੀ ਚੜ੍ਹ ਜਾਂਦਾ ਹੈ। ਕੁਝ ਸ਼ਰੀਫ ਪਰ ਅਕਸਰ ਕੁੱਟ ਖਾਣ ਵਾਲੇ ਪਤੀਆਂ ਨੇ ਸਟੇਨਲੈਸ ਸਟੀਲ ਦਾ ਵੇਲਣਾ ਬਣਾਉਣ ਵਾਲੀ ਕੰਪਨੀ ਨੂੰ ਦੁਹਾਈ ਪਾਈ ਹੈ, ‘‘ਕੰਪਨੀ ਵਾਲਿਓ! ਪਰਮਾਤਮਾ ਤੋਂ ਡਰੋ, ਨਿੱਕੀਆਂ ਮੋਟੀਆਂ ਲੜਾਈਆਂ ਹਰ ਘਰ ਵਿੱਚ ਹੁੰਦੀਆਂ ਰਹਿੰਦੀਆਂ ਹਨ ਪਰ ਤੁਸੀਂ ਅਜਿਹੇ ਜ਼ਾਲਮ ਵੇਲਣਿਆਂ ਨਾਲ ਵਿਚਾਰੇ ਪਤੀਆਂ ਦੇ ਸਿਰ ਪੜਵਾਉਣ ਦਾ ਪਾਪ ਨਾ ਕਮਾਓ।’’
* * *
ਗਿਆਨ-ਅਗਿਆਨ
ਇੱਕ ਵਾਰੀ ਪ੍ਰਸਿੱਧ ਚਿੰਤਕ ਖਲੀਲ ਜਿਬਰਾਨ ਨੂੰ ਇੱਕ ਸ਼ਰਧਾਲੂ ਨੇ ਪੁੱਛਿਆ, ‘‘ਤੁਸੀਂ ਪ੍ਰਵਚਨ ਵਿੱਚ ਕਿਹਾ ਸੀ ਕਿ ਕਦੇ ਕਦੇ ਗਿਆਨ, ਅਗਿਆਨ ਨਾਲੋਂ ਵੀ ਖ਼ਤਰਨਾਕ ਹੁੰਦਾ ਹੈ। ਕੀ ਸੱਚਮੁੱਚ ਇਵੇਂ ਹੀ ਹੁੰਦਾ ਹੈ?’’ ਖਲੀਲ ਜਿਬਰਾਨ ਨੇ ਸ਼ਰਧਾਲੂ ਨੂੰ ਕੋਲ ਬਿਠਾ ਕੇ ਕਿਹਾ, ‘‘ਹਾਂ ਜਦੋਂ ਗਿਆਨ ਇੰਨਾ ਘੁਮੰਡੀ ਹੋ ਜਾਵੇ ਕਿ ਉਹ ਰੋ ਨਾ ਸਕੇ, ਇੰਨਾ ਗੰਭੀਰ ਹੋ ਜਾਵੇ ਕਿ ਹੱਸ ਨਾ ਸਕੇ ਅਤੇ ਇੰਨਾ ਆਤਮ ਕੇਂਦਰਿਤ ਹੋ ਜਾਵੇ ਕਿ ਆਪਣੇ ਤੋਂ ਸਿਵਾਏ ਕਿਸੇ ਨੂੰ ਪਛਾਣ ਨਾ ਸਕੇ ਤਾਂ ਅਜਿਹਾ ਗਿਆਨ ਅਗਿਆਨ ਨਾਲੋਂ ਵੀ ਵਧੇਰੇ ਖ਼ਤਰਨਾਕ ਅਤੇ ਹਾਨੀਕਾਰਕ ਹੁੰਦਾ ਹੈ। ਚਾਲੀ ਸਾਲ ਦੀ ਉਮਰ ਮਗਰੋਂ ਘੱਟ ਪੜ੍ਹੇ ਅਤੇ ਵੱਧ ਪੜ੍ਹੇ ਦੇ ਕਮਾਉਣ ਵਿੱਚ ਖ਼ਾਸ ਅੰਤਰ ਨਹੀਂ ਰਹਿੰਦਾ। ਹੋ ਸਕਦਾ ਹੈ ਕਿ ਘੱਟ ਪੜ੍ਹਿਆ ਹਲਵਾਈ, ਵਪਾਰੀ, ਦੁਕਾਨਦਾਰ, ਵੱਧ ਪੜ੍ਹੇ ਲਿਖੇ ਅਫ਼ਸਰ ਨਾਲੋਂ ਵਧੇਰੇ ਕਮਾ ਰਿਹਾ ਹੋਵੇ। ਪੰਜਾਹ ਸਾਲ ਦੀ ਉਮਰ ਮਗਰੋਂ ਵੱਧ ਸੋਹਣੇ ਅਤੇ ਘੱਟ ਸੋਹਣੇ ਵਿੱਚ ਵੀ ਕੋਈ ਜ਼ਿਆਦਾ ਫ਼ਰਕ ਨਹੀਂ ਰਹਿੰਦਾ। ਸਮੇਂ ਨਾਲ ਝੁਰੜੀਆਂ ਅਤੇ ਉਮਰ ਦੇ ਪ੍ਰਭਾਵ ਚਿਹਰੇ ’ਤੇ ਉੱਭਰਨ ਲੱਗ ਪੈਂਦੇ ਹਨ। ਸੱਠ ਸਾਲ ਦੀ ਉਮਰ ਮਗਰੋਂ ਵੱਡੇ ਅਹੁਦੇ ਅਤੇ ਛੋਟੇ ਅਹੁਦੇ ਵਿੱਚ ਵੀ ਕੋਈ ਫ਼ਰਕ ਨਹੀਂ ਰਹਿੰਦਾ ਕਿਉਂਕਿ ਸੇਵਾਮੁਕਤੀ ਮਗਰੋਂ ਹਰ ਕਿਸੇ ਦਾ ਮਹੀਨਾ ਇਕੱਤੀ ਦਿਨਾਂ ਵਾਲਾ ਹੋ ਜਾਂਦਾ ਹੈ। ਸੱਤਰ ਸਾਲ ਦੀ ਉਮਰ ਮਗਰੋਂ ਵੱਡੇ ਬੰਗਲੇ ਜਾਂ ਛੋਟੇ ਘਰ ਵਿਚਲਾ ਅੰਤਰ ਇਸ ਲਈ ਮੁੱਕ ਜਾਂਦਾ ਹੈ ਕਿਉਂਕਿ ਗੋਡੇ-ਮੋਢੇ, ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾਣ ਤੋਂ ਇਨਕਾਰੀ ਹੋ ਜਾਂਦੇ ਹਨ। ਅੱਸੀ ਸਾਲ ਦੀ ਉਮਰ ਵਿੱਚ ਪੈਸਾ ਹੈ ਜਾਂ ਨਹੀਂ ਹੈ, ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸਮਝ ਹੀ ਨਹੀਂ ਆਉਂਦੀ ਕਿ ਖਰਚਣਾ ਕਿੱਥੇ ਹੈ, ਖਰੀਦਣਾ ਕੀ ਹੈ? ਨੱਬੇ ਸਾਲ ਦੀ ਉਮਰ ਵਿੱਚ ਸੌਣਾ ਅਤੇ ਜਾਗਣਾ ਇੱਕ ਹੋ ਜਾਂਦਾ ਹੈ, ਕਿਉਂਕਿ ਸਾਨੂੰ ਜਾਗਦੇ ਵੀ ਪਤਾ ਨਹੀ ਲੱਗਦਾ ਕਿ ਕਰਨਾ ਕੀ ਹੈ? ਸੌ ਸਾਲ ਮਗਰੋਂ ਸਾਰੇ ਦੋਸਤ-ਯਾਰ-ਰਿਸ਼ਤੇਦਾਰ ਸੰਸਾਰ ਤੋਂ ਜਾ ਚੁੱਕੇ ਹੁੰਦੇ ਹਨ, ਉਹ ਸਮਝਦੇ ਹੋਣਗੇ ਕਿ ਮੈਂ ਸਵਰਗ ਵਿੱਚ ਹੋਵਾਂਗਾ, ਜਦੋਂਕਿ ਮੈਂ ਤਾਂ ਆਪਣਾ ਬਸਤਾ ਲੈ ਕੇ ਸੰਸਾਰ ਤੋਂ ਰਵਾਨਾ ਹੋਣ ਵਾਲੀ ਗੱਡੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹਾਂ। ਇਹੀ ਜ਼ਿੰਦਗੀ ਹੈ ਅਤੇ ਇਸ ਨੂੰ ਹੀ ਅਸੀਂ ਸਾਰਿਆਂ ਨੇ ਜਿਊਣਾ ਹੈ। ਇਸ ਪੜਾਓ ’ਤੇ ਸਾਡੇ ਕੋਲ ਅਤੀਤ ਦੇ ਵੇਰਵੇ ਹੀ ਹੁੰਦੇ ਹਨ, ਭਵਿੱਖ ਦੀ ਕੋਈ ਵਿਉਂਤ ਨਹੀਂ ਹੁੰਦੀ।’’
* * *
ਟੀਵੀ ਤੇ ਲਾਲਚ
ਨਕਸਲਵਾਦੀ, ਆਦਿਵਾਸੀ ਸਮੱਸਿਆਹੱਲ ਨਹੀਂ ਹੋ ਰਹੀ। ਕਈ ਰਾਜਾਂ ਦੀ ਪੁਲੀਸ ਇਸ ਸਮੱਸਿਆ ਨਾਲ ਜੂਝ ਰਹੀ ਹੈ। ਇਹ ਸਮੱਸਿਆ ਕਈ ਦਹਾਕਿਆਂ ਤੋਂ ਦੇਸ਼ ਲਈ ਸਿਰਦਰਦ ਬਣੀ ਹੋਈ ਹੈ। ਇੱਕ ਹੰਢੇ ਹੋਏ ਪੁਲੀਸ ਅਧਿਕਾਰੀ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਆਪਣੇ ਤਜਰਬੇ ਦੇ ਆਧਾਰ ’ਤੇ ਕਿਹਾ, ਇਹ ਸਮੱਸਿਆ ਪੁਲੀਸ ਜਾਂ ਫ਼ੌਜ ਨਾਲ ਹੱਲ ਹੋਣ ਵਾਲੀ ਨਹੀਂ। ਸਮੱਸਿਆ ਇਹ ਹੈ ਕਿ ਵਿਦਰੋਹ ਕਰਨ ਵਾਲੇ ਲੋਕ ਲਾਲਚ ਨੂੰ ਨਹੀਂ ਸਮਝਦੇ। ਜਦੋਂ ਤਕ ਇਹ ਲੋਕ ਦੇਸ਼, ਦੁਨੀਆ ਅਤੇ ਦੇਸ਼ ਦੇ ਹੋਰ ਲੋਕਾਂ ਵਾਂਗ ਲਾਲਚੀ ਨਹੀਂ ਬਣਦੇ ਇਹ ਸਮੱਸਿਆ ਹੱਲ ਨਹੀਂ ਹੋਵੇਗੀ। ਇਸ ਸਮੱਸਿਆ ਨੂੰ ਬੰਦੂਕਾਂ ਨਾਲ ਨਹੀਂ, ਮਨੋਵਿਗਿਆਨ ਨਾਲ ਹੱਲ ਕਰੋ। ਇਨ੍ਹਾਂ ਨਕਸਲਵਾਦੀਆਂ ਦੇ ਹਰੇਕ ਘਰ ਅਤੇ ਝੁੱਗੀ ਵਿੱਚ ਇੱਕ ਇੱਕ ਟੈਲੀਵਿਜ਼ਨ ਲਗਵਾ ਦਿਓ। ਜਦੋਂ ਇਹ ਲੋਕ ਟੈਲੀਵਿਜ਼ਨ ਦੇ ਪ੍ਰੋਗਰਾਮ ਅਤੇ ਇਸ਼ਤਿਹਾਰ ਵੇਖਣਗੇ ਤਾਂ ਇਹ ਵੀ ਸੰਸਾਰ ਦੀ ਆਬਾਦੀ ਵਾਂਗ ਲਾਲਚੀ ਬਣ ਜਾਣਗੇ। ਇਨ੍ਹਾਂ ਦੇ ਮਨ ਵਿੱਚ ਚੀਜ਼ਾਂ ਵਸਤਾਂ ਲਈ ਤਾਂਘ ਉਪਜੇਗੀ ਤਾਂ ਇਹ ਵੀ ਦੇਸ਼ ਦੀ ਬਾਕੀ ਵਸੋਂ ਵਾਂਗ ਖਰੀਦਣ-ਵੇਚਣ ਵਿੱਚ ਰੁੱਝ ਜਾਣਗੇ, ਜਿਸ ਨਾਲ ਇਨ੍ਹਾਂ ਵਿੱਚ ਹੋਰਾਂ ਵਾਂਗ ਆਪਸ ਵਿੱਚ, ਹੋਰਾਂ ਨਾਲੋਂ ਚੰਗੇਰਾ ਜੀਵਨ ਜਿਊਣ ਲਈ ਈਰਖਾ ਅਤੇ ਸਾੜਾ ਉਪਜੇਗਾ ਜਿਸ ਨਾਲ ਹੌਲੀ ਹੌਲੀ ਸਭ ਕੁਝ ਆਪੇ ਠੀਕ ਹੋ ਜਾਵੇਗਾ। ਇਹ ਸਮੱਸਿਆ ਬੰਦੂਕਾਂ ਨਾਲ ਹੱਲ ਹੋਣ ਵਾਲੀ ਨਹੀਂ। ਇਹ ਇਨ੍ਹਾਂ ਲੋਕਾਂ ਦੀ ਜੀਵਨ ਜਾਚ ਵਿੱਚ ਤਬਦੀਲੀ ਕਰਨ ਨਾਲ ਹੱਲ ਹੋਵੇਗੀ। ਟੈਲੀਵਿਜ਼ਨ ਸਾਰੇ ਸੰਸਾਰ ਨੂੰ ਬਾਜ਼ਾਰ ਦੇ ਗਾਹਕ, ਲਾਲਚੀ ਗਾਹਕ ਬਣਾ ਰਿਹਾ ਹੈ।
* * *
ਪਾਦਰੀ ਦਾ ਸੱਚ
ਇੱਕ ਚਰਚ ਵਿੱਚ ਇੱਕ ਮੰਗਤਾ ਗਿਆ। ਉਸ ਨੇ ਪਾਦਰੀ ਤੋਂ ਕੁਝ ਖਾਣ ਲਈ ਮੰਗਿਆ। ਪਾਦਰੀ ਨੇ ਕਿਹਾ, ‘‘ਪਿਛਲੇ ਬੂਹੇ ਰਾਹੀਂ ਆ ਕੇ ਬੂਹੇ ਕੋਲ ਫਰਸ਼ ’ਤੇ ਬੈਠ।’’ ਮੰਗਤਾ ਪਿਛਲੇ ਦਰਵਾਜ਼ੇ ਰਾਹੀਂ ਆ ਕੇ ਬਹਿ ਗਿਆ। ਪਾਦਰੀ ਨੇ ਗੁਜ਼ਰੇ ਦਿਨ ਦਾ ਖਾਣ ਵਾਲ ਕੁਝ ਲਿਆ ਕੇ ਉਸ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ ਆਓ ਅਸੀਂ ਖਾਣਾ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰੀਏ। ਬੋਲ, ‘‘ਹੇ ਸਾਡੇ ਪਿਤਾ।’’ ਪਰ ਮੰਗਤਾ ਬੋਲਿਆ, ‘‘ਹੇ ਤੇਰੇ ਪਿਤਾ।’’ ਪਾਦਰੀ ਬੋਲਦਾ ਸੀ, ‘‘ਹੇ ਸਾਡੇ ਪਿਤਾ,’’ ਮੰਗਤਾ ਬੋਲਦਾ ਸੀ, ‘‘ਹੇ ਤੇਰੇ ਪਿਤਾ।’’ ਪਾਦਰੀ ਨੇ ਪਰੇਸ਼ਾਨੀ ਨਾਲ ਮੰਗਤੇ ਨੂੰ ਪੁੱਛਿਆ, ‘‘ਤੂੰ ਸਾਡੇ ਪਿਤਾ ਕਿਉਂ ਨਹੀਂ ਕਹਿੰਦਾ?’’ ਮੰਗਤੇ ਨੇ ਕਿਹਾ, ‘‘ਜੇ ਮੈਂ ਸਾਡੇ ਪਿਤਾ ਕਹਾਂ ਤਾਂ ਫਿਰ ਅਸੀਂ ਭਰਾ ਹੋ ਜਾਵਾਂਗੇ। ਜੇ ਮੈਨੂੰ ਤੁਸੀਂ ਆਪਣਾ ਭਰਾ ਸਮਝਦੇ ਹੋ ਤਾਂ ਤੁਸੀਂ ਮੈਨੂੰ ਪਿਛਲੇ ਦਰਵਾਜ਼ੇ ਰਾਹੀਂ ਆਉਣ ਲਈ ਨਾ ਕਹਿੰਦੇ, ਮੁੱਖ ਦੁਆਰ ਰਾਹੀਂ ਆਉਣ ਲਈ ਕਹਿੰਦੇ। ਮੈਨੂੰ ਫਰਸ਼ ’ਤੇ ਬਹਿਣ ਲਈ ਨਾ ਕਹਿੰਦੇ, ਡਾਈਨਿੰਗ ਟੇਬਲ ’ਤੇ ਬਿਠਉਂਦੇ, ਬੇਹਾ ਭੋਜਨ ਨਾ ਦਿੰਦੇ, ਆਪਣੇ ਖਾਣ ਵਾਲੇ ਭੋਜਨ ਵਾਂਗ ਤਾਜ਼ਾ ਭੋਜਨ ਖਾਣ ਲਈ ਦਿੰਦੇ।’’ ਪਾਦਰੀ ਸੋਚਾਂ ਵਿੱਚ ਪੈ ਗਿਆ, ਇੱਕ ਮੰਗਤਾ ਹੀ ਪਾਦਰੀ ਦੇ ਖੋਖਲੇ ਵਿਹਾਰ ਬਾਰੇ ਕਿਤਨੀਆਂ ਹੀ ਗੱਲਾਂ ਕਹਿ ਗਿਆ ਸੀ।
ਸੰਪਰਕ: 98158-80434