ਨਿੱਜੀ ਪੱਤਰ ਪ੍ਰੇਰਕਧੂਰੀ, 7 ਜੂਨਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਕਿਉਂਕਿ ਵਾਧੂ ਸਮਾਂ ਲੈਣ ਕਰ ਕੇ ਇਸ ਨਾਲ ਜਿਥੇ ਪਾਣੀ ਦੀ ਵੱਧ ਖਪਤ ਅਤੇ ਕੀੜੇਮਾਰ ਦਵਾਈਆਂ/ਖਾਦਾਂ ਦਾ ਖਰਚਾ ਜ਼ਿਆਦਾ ਹੁੰਦਾ ਹੈ, ਉੱਥੇ ਇਨ੍ਹਾਂ ਕਿਸਮਾਂ ਦੀ ਪਰਾਲੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਕਿਸਾਨ ਵੱਲੋਂ ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ ਟਰਾਂਸਪਲਾਂਟਿੰਗ ਕੀਤੀ ਗਈ ਤਾਂ ਇਸ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਕਰਕੇ ਕਿਸਾਨ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ ਟਰਾਂਸਪਲਾਂਟਿੰਗ ਨਾ ਕਰਨ। ਡਿਪਟੀ ਕਮਿਸ਼ਨਰ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਮੱਕੀ ਦੀ ਫ਼ਸਲ ਬੀਜਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਬਸਿਡੀ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਧਿਕਾਰੀ, ਬਲਾਕ ਖੇਤੀਬਾੜੀ ਅਫ਼ਸਰ ਅਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।