ਜ਼ਿੰਦਗੀ ਦੀ ਜਾਦੂਮਈ ਕਹਾਣੀ ਗੁੱਗੀ ਵਾ ਥਿਆਂਗੋ
ਆਤਮਜੀਤ
ਸਾਡੇ ਸਮਿਆਂ ਦੇ ਵਿਲੱਖਣ ਅਫ਼ਰੀਕੀ ਲੇਖਕ ਗੁੱਗੀ ਵਾ ਥਿਆਂਗੋ ਦਾ 28 ਮਈ ਨੂੰ ਦੇਹਾਂਤ ਹੋ ਗਿਆ ਸੀ। ਨੋਬੇਲ ਐਵਾਰਡ ਵਾਸਤੇ ਅਨੇਕਾਂ ਵਾਰ ਨਾਮਜ਼ਦ ਹੋਇਆ ਇਹ ਲੇਖਕ 87 ਸਾਲਾਂ ਦਾ ਸੀ। ਉਸ ਅਨੁਸਾਰ ਪਾਠਕਾਂ ਦਾ ਪਿਆਰ ਵੱਡਾ ਨੋਬੇਲ ਐਵਾਰਡ ਹੈ। ਉਹ ਨਾਵਲਕਾਰ, ਨਾਟਕਕਾਰ, ਕਹਾਣੀਕਾਰ, ਸਮਾਲੋਚਕ ਅਤੇ ਚਿੰਤਕ ਸੀ ਤੇ ਵੀਹਵੀਂ ਸਦੀ ਦਾ ਸਭ ਤੋਂ ਵੱਧ ਪ੍ਰਤੀਬੱਧਤਾ ਵਾਲਾ ਅਫ਼ਰੀਕੀ ਲੇਖਕ। ਉਹ ਬਰਤਾਨੀਆ ਅਤੇ ਸਾਮਰਾਜਵਾਦ ਦੋਹਾਂ ਦਾ ਕੱਟੜ ਵਿਰੋਧੀ ਸੀ। 1977 ਵਿਚ ਨੈਰੋਬੀ ਦੇ ਨੇੜਲੇ ਕਸਬੇ ਲਿਮੂਰੂ ਵਿਚ ਕਿਸਾਨਾਂ ਅਤੇ ਕਾਮਿਆਂ ਦੀ ਮਦਦ ਨਾਲ ਨਾਟਕ ‘ਆਈ ਵਿੱਲ ਮੈਰੀ ਵੈਨ ਆਈ ਵਾਂਟ’ ਖੇਡਿਆ ਗਿਆ। ਇਸ ਵਿਚ ਉਸਨੇ ਕੀਨੀਆ ਦੇ ਪਰੰਪਰਾਗਤ ਸਭਿਆਚਾਰ ਉੱਤੇ ਪੈ ਰਹੇ ਬਾਹਰੀ ਪ੍ਰਭਾਵਾਂ ਦਾ ਖੰਡਨ ਕਰਦਿਆਂ ਰਾਜ ਕਰ ਰਹੇ ਸਾਮਰਾਜੀਆਂ ਨੂੰ ਪਰਜੀਵੀ ਆਖਿਆ ਜਿਹੜੇ ਗਰੀਬਾਂ ਦੀ ਮਿਹਨਤ ਨੂੰ ਲੁੱਟ ਰਹੇ ਸਨ। ਉਸਨੇ ਸਰਕਾਰੀ ਲੋਭ ਅਤੇ ਭ੍ਰਿਸ਼ਟਾਚਾਰ ਨੂੰ ਨੰਗਾ ਕੀਤਾ। ਇਸਾਈਅਤ ਦਾ ਪ੍ਰਸੰਗ ਸ਼ਾਮਿਲ ਕਰਕੇ ਅਤੇ ਅੰਤ ਉੱਤੇ ਇਨਕਲਾਬ ਦਾ ਸੱਦਾ ਦੇ ਕੇ ਥਿਆਂਗੋ ਨੇ ਸਪਸ਼ਟਤਾ ਨਾਲ ਆਪਣੀ ਨਾਬਰੀ ਦਰਸਾਈ। ਨਤੀਜੇ ਵਜੋਂ ਸਰਕਾਰ ਨੇ ਥਿਆਂਗੋ ਅਤੇ ਸਹਿ-ਲੇਖਕ ਗੁੱਗੀ ਵਾ ਮੀਰੀ ਨੂੰ ਕੈਦ ਕਰ ਦਿੱਤਾ; ਬਿਨਾਂ ਕੇਸ ਚਲਾਏ ਉਨ੍ਹਾਂ ਨੂੰ ਸਾਲ ਭਰ ਅੰਦਰ ਰੱਖਿਆ। ਐਮਨੈਸਟੀ ਇੰਟਰਨੈਸ਼ਨਲ ਤੇ ਹੋਰ ਸੰਸਥਾਵਾਂ ਨੇ ਆਪਣੇ ਪ੍ਰਭਾਵ ਨਾਲ ਰਿਹਾਅ ਕਰਵਾਇਆ ਪਰ ਸੱਤਾ ਨੇ ਉਸਨੂੰ ਨੈਰੋਬੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਨੌਕਰੀ ਦੁਬਾਰਾ ਨਹੀਂ ਕਰਨ ਦਿੱਤੀ। ਕਿਤਾਬਾਂ ਵਿਚ ਵੱਸਣ ਵਾਲੇ ਥਿਆਂਗੋ ਕੋਲੋਂ ਪੜ੍ਹਨ-ਲਿਖਣ ਦਾ ਸਭਿਆਚਾਰ ਖੋਹ ਲਿਆ ਗਿਆ; ਜਿਸ ਅਹਾਤੇ ਵਿਚ ਰੱਖਿਆ ਗਿਆ ਉੱਥੇ ਪਹਿਲਾਂ ਮਾਨਸਿਕ ਰੋਗੀ ਤਾੜੇੇ ਜਾਂਦੇ ਸਨ। ਜੇਲ੍ਹ ਵਿਚ ਉਸਨੂੰ ਲਿਖਣ ਦੀ ਕੋਈ ਸੁਵਿਧਾ ਨਹੀਂ ਸੀ ਪਰ ਸ਼ਬਦਾਂ ਦੇ ਸ਼ੈਦਾਈ ਥਿਆਂਗੋ ਨੇ ਉੱਥੇ ਵੀ ਆਪਣਾ ਰਾਹ ਕੱਢਿਆ। ਉਸਨੇ ਟਾਇਲਟ ਪੇਪਰਾਂ ਤੇ ਗਿਕਿਯੂ ਬੋਲੀ ਦਾ ਪਹਿਲਾ ਆਧੁਨਿਕ ਨਾਵਲ ਲਿਖਿਆ। ਬਾਅਦ ਵਿਚ ਇਹ ‘ਡੈਵਿਲ ਆਨ ਦਿ ਕਰਾਸ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਪੰਜ ਸਾਲ ਬਾਅਦ ਜਦੋਂ ਇਨ੍ਹਾਂ ਦੋਹਾਂ ‘ਮਦਰ ਕਰਾਈ ਫ਼ਾਰ ਮੀ’ ਨਾਟਕ ਲਿਖਿਆ ਤਾਂ ਦੋਹਾਂ ਨੂੰ ਮੁਲਕ ਛੱਡ ਕੇ ਜਲਾਵਤਨ ਹੋਣਾ ਪਿਆ। ਉਂਜ ਗੁੱਗੀ 1962 ਵਿਚ ‘ਦਿ ਬਲੈਕ ਹਰਮਿਟ’ ਨਾਂ ਦੇ ਨਾਟਕ ਦੀ ਪੇਸ਼ਕਾਰੀ ਨਾਲ ਸਾਹਿਤਕ ਪਿੜ ਵਿਚ ਜਾਣਿਆ ਜਾਣ ਲੱਗ ਪਿਆ ਸੀ। ਉਸਦੇ ਦੋ ਨਾਵਲਾਂ ‘ਵੀਪ ਨਾਟ ਚਾਈਲਡ’ (1964) ਅਤੇ ‘ਦਿ ਰਿਵਰ ਬਿਟਵੀਨ’ (1965) ਨਾਲ ਉਸਦੀ ਪਛਾਣ ਗੂੜ੍ਹੀ ਹੋਈ ਸੀ।
ਉਦੋਂ ਹੋਰ ਵੀ ਕਈ ਅਗਾਂਹਵਧੂ ਬੁੱਧੀਜੀਵੀਆਂ, ਹਿੰਸਕ ਕਾਮਿਆਂ ਅਤੇ ਡੈਮੋਕਰੇਟਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ‘ਰੈਸਲਿੰਗ ਵਿਦ ਡੈਵਿਲ’ ਨਾਂ ਦੀ ਸਮਰਣ-ਪੁਸਤਕ ਵਿਚ ਉਹ ਲਿਖਦਾ ਹੈ, ‘ਹਿਰਾਸਤੀ ਹੁਕਮਾਂ ਉੱਤੇ ਦਸਤਖ਼ਤ ਕਰਕੇ ਸੱਤਾਧਾਰੀਆਂ ਨੇ ਸਵੀਕਾਰ ਕਰ ਲਿਆ ਸੀ ਕਿ ਲੋਕਾਂ ਨੂੰ ਸਰਕਾਰ ਵੱਲੋਂ ਪ੍ਰਚਾਰੀ ਨਵੀਂ ਫਿਲਾਸਫ਼ੀ ਹੇਠ ਲੁਕੇ ਝੂਠ, ਸੋਨੇ ਦੀਆਂ ਚੇਨਾਂ ਅਤੇ ਵਧੀਆ ਸੂਟਾਂ ਹੇਠ ਲੁਕੇ ਕਪਟ, ਨਕਲੀ ਮੁਸਕਾਨਾਂ ਅਤੇ ਧਾਰਮਿਕ ਸੱਚਾਈਆਂ ਦੇ ਰੂਪ ਵਿਚ ਲਪੇਟੇ ਪ੍ਰਚਾਰ ਦੀ ਅਸਲੀਅਤ ਜ਼ਾਹਰ ਹੋ ਗਈ ਹੈ।’ ਉਸਦੀ ਨਾਬਰੀ ਕਈ ਰੂਪਾਂ ਵਿਚ ਦਿਸਦੀ ਹੈ। ਬਸਤੀਵਾਦ, ਕੀਨੀਆ ਦੀ ਅਜ਼ਾਦੀ ਦਾ ਸੰਘਰਸ਼ ਅਤੇ ਪੂਰਬੀ ਅਫ਼ਰੀਕਾ ਦੀ ਮਸ਼ਹੂਰ ਮਾਉ-ਮਾਉ ਲਹਿਰ ਦਾ ਉਭਾਰ ਉਸਦੇ ਮਨ-ਭਾਉਂਦੇ ਵਿਸ਼ੇ ਹਨ। ਨਾਟਕ ‘ਡੈੱਥ ਆਫ਼ ਦੀਦਾਨ ਕਮਾਥੀ’ ਵਿੱਚੋਂ ਮਾਉ-ਮਾਉ ਦੇ ਇਸ ਮਹਾਨ ਸ਼ਹੀਦ ਦੇ ਦੀਦਾਰ ਹੋਏ। ਭਾਵੇਂ ਕਮਾਥੀ ਹਿੰਸਾਵਾਦੀਆਂ ਦਾ ਲੀਡਰ ਸੀ ਅਤੇ ਮੈਂ ਅਹਿੰਸਾਵਾਦੀ ਮੱਖਣ ਸਿੰਘ ਉੱਤੇ ‘ਮੁੰਗੂ ਕਾਮਰੇਡ’ ਦੀ ਰਚਨਾ ਕਰ ਰਿਹਾ ਸੀ, ਫਿਰ ਵੀ ਥਿਆਂਗੋ ਦਾ ਨਾਟਕ ਖਿੱਚ ਪਾਉਂਦਾ ਸੀ। ਇਸਦਾ ਦੂਜਾ ਕਾਰਨ ਵੀ ਸੀ। ਕਿਮਾਥੀ ਦੀ ਹਿਰਾਸਤ ਦੌਰਾਨ ਉਸਦੀ ਸਾਥਣ ਨੇ ਕ੍ਰਾਂਤੀਕਾਰੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਗਾਂਹ ਤੋਰਿਆ। ਦਰਅਸਲ, ਔਰਤਾਂ ਦੀ ਕੀਨਿਆਈ ਸਮਾਜ ਅਤੇ ਸਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ। ਉਂਜ ਵੀ ਥਿਆਂਗੋ ਦੀਆਂ ਚਾਰ ਮਾਵਾਂ ਸਨ ਅਤੇ ਉਹ ਆਪਣੇ ਪਿਤਾ ਦੀ ਤੀਸਰੀ ਬੀਵੀ ਦਾ ਪੁੱਤਰ ਸੀ। ਮੈਨੂੰ ਜਾਪਦੈ ‘ਮੁੰਗੂ ਕਾਮਰੇਡ’ ਦੀ ਪਾਤਰ ਅਟੀਨੋ ਅਚੇਤ ਰੂਪ ਵਿਚ ਥਿਆਂਗੋ ਦੇ ਪ੍ਰਭਾਵ ਨਾਲ ਮੇਰੇ ਅੰਦਰ ਆਈ ਸੀ। ਨਾਟਕ ਵਿਚ ਉਹ ਮਾਉ-ਮਾਉ ਲਹਿਰ ਨਾਲ ਸੰਬੰਧਿਤ ਤੇ ਮੱਖਣ ਸਿੰਘ ਨੂੰ ਚਾਹੁਣ ਵਾਲੀ ਦਿਖਾਈ ਗਈ ਹੈ। ਯਾਦਾਂ ਦੀ ਇਕ ਹੋਰ ਕਿਤਾਬ ‘ਡਰੀਮਜ਼ ਇਨ ਟਾਈਮ ਆਫ਼ ਵਾਰ’ ਵਿਚ ਉਹ ਲਿਖਦਾ ਹੈ ਕਿ ਉਸਦੇ ਬਾਪ ਨੇ ਆਪਣੀਆਂ ਚਾਰਾਂ ਜਿਊਂਦੀਆਂ ਪਤਨੀਆਂ ਨੂੰ ਇਕੋ ਘਰ ਵਿਚ ਰੱਖਿਆ ਹੋਇਆ ਸੀ ਤੇ ਸਭ ਦੇ ਬੱਚੇ ਉਨ੍ਹਾਂ ਸਾਰੀਆਂ ਨੂੰ ਮਾਂ ਕਹਿਕੇ ਹੀ ਬੁਲਾਉਂਦੇ ਸਨ। ਸਭ ਤੋਂ ਛੋਟੀ ਰੱਖਿਆ ਮੰਤਰੀ ਵਾਂਗ ਸੀ: ਬੜਬੋਲੀ ਸੀ ਤੇ ਕਿਸੇ ਵੀ ਬਾਹਰਲੇ ਬੰਦੇ ਨੂੰ ਘਰ ਦੇ ਕਿਸੇ ਮੈਂਬਰ ਖਿਲਾਫ਼ ਕੁਸਕਣ ਨਹੀਂ ਸੀ ਦੇਂਦੀ। ਤੀਜੇ ਨੰਬਰ ’ਤੇ ਗੁੱਗੀ ਦੀ ਮਾਂ ਸੀ; ਸੂਝਵਾਨ, ਸੰਜੀਦਾ ਅਤੇ ਘਰ ਦੇ ਕੰਮਾਂ ਵਿਚ ਚੁਸਤ ਹੋਣ ਕਰਕੇ ਕੰਮ-ਕਾਜ ਮੰਤਰੀ ਸੀ। ਤੀਸਰੀ ਮਾਂ ਠੰਢੇ-ਸ਼ਾਂਤ ਸੁਭਾਅ ਵਾਲੀ ਅਮਨ-ਮੰਤਰੀ ਸੀ। ਗੁੱਗੀ ਆਪਣੀ ਸਭ ਤੋਂ ਵੱਡੀ ਮਾਂ ਨੂੰ ਬਹੁਤ ਯਾਦ ਕਰਦਾ ਹੈ ਜਿਹੜੀ ਸੂਝਵਾਨ, ਅਨੁਭਵੀ ਅਤੇ ਚਿੰਤਕ ਕਿਸਮ ਦੀ ਗੰਭੀਰ ਔਰਤ ਸੀ। ਘਰਵਾਲਾ ਵੀ ਉਸਦੀ ਘੂਰੀ ਦੀ ਕਦਰ ਕਰਦਾ ਸੀ। ਲੇਖਕ ਅਨੁਸਾਰ ਉਹ ਸਭਿਆਚਾਰ ਮੰਤਰੀ ਸੀ ਜਿਸਦੀਆਂ ਸੁਣਾਈਆਂ ਲੋਕ-ਕਹਾਣੀਆਂ ਬੱਚਿਆਂ ਨੂੰ ਬਹੁਤ ਪਸੰਦ ਸਨ। ਸਾਰੇ ਬੱਚੇ ਅਤੇ ਕਈ ਵੱਡੇ ਰੋਜ਼ ਸ਼ਾਮ ਨੂੰ ਉਸਦੀ ਕੁਟੀਆ ਵਿਚ ਇਕੱਠੇ ਹੁੰਦੇ ਅਤੇ ਅਗਲੇ ਦਿਨ ਉਸ ਕਹਾਣੀ ਨੂੰ ਆਪੋ-ਆਪਣੇ ਢੰਗ ਨਾਲ ਦੁਹਰਾਉਂਦੇ। ਪਰ ਵੱਡੀ ਮਾਂ ਵਾਲੀ ਗੱਲ ਨਹੀਂ ਸੀ ਬਣਦੀ। ਉਹ ਕਹਿੰਦੀ, ‘‘ਜੇ ਤੁਸੀਂ ਇਕ-ਦੂਜੇ ਲਈ ਪਿਆਰ-ਸਤਿਕਾਰ ਨਹੀਂ ਰੱਖੋਗੇ ਤਾਂ ਕਹਾਣੀ ਰੁੱਸ ਕੇ ਚਲੇ ਜਾਵੇਗੀ। ਸਾਰੇ ਬੱਚੇ ਅਗਲੇ ਦਿਨ ਕਹਾਣੀ ਸੁਣਨ ਵਾਸਤੇ ਚੰਗੇ ਵਰਤਾਉ ਦਾ ਵਾਅਦਾ ਕਰਦੇ।’’ ਮਾਵਾਂ ਨੇ ਗੁੱਗੀ ਦੇ ਮਨ ਵਿਚ ਔਰਤਾਂ ਲਈ ਕਦਰ ਪੈਦਾ ਕੀਤੀ। ਉਹ ਕਹਿੰਦਾ ਹੈ ਕਿ ਮਰਦਾਂ ਨੇ ਔਰਤਾਂ, ਗੋਰਿਆਂ ਨੇ ਕਾਲਿਆਂ, ਜ਼ਿਮੀਦਾਰਾਂ ਨੇ ਹੀਣਿਆਂ ਤੇ ਸਰਮਾਏਦਾਰਾਂ ਨੇ ਕਾਮਿਆਂ ਨੂੰ ਦਬਾ ਕੇ ਰੱਖਿਆ; ਨਤੀਜੇ ਵਜੋਂ ਅਫ਼ਰੀਕਨ ਔਰਤਾਂ ਸਭ ਤੋਂ ਵੱਧ ਮਜ਼ਲੂਮ ਹਨ।
ਥਿਆਂਗੋ ਨੇ ਬਚਪਨ ਵਿਚ ਆਪਣੀਆਂ ਮਾਵਾਂ ਕੋਲੋਂ ਇਲਾਕਾਈ ਬੋਲੀ ਗਿਕਿਯੂ ਸਿੱਖੀ ਸੀ ਪਰ ਫ਼ਰੰਗੀਆਂ ਨੇ ਆਪਣੀ ਬੋਲੀ ਅਤੇ ਸਭਿਆਚਾਰ ਦਾ ਗ਼ਰੀਬਾਂ ਉੱਤੇ ਦਾਬਾ ਬਣਾਇਆ ਸੀ। ਉਨ੍ਹਾਂ ਨੂੰ ਘਟੀਆ ਅਤੇ ਪੱਛੜੇ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਉਹ ਦੇਖਦਾ ਸੀ ਕਿ ਜਿਹੜੇ ਬੱਚੇ ਮਾਂ-ਬੋਲੀ ਬੋਲਦੇ ਸਨ ਉਨ੍ਹਾਂ ਦੇ ਗਲ ਵਿਚ ਤਖ਼ਤੀ ਲਟਕਾ ਦੇਂਦੇ ਸਨ: ‘ਮੈਂ ਗਧਾ ਹਾਂ’ ਜਾਂ ‘ਮੈਂ ਮੂਰਖ ਹਾਂ’। ਇਸੇ ਦਾਬੇ ਅਤੇ ਸਰਕਾਰੀ ਸਮਰਥਨ ਕਰਕੇ ਗੋਰਿਆਂ ਨੇ ਹੌਲੀ-ਹੌਲੀ ਅਫ਼ਰੀਕਨਾਂ ਦੀਆਂ ਜ਼ਮੀਨਾਂ ਵੀ ਖੋਹ ਲਈਆਂ ਸਨ। ਥਿਆਂਗੋ ਦਾ ਪਿਤਾ ਖਾਂਦਾ-ਪੀਂਦਾ ਆਦਮੀ ਸੀ। ਪਰ ਉਸਦੀ ਜ਼ਮੀਨ ਨਾਲ ਵੀ ਇਹੋ ਕੁਝ ਵਾਪਰਿਆ। ਥਿਆਂਗੋ ਇਸ ਨਤੀਜੇ ’ਤੇ ਪਹੁੰਚਿਆ ਕਿ ਦਰਅਸਲ ਅਸਲੀ ਗ਼ੁਲਾਮੀ ਬੰਦੇ ਦੀ ਮਾਨਸਿਕਤਾ ਵਿਚ ਪਈ ਹੁੰਦੀ ਹੈ ਅਤੇ ਬ੍ਰਿਟਿਸ਼ ਰਾਜ ਅਫ਼ਰੀਕੀਆਂ ਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਬਣਾਉਣ ਵਿਚ ਕਾਮਯਾਬ ਸੀ। ਥਿਆਂਗੋ ਨੇ ਇਸ ਵਿਰੁੱਧ ਆਪਣੇ ਜੀਵਨ ਅਤੇ ਵਿਚਾਰਾਂ ਵਿਚ ਵੱਡੇ ਕਦਮ ਚੁੱਕੇ। ਉਸਨੇ ਆਪਣਾ ਨਾਮ ਜੇਮਜ਼ ਥਿਆਂਗੋ ਤੋਂ ਬਦਲ ਕੇ ਕਬੀਲਾਈ ਪਰੰਪਰਾ ਅਨੁਸਾਰ ਗੁੱਗੀ ਵਾ ਥਿਆਂਗੋ ਕਰ ਲਿਆ ਭਾਵ ‘ਥਿਆਂਗੋ ਦਾ ਪੁੱਤਰ ਗੁੱਗੀ’। ਉਸਨੇ ਅੰਗਰੇਜ਼ੀ ਕਮੀਜ਼ਾਂ ਨੂੰ ਛੱਡ ਕੇ ਸਥਾਨਕ ਪਰੰਪਰਾਵਾਂ ਵਾਲੇ ਗੂੜ੍ਹੇ ਰੰਗਾਂ ਵਾਲੇ ਝੱਗੇ ਪਾਉਣੇ ਸ਼ੁਰੂ ਕਰ ਦਿੱਤੇ। ਪਰ ਸਭ ਤੋਂ ਕ੍ਰਾਂਤੀਕਾਰੀ ਪ੍ਰਗਟਾਵਾ ਸੀ ਉਸਦੀ ਪੁਸਤਕ ‘ਡੀਕਾਲੋਨਾਈਜ਼ਿੰਗ ਦਿ ਮਾਈਂਡ: ਦਿ ਪਾਲਿਟਿਕਸ ਆਫ਼ ਲੈਂਗੂਏਜ ਇਨ ਅਫ਼ਰੀਕਨ ਲਿਟਰੇਚਰ’ (1986) ਜਿਸ ਵਿਚ ਉਸਨੇ ਇਹ ਸਥਾਪਿਤ ਕੀਤਾ ਕਿ ਜਦ ਤਕ ਸਾਡਾ ਦਿਮਾਗ਼ ਬਸਤੀਵਾਦ ਤੋਂ ਮੁਕਤ ਨਹੀਂ ਹੁੰਦਾ ਤਦ ਤਕ ਰਾਜ ਭਾਵੇਂ ਕੋਈ ਕਰੇ, ਅਸੀਂ ਗ਼ੁਲਾਮ ਰਹਿੰਦੇ ਹਾਂ। ਤਾਨਾਸ਼ਾਹ ਦੀ ਜ਼ੁਬਾਨ ਵਿਚ ਲਿਖ ਕੇ ਅਸੀਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦੇ। ਉਸ ਅਨੁਸਾਰ ਜਦੋਂ ਕੋਈ ਵਿਦੇਸ਼ੀ ਬੋਲੀ ਵਿਚ ਲਿਖਦਾ ਹੈ ਤਾਂ ਉਹ ਨਵ-ਬਸਤੀਵਾਦ ਦੀ ਗ਼ੁਲਾਮੀ ਵਾਲੀ ਡਰੂ ਮਾਨਸਿਕਤਾ ਨੂੰ ਚੰਬੜਿਆ ਰਹਿੰਦਾ ਹੈ। ਉਸ ਅਨੁਸਾਰ, ‘‘ਜਿਹੜੇ ਰਾਜਸੀ ਲੋਕ ਇਹ ਕਹਿੰਦੇ ਹਨ ਕਿ ਅਫ਼ਰੀਕਾ ਦਾ ਸਰਮਾਏਦਾਰੀ ਤੋਂ ਬਿਨਾ ਗੁਜ਼ਾਰਾ ਨਹੀਂ ਉਨ੍ਹਾਂ ਦਾ ਅਜਿਹੇ ਲੇਖਕਾਂ ਤੋਂ ਕੀ ਫ਼ਰਕ ਹੈ ਜਿਹੜੇ ਸਮਝਦੇ ਹਨ ਕਿ ਯੂਰਪੀਨ ਬੋਲੀਆਂ ਤੋਂ ਬਿਨਾ ਜ਼ਿੰਦਗੀ ਨਹੀਂ ਚੱਲ ਸਕਦੀ?’’ ਏਸੇ ਲਈ ਗੁੱਗੀ ਨੇ ਜੇਲ੍ਹ ’ਚ ਰਹਿੰਦਿਆਂ ਇਹ ਫ਼ੈਸਲਾ ਕੀਤਾ ਸੀ ਕਿ ਅਗਾਂਹ ਤੋਂ ਉਹ ਆਪਣੀਆਂ ਸਾਰੀਆਂ ਰਚਨਾਵਾਂ ਗਿਕਿਯੂ ਵਿਚ ਲਿਖੇਗਾ ਜਿਨ੍ਹਾਂ ਦਾ ਬਾਅਦ ਵਿਚ ਅੰਗਰੇਜ਼ੀ ਅਨੁਵਾਦ ਹੋਵੇਗਾ। ਏਥੇ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ 1981 ਤੋਂ ਬਾਅਦ ਉਹ ਅੰਗਰੇਜ਼ੀ ਬੋਲਣ ਵਾਲੇ ਦੇਸਾਂ ਵਿਚ ਕਿਉਂ ਰਿਹਾ, ਪਹਿਲਾਂ ਇੰਗਲੈਂਡ ਅਤੇ ਮਗਰੋਂ ਅਮਰੀਕਾ ਵਿਚ? ਉੱਥੇ ਉਸਨੇ ਯੇਲ, ਨਾਰਥਵੈਸਟਰਨ ਅਤੇ ਨਿਊ ਯਾਰਕ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਅਤੇ ਅਖ਼ੀਰ ਯੂਨੀਵਰਸਟੀ ਆਫ਼ ਕੈਲੀਫੋਰਨੀਆ (ਇਰਵਾਈਨ) ਵਿਚ ਇੰਟਰਨੈਸ਼ਨਲ ਸੈਂਟਰ ਫਾਰ ਰਾਈਟਿੰਗ ਐਂਡ ਟਰਾਂਸਲੇਸ਼ਨ ਸਥਾਪਿਤ ਕੀਤਾ। ਪਰ ਗੁੱਗੀ ਇਸ ਵਿਚ ਕੋਈ ਵਿਰੋਧ ਨਹੀਂ ਦੇਖਦਾ। ਉਹ ਸਪਸ਼ਟ ਕਹਿੰਦਾ ਹੈ ਕਿ ਉਸਦਾ ਕਿਸੇ ਵੀ ਭਾਸ਼ਾ ਨਾਲ ਝਗੜਾ ਨਹੀਂ ਹੈ। ਉਹ ਸਿਰਫ਼ ਬੋਲੀਆਂ ਦੀ ਦਰਜਾਬੰਦੀ ਅਤੇ ਦਾਬੇ ਦੇ ਖ਼ਿਲਾਫ਼ ਹੈ। ਦਬਦਬਾ ਗ਼ੁਲਾਮੀ ਪੈਦਾ ਕਰਦਾ ਹੈ। ਉਹ ‘ਡੀਕਾਲੋਨਾਈਜ਼ਿੰਗ ਦਿ ਮਾਈਂਡ’ ਵਿਚ ਲਿਖਦਾ ਹੈ ਕਿ ‘‘ਉਦੋਂ ਕਿਸੇ ਵੀ ਵਿਵਸਥਾ ਦੀ ਅੰਤਮ ਜਿੱਤ ਹੋ ਜਾਂਦੀ ਹੈ ਜਦੋਂ ਅਧੀਨਗੀ ਵਿਚ ਰਹਿਣ ਵਾਲੇ ਅਧੀਨ ਕਰਨ ਵਾਲਿਆਂ ਦੇ ਸੋਹਲੇ ਗਾਉਣ ਲੱਗਦੇ ਹਨ।’’ ਸ਼ਾਇਦ ਇਹੋ ਕਾਰਨ ਹੈ ਕਿ ਉਹ ਹਮੇਸ਼ਾ ਦੇਸੀ ਕਮੀਜ਼ਾਂ ਪਾਉਂਦਾ ਸੀ ਭਾਵੇਂ ਉਸਦੀਆਂ ਪੈਂਟਾਂ ਅੰਗਰੇਜ਼ੀ ਸਨ। ਉਹ ਇਹ ਵੀ ਕਹਿੰਦਾ ਕਿ ‘‘ਮੈਂ ਸਾਹਿਤਕ ਪਰਵਾਸੀ ਹਾਂ ਮੈਨੂੰ ਆਪਣੀ ਮਾਂ-ਬੋਲੀ ਦੀ ਖੋਜ ਲਈ ਉਸ ਤੋਂ ਦੂਰ ਜਾਣਾ ਪਿਆ।’’
ਕੀਨੀਆ ਛੱਡਣ ਤੋਂ ਬਾਅਦ ਵੀ ਉਸ ਉੱਤੇ ਦੋ ਵਾਰ ਜਾਨਲੇਵਾ ਹਮਲੇ ਹੋਏ। ਜੋਮੋ ਕਨਿਆਟਾ ਦੇ ਜਾਨਸ਼ੀਨ ਪ੍ਰਧਾਨ ਡੇਨੀਅਲ ਮੋਈ ਨੇ 1986 ਵਿਚ ਉਸਨੂੰ ਮਾਰਨ ਲਈ ਜ਼ਿੰਬਾਬਵੇ ਦੇ ਹੋਟਲ ਵਿਚ ਬੰਦੇ ਭੇਜੇ ਸਨ ਪਰ ਉੱਥੋਂ ਦੀ ਸਰਕਾਰ ਚੌਕਸ ਸੀ। 2004 ਵਿਚ ਜਦੋਂ ਉਹ ਕੀਨੀਆ ਗਿਆ ਤਾਂ ਉਸਨੂੰ ਕੁੱਟਿਆ ਗਿਆ ਅਤੇ ਪਤਨੀ ਦੀ ਪੱਤ ਰੋਲਣ ਦੀ ਕੋਸ਼ਿਸ਼ ਹੋਈ। ਉਹ ਦੱਸਦਾ ਹੈ ਕਿ ਪਹਿਲੇ ਪ੍ਰਧਾਨ ਜੋਮੋ ਕਨਿਆਟਾ ਨੇ ਉਸਨੂੰ ਜੇਲ੍ਹ ਭੇਜਿਆ, ਦੂਜੇ ਕਾਰਨ ਉਹਨੇ ਦੇਸ਼ ਛੱਡਿਆ ਤੇ ਫੇਰ ਤੀਸਰੇ ਨੇ 2015 ਵਿਚ ਸੱਦ ਕੇ ਇੱਜ਼ਤ ਬਖ਼ਸ਼ੀ। ਇਹ ਤੀਸਰਾ ਜੋਮੋ ਕਨਿਆਟਾ ਦਾ ਪੁੱਤਰ ਸੀ। ਇਸ ਤਰ੍ਹਾਂ ਲਗਦਾ ਹੈ ਉਹ ਬਾਪ ਦੀਆਂ ਜ਼ਿਆਦਤੀਆਂ ਦੀ ਮਾਫ਼ੀ ਮੰਗ ਰਿਹਾ ਸੀ। ਇਸ ਗੱਲ ਨੂੰ ਗੁੱਗੀ ਬਹੁਤ ਭਾਵਪੂਰਤ ਸ਼ਬਦਾਂ ਵਿਚ ਇਉਂ ਸਮੇਟਦਾ ਹੈ: ‘‘ਮੈਂ ਕਥਾਵਾਂ ਲਿਖਦਾ ਰਹਾਂਗਾ। ਜ਼ਿੰਦਗੀ ਵੀ ਤਾਂ ਆਖ਼ਰ ਇਕ ਲੰਬੀ ਜਾਦੂਮਈ ਕਹਾਣੀ ਹੈ।’’ ਜਾਦੂਗਰ ਗੁੱਗੀ ਮੇਰੇ ਲਈ ਖ਼ਾਸ ਸੀ। ਉਸਨੇ ‘ਮੁੰਗੂ ਕਾਮਰੇਡ’ ਦੀ ਪ੍ਰਸ਼ੰਸਾਮਈ ਭੂਮਿਕਾ ਲਿਖੀ। ਇਸ ਸੰਬੰਧੀ ਉਸਨੇ ਕਈ ਈਮੇਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਉਸਨੇ ਲਿਖਿਆ ਸੀ, ‘‘ਮੈਨੂੰ ਨਾਟਕ ਪਸੰਦ ਆਇਆ ਹੈ। ਇਸਦਾ ਆਯਾਮ ਮਹਾਂ-ਕਾਵਿਕ ਹੈ। ਮੱਖਣ ਸਿੰਘ ਦੀ ਕਹਾਣੀ ਕੀਨੀਆ ਦੀ ਕਹਾਣੀ ਹੈ।’’ ਉਸਨੇ ਭੂਮਿਕਾ ਵਿਚ ਵੀ ਮੇਰੇ ਨਾਇਕ ਮੱਖਣ ਸਿੰਘ ਦੀ ਭਰਪੂਰ ਸਿਫ਼ਤ ਕੀਤੀ ਅਤੇ ਆਪਣੀ ਮਾਂ ਦੀ ਗੱਲ ਦੁਹਰਾਈ ਕਿ ‘‘ਹਿੰਦੁਸਤਾਨ ਦਾ ਇਹ ਮਸੀਹਾ ਕਹਿੰਦਾ ਹੈ ਕਿ ਮੁਲਕ ਜਲਦੀ ਆਜ਼ਾਦ ਹੋ ਜਾਵੇਗਾ।’’ ਗੁੱਗੀ ਨੇ ਮੈਨੂੰ ਦੱਸਿਆ ਕਿ ਲੋਕ ਉਸਨੂੰ ‘ਮੁੰਗੂ’ ਜਾਂ ‘ਰੱਬ’ ਨਹੀਂ, ‘ਮਸੀਹਾ’ ਕਹਿੰਦੇ ਸਨ। ਮੈਂ ਜਿੱਥੋਂ ਇਹ ਗੱਲ ਪੜ੍ਹੀ ਸੀ ਉਸ ਵਿਚ ਮਸੀਹਾ ਦਾ ਗ਼ਲਤ ਅਨੁਵਾਦ ਛਾਪਿਆ ਗਿਆ ਸੀ। ਇਸੇ ਲਈ ਹਿੰਦੀ ਵਿਚ ਨਾਟਕ ਦਾ ਨਾਂ ‘ਲਾਲ ਮਸੀਹਾ’ ਹੈ। ਉਸਨੇ ਮੈਨੂੰ ਹੋਰ ਵੀ ਕਈ ਸ਼ਬਦ ਸੁਝਾਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੜ੍ਹਨ ਤੋਂ ਬਾਅਦ ਇਹ ਉਸਦਾ ਨਾਟਕ ਬਣ ਗਿਆ ਸੀ। ਮੇਰੇ ਵੱਲੋਂ ਸਾਹਿਤ ਦੇ ਇਸ ਮਸੀਹਾ ਨੂੰ ਦਿਲੀ ਸ਼ਰਧਾ ਵਾਲੀ ਅਲਵਿਦਾ!